

ਤੇਰੇ ਗੁਰੂ ਨੌਵੇਂ ਕੀਤੀ ਰੱਛਿਆ ਹੈ ਦੁਖੀਆਂ ਦੀ,
ਹਿੰਦੂ ਨੂੰ ਬਚਾਇ ਸੀਸ ਆਪਣਾ ਹੈ ਵਾਰਿਆ।
ਤੇਰਾ ਗੁਰੂ ਦਸਵਾਂ ਗੋਬਿੰਦ ਸਿੰਘ ਸੂਰਮਾ ਹੈ,
'ਪਿਤਾ' ‘ਪੂਤ ਚਾਰ' ਵਾਰ ‘ਤੈਨੂੰ ਹੈ ਸਵਾਰਿਆ'।
ਚਾਰੇ ਜੋ 'ਸਪੂਤ ਗੁਰ' ਤੇਰੇ ਭਾਰੇ ਬੀਰ ਵੀਰਾ,
ਕੂਲੀ ਕੂਲੀ ਜਾਨਾਂ ਤੇਰੀ ਖਾਤਰ ਦਿਵਾਈਆਂ।
'ਅਜੀਤ' ਤੇ 'ਜੁਝਾਰ' ‘ਜ਼ੋਰਾਵਰ' ਅਤੇ ‘ਫਤਹਿ’ ਚਾਰ,
ਚਾਰੇ ਬੀਰ ਚਾਰੇ ਨਾਮ, ਚਾਰੇ ਸੀ ਵਿਖਾਈਆਂ।
'ਪੰਜ ਜੋ ਪਿਆਰੇ' ਤੇਰੇ ਸੀਸ ਧਰੇ ਤਲੀਆਂ 'ਤੇ,
ਅਜੇ ਤੀਕ ਖਾਵਨਾਂ ਤੂੰ ਜਿਨ੍ਹਾਂ ਦੀ ਕਮਾਈਆਂ।
'ਚਾਲੀ ਤੇਰੇ ਮੁਕਤੇ' ਸ਼ਹੀਦ ਜਿਨ੍ਹਾਂ ਲੱਖ ਜਾਨਾਂ,
ਦੁਖੀ ਅਤੇ ਜ਼ਾਲਮਾਂ ਬਚਾਈਆਂ ਖਪਾਈਆਂ।
'ਮਨੀ ਸਿੰਘ' 'ਤਾਰੂ ਸਿੰਘ ਜੇਹੇ ਨੀ ਸ਼ਹੀਦ ਤੇਰੇ,
ਬੰਦ ਬੰਦ ਕਟਵਾਏ ਖੋਪਰੀ ਲਹਾਈਆਂ।
'ਦੀਪ ਸਿੰਘ' 'ਤਾਰਾ ਸਿੰਘ' ਤੇਰਾ ਹੈ 'ਮਤਾਬ ਸਿੰਘ,
ਸੂਰਮੇ ਬਹਾਦਰਾਂ ਨੇ ਤੇਗਾਂ ਸੀ ਚਲਾਈਆਂ।
'ਸੁਬੇਗ ਸਿੰਘ' 'ਮਤੀ ਰਾਮ' ਤੇਰਾ ਹੈਜ਼ 'ਸ਼ਾਹਬਾਜ ਸਿੰਘ',
ਚਰਖੜੀ 'ਤੇ ਚੜ੍ਹ ਅਤੇ ਦੇਹਾਂ ਚਿਰਵਾਈਆਂ।
ਤਕ ਕੇਡੇ ‘ਸੂਰਮੇ ਸ਼ਹੀਦ' ਤੇਰੇ ਖਾਲਸਾ ਜੀ!
ਜਿਨ੍ਹਾਂ ਨਿਜ 'ਰੱਤ' ਵੀਟ ਨਦੀਆਂ ਵਹਾਈਆਂ।
ਬੈਂਤ
ਹਾਏ ਖਾਲਸਾ ਵੇਖ ਬਜ਼ੁਰਗ ਤੇਰੇ,
ਤੇਰੇ ਵਾਸਤੇ ਦੁੱਖਾਂ ਨੂੰ ਝੱਲਿਆ ਜੀ।
ਜਾਨਾਂ ਵਾਰੀਆਂ ਪਿਆਰੀਆਂ ਘੋਲ ਤੈਥੋਂ,
ਸਦਕਾ ਜਿਨ੍ਹਾਂ ਦਾ ਅੱਜ ਤੂੰ ਫਲਿਆ ਜੀ।
ਤੇਰਾ ਪੰਥ ਸ਼ਹੀਦੀਆਂ ਨਾਲ ਭਰਿਆ,
ਨਿਰਾ ਰੱਤ ਦੇ ਨਾਲ ਤੂੰ ਪਲਿਆ ਜੀ।
ਹਾਏ ! ਸ਼ੋਕ ਜੇ ਅਜੇ ਵੀ ਵਿਚ,
ਤੇਰੇ ਭਾਂਬੜ ਪਯਾਰ ਦਾ ਭੜਕ ਨਾ ਬੋਲਿਆ ਜੀ।