ਦਿਲਬਰ ਯਾਰ ਕੇਹੀ ਤੁਧ ਕੀਤੀ
ਦਿਲਬਰ ਯਾਰ ਕੇਹੀ ਤੁਧ ਕੀਤੀ, ਮਿਰੇ ਸਾਸ ਲਬਾਂ ਪਰ ਆਏ ।
ਜ਼ਾਹਰ ਕਰਾਂ ਹੋਵੇ ਜਗ ਰੁਸਵਾ, ਤੇ ਹੁਇਆ ਖਾਮੋਸ਼ ਨ ਜਾਏ ।
ਮੈਂ ਕਰ ਸ਼ਰਮ ਡਰਾਂ ਵਿਚ ਵੇਹੜੇ, ਅਤੇ ਬਿਰਹੋਂ ਢੋਲ ਵਜਾਏ ।
ਹਾਸ਼ਮ ਫੀਲ ਵੜੇ ਜਿਸ ਵੇਹੜੇ, ਭਲਾ ਕਿਚਰਕੁ ਕੋਈ ਲੁਕਾਏ ।
ਦਿਲਬਰ ਯਾਰ ਕਿਹੇ ਦਿਨ ਆਹੇ
ਦਿਲਬਰ ਯਾਰ ਕਿਹੇ ਦਿਨ ਆਹੇ, ਜਦ ਹੱਸ ਹੱਸ ਲੈ ਗਲਿ ਮਿਲਦੇ ।
ਜਿਉਂ ਜਿਉਂ ਬੇਪਰਵਾਹੀ ਕਰਦਾ, ਸਾਨੂੰ ਡਾਹ ਲਗਣ ਤਿਲ ਤਿਲ ਦੇ ।
ਤਸਬੀ ਦੇਖ ਨਾਹੀਂ ਹੱਥ ਸਾਡੇ, ਅਸਾਂ ਦਾਗ਼ ਰਖੇ ਗਿਣ ਦਿਲ ਦੇ ।
ਹਾਸ਼ਮ ਧੋਵਣ ਬਹੁਤ ਔਖੇਰਾ, ਪਰ ਦਾਗ਼ ਨ ਦਿਲ ਤੋਂ ਹਿਲਦੇ ।
ਦਿਲਬਰ ਯਾਰ ਮਹੂਰਤ ਕਰ ਲੈ
ਦਿਲਬਰ ਯਾਰ ਮਹੂਰਤ ਕਰ ਲੈ, ਅੱਜ ਨਾਲਿ ਅਸਾਂ ਮੁਖ ਹੱਸਕੇ ।
ਬਿਜਲੀ ਰੋਜ਼ ਨਹੀਂ ਝੜ ਹੋਵੇ, ਅਤੇ ਮੇਘ ਸਮੇਂ ਵਿਚ ਲਸ਼ਕੇ ।
ਜਾਂ ਮੁੜਿ ਫੇਰਿ ਜਵਾਨੀ ਆਵੇ, ਅਤੇ ਜੀਉ ਲਏ ਮਨ ਵਸ ਕੇ ।
ਹਾਸ਼ਮ ਜਾਣ ਗ਼ਨੀਮਤ ਮਿਲਣਾ, ਮਿਲ ਨਾਲ ਅਸਾਂ ਹੱਸ ਰਸ ਕੇ ।
ਦਿਲਬਰ ਯਾਰ ਨਦੀ ਦੀਆਂ ਲਹਿਰੀਂ
ਦਿਲਬਰ ਯਾਰ ਨਦੀ ਦੀਆਂ ਲਹਿਰੀਂ, ਇਹ ਸਦਾ ਨ ਰਹਿਣ ਇਥਾਈਂ ।
ਤੈਂਡਾ ਇਸ਼ਕ ਮੇਰੀ ਦਿਲਗ਼ੀਰੀ, ਕੋਈ ਲਾਖ ਵਰ੍ਹੇ ਤਕ ਨਾਹੀਂ ।
ਦੋ ਦਿਨ ਭੌਰ ਗੁਲਾਂ ਦਾ ਮੇਲਾ, ਅਤੇ ਆਸ ਉਮੀਦ ਸਰਾਈਂ ।
ਹਾਸ਼ਮ ਪਰ ਕੀ ਦੋਸ਼ ਮਿਤ੍ਰ ਵਿਚ, ਲੇਖ ਅਸਾਡੇ ਨਾਹੀਂ ।