

ਸ਼ੰਕ੍ਰਾਚਾਰਯ
ਉਚੇਰੇ ਤੋਂ ਉਚੇਰੇ ਆ ਤੁਸੀਂ ਬੈਠੇ ਗੁਸਾਈਂ ਜੀ!
ਸ੍ਰੀ ਨਗਰੋਂ ਬੀ ਚੜ੍ਹ ਉੱਚੇ ਸਮਾਧੀ ਹੈ ਲਗਾਈ ਜੀ!
ਕਰੋ ਖੇਚਲ ਚਲੋ ਹੇਠਾਂ ਤੇ ਤੱਕੋ ਕੌਮ ਅਪਨੀ ਨੂੰ
ਓ ਮਰਦੀ ਹੈ ਕਦੇ ਜਿਹੜੀ ਅਚਾਰਜ ਸੀ ਜਗਾਈ ਜੀ।
ਮੁਕਾਏ ਸੇ ਜੋ ਬੋਧੀ ਓ ਸੋ ਜੀਂਦੇ ਹਨ ਬਦੇਸ਼ਾਂ ਵਿਚ
ਜਿਹਦੀ ਖ਼ਾਤਰ ਮੁਕਾਏ ਸਨ ਉਹਦੇ ਸਿਰ ਮੌਤ ਆਈ ਜੀ।
ਸੁਆਰਥ ਹੱਥ ਵਿਕੇ ਐਸੇ ਨ ਕੁਰਬਾਨੀ ਹੈ ਸਾਂਝੇ ਕੰਮ
ਪਏ ਪਿੰਜਰੇ ਬਟੇਰੇ ਜਿਉਂ ਲੜਨ ਆਪੋ 'ਚ ਭਾਈ- ਜੀ!
ਅਕਲ ਗਿਣਤੀ ਤੇ ਦੌਲਤ ਹੈ ਅਜੇ ਪੱਲੇ ਬਤੇਰੀ ਪਰ
ਵਿਕੋਲਿਤੇ ਜਿਵੇਂ ਮਣਕੇ ਟੁਟੀ ਮਾਲਾ ਦੇ, ਸਾਂਈ ਜੀ।
ਨਿਸ਼ਾਨੇ ਓਤਨੇ ਜਿਤਨੇ ਕਿ ਦੇਖਣਹਾਰ ਨੈਣਾਂ ਹਨ
ਵਖੋ ਵਖ ਸੇਧ ਨੈਣਾਂ ਦੀ ਵਖੇਵੇਂ ਨਜ਼ਰ ਆਈ ਜੀ,
ਕਈ ਵਾਰੀ ਅਣਖ ਸਾਰੀ ਹੈ ਰੁਲ ਚੁੱਕੀ ਜ਼ਮੀਨਾਂ ਵਿਚ
ਹੈ ਗੈਰਤ ਮਿਟ ਚੁਕੀ ਸ਼ੰਕਰ! ਨ ਬਾਕੀ ਆਨ ਰਾਈ ਜੀ।
ਬਣਾਂਦੇ ਹਨ, ਗਿਰਾਂਦੇ ਹਨ ਉਸਾਰਨ ਫੇਰ ਢਾਹ ਸਿੱਟਣ,
ਇਹੋ ਹੀ ਖੇਲ ਸਦੀਆਂ ਤੋਂ ਗਿਰੀ ਇਸ ਕੰਮ ਚਾਈ ਜੀ।
ਸਿਸਕਦੀ ਹੈ ਸਥਰ ਲੱਥੀ ਕੁਰਾੜੀ ਜਿੰਦ ਹੈ ਇਸਦੀ
ਚਲੋ ਹੇਠਾਂ ਹੇ ਸ਼ੰਕਰ ਜੀ! ਦਿਓ ਕੋਈ ਦਵਾਈ ਜੀ।
ਸੁਆਰਥ ਫੱਟ ਚਲ ਸੀਵੋ ਤੇ ਖ਼ੁਦਗਰਜ਼ੀ ਮਲ੍ਹਮ ਲਾਓ,
ਉ ਬੂਟੀ ਘੋਟ ਪ੍ਯਾਰਾਂ ਦੀ ਦਿਓ ਇਸ ਨੂੰ ਪਿਲਾਈ ਜੀ।
ਹਾਂ, ਜੀਂਦੀ ਹੈ ਅਜੇ ਸ਼ੰਕਰ ਜਬਾੜੇ ਮੌਤ ਵਿਚ ਬੈਠੀ
ਜਿ ਕੁਛ ਕਰਨਾ ਤਾਂ ਹੁਣ ਵੇਲਾ ਹੈ ਬਹੁੜਨ ਦਾ ਗੁਸਾਈਂ ਜੀ।
(ਕਸ਼ਮੀਰ 3-10-26)