(ਤੀਜਾ ਪਰਤਾਵਾ--ਜੋਗੀਆਂ ਸੰਨ੍ਯਾਸੀਆਂ ਦਾ)
ਇਸੀ ਤਰ੍ਹਾਂ ਜਾਪਦਾ ਹੈ ਕਿ ਆਪ ਜੀ ਨੇ ਸੰਨ੍ਯਾਸੀ ਅਰ ਜੋਗੀਆਂ ਆਦਿਕ ਦੀ ਪ੍ਰੀਖ੍ਯਾ ਕੀਤੀ ਹੈ ਤੇ ਉਹ ਬੀ ਆਪਣੇ ਆਦਰਸ਼ਾਂ ਤੋਂ ਨੀਵੇਂ ਪਾਏ ਹਨ ਕਿਉਂਕਿ ਸਤਿਗੁਰੂ ਜੀ ਨੇ ਆਪਣੀ ਬਾਣੀ ਵਿਚ ਉਹਨਾਂ ਦਾ ਐਉਂ ਜ਼ਿਕਰ ਕੀਤਾ ਹੈ, ਜੇ ਜੁਗਿਆਨ ਕੇ ਜਾਯ ਕਹੈਂ-ਸਭ ਜੋਗਨ ਕੋ ਗ੍ਰਿਹਮਾਲ ਉਨੈਦੈ। ਜੋ ਪਰੋ ਭਾਜ ਸੰਨ੍ਯਾਸਨ ਕੇ ਕਹਿਂ-ਦੱਤ ਕੇ ਨਾਮ ਪੈ ਧਾਮ ਲੁਟੈਦੈ।' ਚਾਹੋ ਜੋਗੀਸੰਨ੍ਯਾਸੀਆਂ ਦਾ ਕੋਈ ਪ੍ਰਸੰਗ ਪੂਰੀ ਤਰ੍ਹਾਂ ਕਲਮ ਬੰਦ ਨਹੀਂ ਅਜੇ ਲੱਝਾ ਪਰ ਸੰਨ੍ਯਾਸੀ ਦੀਆਂ ਚਿੱਪੀਆਂ ਤੋਂ ਲਾਖ ਵਿਚੋਂ ਮੁਹਰਾਂ ਕੱਢਣੀਆ ਤੇ ਹੋਰ ਜੋਗੀਆਂ ਨਾਲ ਵਿਚਾਰਾਂ ਤੇ ਉਪਰਲੇ ਸ੍ਰੀ ਮੁਖ ਵਾਕ ਦੱਸਦੇ ਹਨ ਕਿ ਜ਼ਰੂਰ ਉਨ੍ਹਾਂ ਦੇ ਆਦਰਸ਼ ਤੋਂ ਨੀਵੇਂ ਹੋਣ ਦੀ ਪ੍ਰੀਖ੍ਯਾ ਕਰਕੇ ਸਬੂਤ ਲੀਤੇ ਸਨ। ਇਸ ਤਰ੍ਹਾਂ ਪਰਖ ਪਰਖ ਕੇ ਉਚਾਰੇ ਵਾਕ ਬੀ ਹਨ:--ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਪੁਨਾ--ਪਉਣ ਅਹਾਰ ਜਤੀ ਜਤਧਾਰ, ਸਭੈ ਸੁ ਬਿਚਾਰ ਹਜਾਰਕ ਦੇਖੇ। (ਦਸ ਸਵੱਯੇ)
––––––––––––––
੧. ਸ੍ਰਾਵਗ-ਸਰੋਉੜੇ। ਸੁਧ-ਵੈਸ਼ਨਵ। ਜੋਗ-ਜੋਗੀ। ਜਤੀ-ਜਤ ਵਾਲੇ ਯਾ ਸੰਨਯਾਸੀ।
੨. ਪਉਣ ਅਹਾਰ-ਪ੍ਰਾਣਾਯਾਮੀ। ਸੁਵਿਚਾਰ-ਪੰਡਿਤ। ਹਜਾਰਕ ਦੇਖੋ-ਇਕ ਹਜ਼ਾਰ ਦੇ ਲਗ ਪਗ ਮੈਂ ਪਰਤਾਏ ਹਨ।