

ਵਿਚ, ਅਗੇ ਧਰਿਆ ਹੈ ਚਮਕਦਾ ਲੋਹੇ ਦਾ ਬਾਟਾ, ਵਿਚ ਪਿਆ ਹੈ ਜਲ ਜਿਸ ਵਿਚ ਰਖਿਆ ਹੈ ਦੁਧਾਰਾ ਖੰਡਾ। ਸਾਹਮਣੇ ਖੜੇ ਹਨ ਕੱਲ ਵਾਲੇ ਪੰਜੇ ਸੀਸ ਭੇਟ ਕਰਨ ਵਾਲੇ ਜੀਵਨ ਮੁਕਤ, ਸਫੈਦ ਬਸਤ੍ਰ ਧਾਰੇ ਹੋਏ, ਤੇੜ ਕਛਹਿਰਾ, ਗਲ ਅੰਗਾ, ਸੀਸ ਸਿਧੀ ਚਿੱਟੀ ਦਸਤਾਰ ਕਮਰਕਸਾ ਸਜਿਆ, ਗਾਤ੍ਰੇ ਲਗੀ ਹੈ ਸ੍ਰੀ ਸਾਹਿਬ ਤੇ ਹੱਥ ਜੋੜੇ ਖੜੇ ਹਨ। ਸੰਗਤ ਬਿਸਮਯ ਭਾਵ ਵਿਚ ਹੈ, ਅਜ ਤੋਖਲਾ, ਡਰ ਨਹੀਂ ਪਿਆ, ਪਰ ਬਿਸਮਯ ਹੈ ਕਿ ਦੇਖੀਏ ਹੋਰ ਕੀਹ ਰੰਗ ਖਿਲਦਾ ਹੈ ਅਜ। ਇੰਨੇ ਨੂੰ ਸਾਹਿਬਾਂ ਨੇ ਆਵਾਜ਼ ਦਿਤੀ ਨਿੱਤਰੇ ਹੋਏ ਤੇ ਤਲਵਾਰ ਨਾਲ ਨਿਤਾਰੇ ਹੋਏ ਪੰਜਾਂ ਨੂੰ ਕਿ ਭਾਈ ਵਾਹਿਗੁਰੂ ਗੁਰਮੰਤ੍ਰ ਹੈ ਗੁਰੂ ਬਾਬੇ ਦਾ, ਇਕ ਚਿਤ ਹੋ ਜਪੋ; 'ਵਾਹਿਗੁਰੂ । " ਪੰਜੇ ਤਾਂ ਇਹ ਕਾਰੇ ਲਗ ਗਏ ਆਪ ਸਾਹਿਬਾਂ ਦਾ ਬਲੀ ਤੇ ਦਾਤਾ ਹੱਥ ਗਿਆ ਖੰਡੇ ਉਤੋ ਜੋ ਫਿਰਨ ਲਗ ਗਿਆ ਜਲ ਵਿਚ ਤੇ ਆਪ ਕਰਨ ਲਗ ਗਏ ਪਾਠ ਬਾਣੀਆਂ ਦਾ, ਇਸ ਧੁਨਿ ਨਾਲ ਕਿ ਵਾਯੂ ਮੰਡਲ ਵਿਚ ਮਾਨੋ ਦਿਲ ਹਿਲਾਕੇ ਉੱਚਾ ਕਰਨ ਵਾਲੀ ਸੱਟ ਪੈ ਰਹੀ ਹੈ। ਆ ਗਏ ਸ੍ਰੀ ਪਰਮ ਪਵਿਤ੍ਰ ਯੋਗੀ ਰਾਜ ਮਾਤਾ ਜੀਤੋ ਜੀ। ਸਾਰੀ ਸੰਗਤ ਨੇ ਅਦਬ ਨਾਲ ਰਸਤਾ ਦਿੱਤਾ, ਸਭ ਸਿਰ ਡਾਢੇ ਡੂੰਘੇ ਸਤਿਕਾਰ ਨਾਲ ਝੁਕ ਗਏ। ਪਵਿੱਤ੍ਰਤਾ ਦੀ ਦੇਵੀ ਪੱਕੇ ਪਰ ਸੂਬਕ ਕਦਮਾਂ ਨਾਲ ਅੱਗੇ ਵਧੀ ਜਿਸ ਤਰ੍ਹਾਂ ਸਵੇਰ ਦੀ ਪਵਿੱਤ੍ਰ ਤੇ ਮੱਧਮ ਸਮੀਰ ਫੁਲਾਂ ਦੀ ਖ਼ੁਸ਼ਬੋ ਨਾਲ ਲੱਦੀ ਸਰੂਆਂ ਦੇ ਬਾਗ ਦੇ ਵਿਚਦੀ ਲੰਘਦੀ ਹੈ। ਦੇਵੀ ਐਨ ਸਿੰਘਾਸਨ ਦੇ ਪਾਸ ਆਈ. ਹਸਮੁਖ ਚਿਹਰੇ ਤੇ ਖਿੜੇ ਮੱਥੇ ਨੇ ਮੁਸਕ੍ਰਾਂਦੇ ਬੁਲ੍ਹ ਖੂਹਲੇ ਤੇ ਕਿਹਾ: 'ਮੇਰਾ ਹਿੱਸਾ ਬੀ । ਇਹ ਕਹਿਕੇ ਝੋਲੀ ਵਿਚੋਂ ਆਕਾਸ਼ ਦੇ ਤਾਰਿਆਂ ਵਰਗੇ ਚਿੱਟੇ ਚਮਕਦੇ ਪਤਾਸੇ ਉਸ ਬਾਟੇ ਵਿਚ ਪਾ ਦਿੱਤੇ, ਜਿਸ ਵਿਚ ਕਿ 'ਦਿਲਸ਼ਾਦ ਜੀ ਖੰਡਾ ਫੇਰ ਰਹੇ ਸਨ। "ਮੇਰਾ ਹਿੱਸਾ ਪਿਆਰ' ਸ਼ਾਤੀ ਤੇ ਬੀਰਤਾ ਵਿਚ 'ਪਿਆਰ. ਵੈਰਾਗ ਤੇ ਉਤਸ਼ਾਹ ਵਿਚ 'ਪਿਆਰ, ਮੇਰਾ 'ਪਿਆਰ' ਆਪ ਦਾ 'ਪਿਆਰ' ਸੱਚੇ ਵਾਹਿਗੁਰੂ ਦਾ 'ਪਿਆਰ' ਜੀਓ ਜੀ 'ਪਿਆਰ' ਬੀਰਤਾ, ਸ਼ਾਂਤੀ।"
–––––––––––––––––
* ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ॥