

ਉਹ ਧਰਮ ਜਿਧੀ ਰੱਖਯਾ ਹਿਤ ਪਯਾਰੇ ਪਿਤਾ ਅਸਾਡੇ।
ਸੁਖ ਚੈਨ ਆਪਣੇ ਵਾਰ ਮਗਰ ਪੈ ਰਹੇ ਤੁਹਾਡੇ।
ਉਹ ਧਰਮ ਪਿਆਰਾ, ਅਸੀਂ ਕਿਸ ਤਰ੍ਹਾਂ ਤਜ ਸਕਦੇ ਹਾਂ?
ਫੜ ਬਾਂਹ ਦੇਸ਼ ਦੀ, ਪਿੱਛੇ ਕਿੱਧਰ ਭੱਜ ਸਕਦੇ ਹਾਂ।
ਜੋ ਖੇਤੀ ਸਾਡੇ ਵੱਡੇ ਵਡੇਰੇ ਬੀਜ ਗਏ ਹਨ।
ਅਰ ਜਿਸ ਨੂੰ ਸਾਡੇ ਪਿਤਾ ਪਿਆਰੇ ਸਿੰਜ ਰਹੇ ਹਨ।
ਉਹ ਸਤਯ ਧਰਮ ਦਾ ਬਾਗ਼ ਅਸੀਂ ਜੇ ਕੱਟ ਗਵਾਈਏ।
ਤਦ ਜੀਵਨ ਹੈ ਕਿਸ ਕੰਮ, ਕਿਉਂ ਨ ਫਿਰ ਮਰ ਹੀ ਜਾਈਏ?
ਇਹ ਮੌਤ ਛੱਤ੍ਰੀਆਂ ਵਿਚ ਖੁਸ਼ੀ ਦੀ ਮੌਤ ਕਹੀਦੀ।
ਡਰਦੇ ਹਨ ਇਸ ਤੋਂ ਸੁਖ ਦੇ ਲੋਭੀ, ਕਾਇਰ, ਗੀਦੀ।
ਸਾਡੇ ਤਾਂ ਵੱਡੇ ਵਡੇਰੇ ਬਲੀਆਂ ਚੜ੍ਹਦੇ ਆਏ।
ਅਰ ਸੱਤਯ ਧਰਮ ਦੀ ਖਾਤਰ ਆਪਣੇ ਪ੍ਰਾਣ ਘੁਮਾਏ।
ਅੱਜ ਅਸੀਂ ਭਿ ਜੇ ਬਲਿਦਾਨ ਧਰਮ ਤੋਂ ਹੋ ਜਾਵਾਂਗੇ।
ਤਦ ਧੰਨਯਭਾਗ ਕਹਿ ਸੁਖ ਦੀ ਨੀਂਦੇ ਸੌਂ ਜਾਵਾਂਗੇ।
ਛੋਟੇ ਛੋਟੇ ਹਨ ਸ੍ਰੀਰ ਜਿਗਰ ਪਰ ਬੜੇ ਬੜੇ ਹਨ।
ਇਹ ਸਮਝ ਰੱਖੋ ਦੋ ਸ਼ੇਰ ਤੁਹਾਡੇ ਪਾਸ ਖੜੇ ਹਨ।
ਦੋ ਦਿਨ ਦੇ ਜੀਵਨ ਹੇਤ ਸਦਾ ਦਾ ਧਰਮ ਸਹਾਈ।
ਸੁਪਨੇ ਵਿਚ ਭੀ ਨਾ ਏਸ ਧਰਮ ਦੀ ਹੋਗੁ ਜੁਦਾਈ।
ਜਦ ਤਕ ਕਾਇਮ ਰਹੇ ਸ੍ਰੀਰ ਵਿਚ ਜਾਨ ਰਹੇਗੀ।
ਤਦ ਤਕ ਇਹ ਸਿਰ ਦੇ ਨਾਲ ਧਰਮ ਦੀ ਆਣ ਰਹੇਗੀ।
ਸ਼ੇਰਾਂ ਦੇ ਬੱਚੇ ਘੇਰ ਜੇ ਸਯਾਰ ਬਣਾਏ ਚਾਹੋ।
ਅਨਹੋਣੀ ਹੈ ਇਹ ਬਾਤ ਖਯਾਲ ਇਹ ਦਿਲ ਤੋਂ ਲਾਹੋ।
ਹੁਣ ਓਹ ਦਿਹਾੜੇ ਗਏ ਜਦੋਂ ਤਲਵਾਰ ਵਿਖਾ ਕੇ।
ਲੈਂਦੇ ਸਓ ਧਰਮੋਂ ਡੇਗ ਮੌਤ ਦੀ ਮਿਰਗੀ ਪਾ ਕੇ।
ਹੁਣ ਗੁਰੂ ਗੋਬਿੰਦ ਦੇ ਸ਼ੇਰ ਜਗਤ ਪਰ ਜਾਗ ਪਏ ਹਨ।
ਅਰ ਦੇਸ਼ ਬਚਾਵਨ ਹੇਤ ਟਹਿਲ ਪਰ ਲਾਗ ਪਏ ਹਨ।
ਉਹ ਡੂੰਮ ਡਰਾਵੇ ਗਏ, ਦਾਲ ਹੁਣ ਨਹੀਂ ਗਲੇਗੀ।
ਬਲਬੀਰ ਖਾਲਸੇ ਪਾਸ ਪੇਸ਼ ਕੁਝ ਨਹੀਂ ਚਲੇਗੀ"।