ਦਿਉਦਾਰ, ਚੀੜ੍ਹ ਆਦਿ ਦੀ ਭਾਂਤ ਵਿਚ ਇਕ ਰੁੱਖ ਨੂੰ ਕੇਲੋਂ(ਕੈਲ) ਆਖਦੇ ਹਨ । ਇਕ ਵੇਲ ਇਸ ਪਰ ਚੜ੍ਹੀ ਹੋਈ ਸੀ, ਇਕ ਅਯਾਲੀ ਵੇਲ ਤ੍ਰੋੜ ਮ੍ਰੋੜ ਧੂਹ ਧਾਹ ਕੇ ਹੇਠਾਂ ਲਾਹ ਰਿਹਾ ਸੀ ਜੋ ਅਪਣੇ ਅੱਯੜ ਨੂੰ ਪਾਵੇ, ਵੇਲ ਦੀ ਅਯਾਲੀ ਅੱਗੇ ਮਾਨੋਂ ਉਸ ਵੇਲੇ ਦੀ ਪੁਕਾਰ ਇਹ ਹੈ :-
ਹਾਇ ਨ ਧਰੀਕ ਸਾਨੂੰ,
ਹਾਇ ਵੇ ਨ ਮਾਰ ਖਿੱਚਾਂ,
ਹਾਇ ਨ ਵਿਛੋੜ, ਗਲ
ਲੱਗਿਆਂ ਨੂੰ ਪਾਪੀਆ !
ਹਾਇ, ਨ ਤੁਣੁੱਕੇ ਮਾਰੀਂ !
ਖਿੱਚ ਨ ਫਟੱਕੇ ਦੇ ਦੇ,
ਵਰ੍ਹਿਆਂ ਦੀ ਲੱਗੀ ਸਾਡੀ
ਤੋੜ ਨ ਸਰਾਪੀਆ ।
ਹਾਇ ਨ ਵਲੂੰਧਰੀਂ ਵੇ !
ਸੱਟੀਂ ਨ ਉਤਾਰ ਭੁੰਞੇਂ,
ਸਜਣ ਗਲੋਂ ਟੁੱਟਿਆਂ
ਹੋ ਜਾਸਾਂ ਇਕਲਾਪੀਆ !
ਮੇਰੇ ਹੱਡ ਤਾਣ ਨਾਹੀਂ,
ਸੱਕਾਂ ਨ ਖੜੋਇ ਪੈਰੀਂ,
ਖੜੀ ਸਜਣ ਆਸਰੇ ਹਾਂ,
ਅਬਲਾ ਮੈਂ ਅਮਾਪੀਆ !
ਪਯਾਰੇ ਨ ਵਿਛੋੜੀਏ ਵੇ
ਮਿਲੇ ਨ ਨਿਖੇੜੀਏ ਵੇ,
ਆਸਰੇ ਨ ਤੋੜੀਏ ਵੇ,
ਅਵੇ ! ਪਾੜੀਏ ਨ ਜੋੜੀਆਂ ।
ਵਸਲ ਵੇਖ ਖੀਝੀਏ ਨਾ,
ਅੱਡ ਕਰ ਰੀਝੀਏ ਨਾ,
ਇਕ ਹੋਈਆਂ ਜਿੰਦੀਆਂ ਦੀਆਂ
ਹੁੰਦੀਆਂ ਨਹੀਓਂ ਕੋੜੀਆਂ ।
ਵਿੱਥ ਵਾਲੇ ਜੱਗ ਵਿਚ
ਵਿੱਥਾਂ ਪਈਆਂ ਚੱਪੇ ਚੱਪੇ,
ਅੱਡ ਅੱਡ ਸਭ ਕੋਈ,
ਜੋੜੀਆਂ ਨੀ ਥੋੜੀਆਂ ।
ਵਿੱਥਾਂ ਮੇਟ ਇੱਕੋ ਹੋਏ
ਉਹਨਾਂ ਵੇਖ ਰੀਝਣਾਂ ਵੇ
ਬਾਹੀਂ ਗਲੇ ਲਿਪਟੀਆਂ
ਨ ਚਾਹੀਏ ਕਦੇ ਤੋੜੀਆਂ ।