

ਹੈ ਪਰ ਉਪਰਾਮਤਾ ਨਾਲ ਹੈ । ਗ੍ਰਿਹਸਤ ਹੈ, ਪਰ ਉਦਾਸੀ ਦੀ ਲਹਿਰ। ਤਿਆਗ ਹੈ, ਪਰ ਹੁਕਮ ਹਾਸਲ। ਫਕੀਰੀ ਨਾਲ ਹੈ, ਪਰ ਦਿਲਗੀਰੀ ਨਹੀਂ। ਤਲਵਾਰ ਹੱਥ ਹੈ ਪਰ ਢਾਲ ਦੀ ਸੂਰਤ ਵਾਲੀ। ਕਲਮ ਬੀ ਹੱਥ ਵਿਚ ਹੈ, ਪਰ ਨਿਆਂ ਤੇ ਰਹਿਮ ਵਾਲੀ। ਗਲ ਅੰਗਾ ਤੇ ਕਮਰ ਕੱਸਾ ਹੈ, ਤੇੜ ਕੱਛ ਹੈ। ਬਲਦੇ ਹੀਰਿਆਂ ਦਾ ਬੁਹੱਟਾ ਡੌਲੇ ਬੱਧਾ ਹੈ, ਪਰ ਸੀਨੇ ਵਿਚ ਨਾਮ ਦਮਕ ਜ਼ੋਰਦਾਰ ਹੈ। ਦਿਲ ਵਿਚ ਨਕਸ਼ਾ ਕੋਮਲਤਾਈ ਤੇ ਰਸ ਭਰੀ ਸੁੰਦਰਤਾ ਦਾ ਹੈ, ਪਰ ਦਿਮਾਗ਼ ਵਿਚ ਨਕਸ਼ਾ ਵਿਵੇਕ ਦਾ ਹੈ; ਜ਼ੋਰ ਹੈ ਆਪੇ ਤੇ ਭਰੋਸਾ ਬੇਮੁਹਤਾਜੀ ਦਾ। ਮੱਥੇ ਤੇ ਰੇਖਾਂ ਹਨ ਜਿਨ੍ਹਾਂ ਵਿਚ ਅਰੀਮੀ ਅੱਖਰ ਲਿਖੇ ਹਨ :--
ਚੜ੍ਹਦੀਆਂ ਕਲਾਂ"
ਦਿਲਗੀਰੀ, ੧੧ ਮਹੀਨੇ ੧੧ ਦਿਨ ਦੀ ਦਿਲਗੀਰੀ ਵਿਚ ਬੈਠੇ ਮਹਾਂ ਮੁਨਿ ਜੀ ਪੁੱਛਦੇ ਹਨ ਤੂੰ ਕੌਣ ਹੈਂ ?
ਸੂਰਤ ਮਾਨੋ ਬੋਲੀ 'ਮੈਂ ਖਾਲਸਾ ਹਾਂ।'
ਆਪ ਨੇ ਗਹੁ ਨਾਲ ਤੱਕ ਕੇ ਕਿਹਾ: ਕਿਥੋਂ ਦਾ ਵਾਸੀ ਹੈਂ ? ਕਿਸ ਨੇ ਤੈਨੂੰ ਜਨਮ ਦਿੱਤਾ ਹੈ ? ਸੂਰਤ ਬੋਲੀ: ਆਪ ਦੇ ਪਵਿੱਤ੍ਰ ਹਿਰਦੇ ਤੋਂ ਮੇਰਾ ਜਨਮ ਹੋਇਆ ਹੈ; ਵਾਸੀ ਮੈਂ ਆਪ ਦੇ ਹੀ ਅੰਦਰਲੇ ਸਰਮਖੰਡ ਦਾ ਹਾਂ, 'ਤਿਥੈ ਘਾੜਤਿ ਘੜੀਐ ਬਹੁਤੁ ਅਨੂਪ । ਹਾਂ ਸਰਮ ਖੰਡ ਮੇਰਾ ਵਤਨ ਹੈ। ਦਿਲਗੀਰ ਜੀ ਨੇ ਪੁੱਛਿਆ:- -ਕਿਉਂ ਆਇਆ ਹੈਂ ? ਸੂਰਤ ਬੋਲੀ:-- ਮੈਨੂੰ ਆਪ ਆਪਣੇ ਅੰਦਰੋਂ ਬਾਹਰ ਦੇ ਦੇਸ ਵਿਚ ਜਨਮ ਬਖਸ਼ੋ, ਮੈਂ ਆਦਮੀ ਦੇ ਅੰਦਰ ਵੜ ਜਾਵਾਂ ਇਕ ਨਮੂਨੇ ਦਾ, ਇਕ ਵੰਨਗੀ ਦਾ, ਆਪਣੇ ਵਰਗਾ ਇਨਸਾਨ ਪੈਦਾ ਕਰਾਂ, ਦਿੱਸਦੇ ਵੱਸਦੇ ਜਗਤ ਵਿਚ 'ਖਾਲਸਾ' ਪੈਦਾ ਕਰਾਂ। ਉਹ ਧਰਾ ਦਾ ਭਾਰ ਹਰੇ।
ਸੂਰਤ ਇਹ ਕਹਿਕੇ ਹੁਣ ਦਿਮਾਗ਼ ਵਿਚ ਆ ਬੈਠੀ, ਧੁਨਿ ਨੇ ਕੰਨਾਂ ਦੇ ਪਰਦੇ ਤੇ ਡੇਰਾ ਲਾ ਲਿਆ। ਦਿਲਗੀਰੀ ਵਿਚ ਬੈਠੇ ਅਚਾਹ ਤੇ ਬੇਲੋੜ ਜੀ ਨੇ ਨੈਣ ਖੋਹਲੇ। ਹਰ ਪੱਤੇ ਹਰ ਸ਼ਾਖ ਉਤੇ ਉਹੋ 'ਖਾਲਸਾ' 'ਖਾਲਸਾ' ਹੋ ਰਹੀ ਹੈ। ਆਹਾ!
–––––––––––––––––
* ਸਰਮ ਖੰਡ ਕੀ ਬਾਣੀ ਰੂਪ। (ਜਪੁਜੀ)