ਚੰਨ ਤੇ ਸ਼ਮਅ
ਲਗੀ ਮਹਿਫ਼ਲ ਸ਼ਮਅ ਬਲਦੀ ਕਿ ਚੰਦ ਆ ਨਿਕਲਿਆ ਅਰਸ਼ੀਂ
ਸ਼ਮਅ ਨੂੰ ਆਖਦਾ ਚੰਨਾ: ਤੇਰੇ ਚਾਨਣ ਤੋਂ ਕੀ ਸਰਸੀ?
ਦੁ ਗਜ਼ ਤੋਂ ਦੂਰ ਚਾਨਣ ਤੈਂ ਨ ਲੋ ਅਪਣੀ ਪਰੇ ਸੱਟੇ
ਉ ਚਾਨਣ ਵੀ ਹੈ ਮੱਧਮ ਰਉ ਰਹੇ ਫ਼ਰਸੀਂ ਨਾ ਆ ਅਰਸ਼ੀਂ।
ਲਗੀ ਕਹਿਣੇ ਸ਼ਮਅ: ਚੰਨਾਂ! ਤੂੰ ਅਰਸ਼ਾਂ ਦਾ ਕਿ ਮੈਂ ਫ਼ਰਸ਼ੀ,
ਨਿਮਾਣੀ ਦੀ ਅਰਜ਼ ਸੁਣ ਲੈ ਕਿ ਸੁਣ ਲੈ ਅਰਜ਼ ਰਬ ਤਰਸੀ।
"ਸਰਸੀ ਨਾ ਕਿ ਸਰਸੀ ਕੁਛ" ਮੈਂ ਜਾਣਾਂ ਹਾਂ ਨ ਇਸ ਗਲ ਨੂੰ
ਮਿਰਾ ਇਕ 'ਸੋਜ' ਦਿਲ ਦਾ ਹੈ `ਗੁਦਾਜ਼' ਅਪਣੇ ਰਹਾਂ ਹਰਸ਼ੀ।
ਇਸੇ ਦਿਲ ਦੀ ਚਿਣਗ ਵਿਚੋਂ ਪੰਘਾਰੇ ਪੈ ਰਹੇ ਮੈਨੂੰ
ਥਰਰ ਕੰਬਦੀ ਰਹਾਂ, ਚੰਨਾਂ! ਭਰੇ ਦਿਲ ਥਰਰ ਥਰ ਥਰਸੀ।
ਥਰਾਂਦੀ ਮੈਂ ਭਰੇ ਅਥਰੂ ਤਕਾਂਦੀ ਰਾਹ ਪ੍ਰੀਤਮ ਦਾ
ਜਿਦ੍ਹੀ ਵੇਖੀ ਨ ਸੂਰਤ ਮੈਂ, ਜਿਦ੍ਹੀ ਕਾਯਾਂ ਨਾ ਮੈਂ ਪਰਸੀ।
ਸਿਕਾਂ ਪ੍ਯਾਰੇ ਦੇ ਮਿਲਨੇ ਨੂੰ ਇਹੋ ਚਿੰਤਾ ਹੈ ਮੈਂ ਕਾਫ਼ੀ,
ਨਾ ਸੱਕਾਂ ਹੋਰ ਚਿੰਤਾ ਚੁਕ: 'ਮਿਰੇ ਚਾਨਣ ਤੋਂ ਕੀਹ ਸਰਸੀ ।
ਫਿਕਰ ਮੈਨੂੰ ਹੈ ਚੰਨਾ ਇਹ ਕਿ ਮੇਰਾ 'ਸੋਜ਼' ਏ ਦਿਲ ਦਾ
ਨਿਭੇਗਾ ਨਾਲ ਮੇਰੇ ਏ ? ਤੇ ਜੀਂਦਿਆਂ ਤਕ ਨਿਭਾ ਕਰਸੀ?
ਮਿਰੇ ਜਲਨੇ ਤੋਂ ਚਾਨਣ ਜੇ ਕਿਸੇ ਨੂੰ ਮਿਲ ਰਿਹਾ ਰੰਚਕ
ਕੁਈ ਖੂਬੀ ਨ ਇਹ ਮੇਰੀ ਸੋ ਦਮ ਮਾਰਨ ਤੋਂ ਮਨ ਡਰਸੀ।
ਕਿਸੇ ਨੂਰੋਂ ਮੁਨੱਵਰ ਹੋ ਤੇ ਦਿਲ ਵਿਚ ਸਰਦ ਮਿਹਰੀ ਲੈ
ਦਿਆਂ ਚਾਨਣ ਜੇ ਲੋਕਾਂ ਨੂੰ ਮੈਂ ਨਿਘ ਹੀਣੀ ਰਹੂੰ ਬਿ-ਰਸੀ।
ਕਦੇ ਵਧਦੀ ਕਦੇ ਘਟਦੀ ਭਟਕਦੀ ਵਿਚ ਸੁੰਨ ਗਗਨਾਂ,
ਰਹਾਂਗੀ ਸੁੰਨ ਸਦਾ ਚੰਨਾ! ਕਿ ਜਿੰਦ ਪਾਲੇ ਪਈ ਠਰਸੀ।
ਕਿਵੇਂ ਮਿਲਸਾਂ ਸੁ ਪ੍ਯਾਰੇ ਨੂੰ, ਜਿ ਨਾ ਮਿਲਿਆ ਤਾਂ ਪੰਘਰ ਏ
ਗੁਆ ਕੇ ਜਿੰਦ ਮੇਰੀ ਏ ਪਤਾ ਨਹੀਂ ਫਿਰ ਕਿਥੇ ਰੁਲਸੀ।
ਇ ਸੁਣਕੇ ਚੰਦ ਦਿਲ ਹਿਲਿਆ
ਕਿ ਝਾਂਈਂ ਫਿਰ ਗਈ ਅੰਦਰ,
ਉ ਝਾਈਂ ਹੁਣ ਤਕਾਂ ਦਿਸਦੀ।
ਚਹੇ ਦੇਖੇ ਕੁਈ ਦਰਸੀ।
(ਕਸੌਲੀ, 13-9-50)