ਫੁੱਲ ਜੋ ਸਿਹਰੇ ਵਿਚ ਪ੍ਰੋਤੇ ਹੋਏ ਕਿਸੇ ਸਾਈਂ ਲੋਕ ਦੇ ਗਲ ਪਏ ਸਨ, ਜਦ ਸਿਹਰਾ ਉਤਾਰਨਲੱਗੇ ਤਾਂ ਮਾਨੋਂ ਫੁੱਲਾਂ ਨੇ ਏਹ ਅਰਦਾਸ ਕੀਤੀ :-
ਸਾਨੂੰ ਨਾ ਉਤਾਰ ਗਲੋਂ,
ਸਾਨੂੰ ਨਾ ਵਿਸਾਰ ਦਿਲੋਂ,
ਸੱਟ ਨਾ ਉਤਾਰ ਸਾਨੂੰ,
ਤੇਰੇ ਬਿਨਾਂ ਸਾਡਾ ਕੌਣ ?
ਮਾਪਿਆਂ ਤੋਂ ਨਿਖੜ ਆਏ,
ਆਪਣਿਆਂ ਤੋਂ ਵਿਛੁੜ ਆਏ,
ਛੱਡ ਦੇਸ਼ ਵਤਨ ਆਏ,
ਨੀਵੀਂ ਕਰ ਆਏ ਧੌਣ ।
ਜਿੰਦ ਨੇਹੁੰ ਤੋੜ ਆਏ,
ਮੌਤ ਪ੍ਰੇਮ ਜੋੜ ਆਏ,
ਸੂਲੀ ਉੱਤੇ ਪੈਰ ਰੱਖ,
ਪੈਰ ਧਰੇ ਤੁਸਾਂ ਭੌਣ ।
ਕਿੰਨੇ ਹਨ ਸਵਾਸ ਬਾਕੀ ?
ਪਲਕ ਝਲਕ ਝਾਕੀ,
ਹੁਣ ਨ ਵਿਛੋੜ ਸਾਨੂੰ
ਫੇਰ ਨਹੀਂ ਸਾਡਾ ਔਣ ।੧।
ਵਿੱਚ ਸਾਡੇ ਅਕਲ ਨਾ,
ਤੁਰਨ ਹਾਰੀ ਸ਼ਕਲ ਨਾ,
ਅਸੀਂ ਨੀਵੀਂ ਜਿੰਦੜੀ ਹਾਂ
ਲੈਕ ਤੁਸਾਂ ਜੀ ਦੇ ਨਹੀਂ ।
ਗੁਣਾਂ ਵਾਲੇ ਲੱਖ ਏਥੇ,
ਪਯਾਰ ਵਾਲੇ ਘਣੇਂ ਸੁਹਣੇ,
ਚੜ੍ਹਦਿਆਂ ਤੋਂ ਚੜ੍ਹਦਿਆਂ ਦੇ
ਜੱਥੇ ਗਿਣੇ ਜਾਂਦੇ ਨਹੀਂ ।
ਹੈਨ ਪਰ ਡਾਲ ਲੱਗੇ,
ਜੁੜੇ ਜਿੰਦ ਨਾਲ ਬੈਠੇ,
ਪਿੱਛੇ ਨਾਲੋਂ ਨਹੀਂ ਟੁੱਟੇ,
ਆਸ਼੍ਰਯੋਂ ਗਏ ਵਾਂਜੇ ਨਹੀਂ ।
ਵਿੱਛੁੜ ਜਾਂ ਜਾਣ ਤੁਹਾਥੋਂ,
ਰਹਿਣ ਜਯੋਂਦੇ ਜਾਗਦੇ ਓ,
ਲੈਂਦੇ ਦੀਦਾਰ ਫਿਰ ਫਿਰ,
ਡਾਲੀਓਂ ਓ ਟੁੱਟੇ ਨਹੀਂ ।੨।
ਡਾਲੀਆਂ ਤੋਂ ਟੁੱਟਿਆਂ ਦੀ,
ਲਾਜ ਪਾਲ ਸੱਜਣਾਂ ਓ,
ਪਿੱਛੇ ਨਾਲੋਂ ਨੇਹੁੰ ਸਾਡਾ
ਸਾਰਾ ਈ ਹੈ ਟੁੱਟ ਗਿਆ ।
ਜ਼ਿੰਦਗੀ ਦੇ ਤਾਗੇ ਨਾਲੋਂ
ਨੇਹੁੰ ਅਸਾਂ ਤੋੜ ਲੀਤਾ,
ਅੱਗਾ ਸਾਡਾ ਸੱਜਣਾਂ ਓ
ਸਾਰਾ ਹੀ ਨਿਖੁੱਟ ਗਿਆ ।
ਅੱਗੋਂ ਪਿੱਛੋਂ ਵਾਂਜਿਆਂ, ਇਕ
ਤੇਰੇ ਜੋਗੇ ਹੋ ਰਿਹਾਂ ਦਾ,
ਤੇਰੇ ਪਯਾਰ ਬਾਝੋਂ ਪਯਾਰ
ਜੱਗ ਦਾ ਹੈ ਹੁੱਟ ਗਿਆ ।
ਵਾਸਤਾ ਈ ਸੱਜਣਾਂ ਓ !
ਅੰਗ ਲਾਈ ਰੱਖ ਸਾਨੂੰ,
ਸਾਡਾ ਆਪਾ ਤੇਰੇ ਉੱਤੋਂ
ਘੋਲ ਘੁੰਮਿਆ ਲੁੱਟ ਗਿਆ ।੩।