

ਦੋਹਿਰਾ॥
ਭੁੱਖ ਜਿਨ੍ਹਾਂ ਨੂੰ ਜੀਉਣ ਦੀ ਦੇਖ ਮੌਤ ਡਰ ਜਾਣ।
ਜੋ ਜੀਉਂਦੇ ਹੀ ਮਰ ਰਹੇ, ਸੋ ਕਿਉਂ ਸ਼ੋਕ ਮਨਾਣ?
ਅਨੀਤੀ ਤੇ ਪਾਪ ਦੀ ਨਦੀ ਦੇ ਉਛਾਲੇ
ਨਾ ਚਿਤ ਚੇਤਾ ਬੀਰ ਨੂੰ ਨਾ ਸਾਰ ਕੋਈ ਮੂਲ ਸੀ।
ਅਣਗੇਣਵੀਂ ਬੇਵਕਤ ਅੱਚਨਚੇਤ ਵਿਪਦਾ ਆ ਪਈ।
ਤੁਰਕੀ ਸਿਪਾਹੀਆਂ ਬੈਠਿਆਂ ਨੂੰ ਆਣ ਕੜੀਆਂ ਮਾਰੀਆਂ।
ਸਭ ਸੋਚੀਆਂ ਹੀ ਰਹਿ ਗਈਆਂ, ਹੁਣ ਪੰਥ ਸੇਵਾ ਸਾਰੀਆਂ।
ਪਿਖ ਸਹਿਮ ਘੱਤੀ ਅੰਮੜੀ ਅਰ ਭੈਣ ਦਾ ਦਿਲ ਧੜਕਿਆ।
ਇਸ ਚਾਣਚੱਕੀ ਬਿੱਜ ਨੂੰ ਪਿਖ ਦੁੱਖ ਭਾਂਬੜ ਭੜਕਿਆ।
ਪਰ ਸ਼ੇਰ ਨਿਰਭੈ ਡੋਲਿਆ ਨਾ ਕੰਬਿਆ ਨਾ ਘੁਰਕਿਆ।
ਮਾਂ ਭੈਣ ਨੂੰ ਦਿਲਬਰੀ ਦਿੱਤੀ ਨਾਲ ਉੱਠ ਕੇ ਤੁਰ ਪਿਆ।
ਰਸਤੇ ਦੇ ਵਿੱਚ ਕਲੇਸ਼ ਦੇ ਦੇ ਤੁਰਕ ਚਿੱਤ ਸਤਾਉਂਦੇ।
ਪਰ ਸਿੰਘ ਹੋਰੀਂ ਸ਼ਾਂਤ ਹੋਏ ਜੀਉ 'ਤੇ ਨਹੀਂ ਲਿਆਉਂਦੇ।
ਲਾਹੌਰ ਦੇ ਨਵਾਬ ਦੀ ਕਚਹਿਰੀ
ਲਾਹੌਰ ਦੇ ਵਿਚ ਆਣ ਪਹੁੰਚੇ ਧਰਮ ਮਦ ਮਤਵਾਲੜੇ।
ਦਰਬਾਰ ਦੇ ਵਿਚ ਪੇਸ਼ ਹੋਏ ਪਾਸ ਸੂਬੇ ਸਾਹਬ ਦੇ।
ਦਰਬਾਰ ਅੰਦਰ ਵੜਦਿਆਂ ਹੁਣ ਸਿੰਘ ਜੀ ਲਲਕਾਰਿਆ।
ਅਰ ਸਤਿ ਸ੍ਰੀ ਅਕਾਲ ਦਾ ਜੈਕਾਰ ਗੱਜ ਉਚਾਰਿਆ।
ਇਸ ਗਰਜ ਨੇ ਭੁੰਚਾਲ ਵਾਂਗਰ ਸਭਸ ਨੂੰ ਕੰਬਾਇਆ।
ਅਰ ਤੁਰਕ ਸਾਰੇ ਬੈਠਿਆਂ ਦੇ ਛੇਕ ਸੀਨੇ ਪਾਇਆ।
ਸੂਬਾ ਗਰਬ ਦਾ ਮੱਤਿਆ ਸੁਣ ਬੋਲ ਨੂੰ ਸੜ ਬਲ ਗਿਆ।
ਅਰ ਗਰਜ ਸੁਣ ਕੇ ਕਾਲਜਾ ਕੁਝ ਚਿਰ ਲਈ ਤਾਂ ਹੱਲ ਗਿਆ।
ਪਰ ਫੇਰ ਸੰਭਲ ਬੈਠ ਕੇ ਮੱਥੇ 'ਤੇ ਵੱਟ ਚੜ੍ਹਾਉਂਦਾ।
ਪੱਥਰੀ 'ਤੇ ਲਾ ਕੇ ਜੀਭ ਕੈਂਚੀ ਕੱਟਣੇ ਨੂੰ ਧਾਉਂਦਾ।
ਕੁੰਡਲੀਆ॥
ਸੂਬਾ ਕਹਿੰਦਾ ਝਿੜਕ ਕੇ ਕਿਉਂ ਉਇ ਕਾਫਰ ਦੱਸ?
ਕਰਕੇ ਨਾ ਫਰਮਾਨੀਆਂ ਕਿਥੇ ਜਾਸੇਂ ਨੱਸ।
ਕਿਥੇ ਜਾਸੇਂ ਨੱਸ ਵੱਸ ਹੁਣ ਪੈਸੇ ਮੇਰੇ।
ਦੇਵਾਂਗਾ ਟੰਗਵਾਇ ਡੱਕਰੇ ਕਰ ਕੇ ਤੇਰੇ।