ਬੇਲੇ ਮਗਰ ਤਿਨ੍ਹਾਂ ਦੇ ਚੀਰੇ
ਬੇਲੇ ਮਗਰ ਤਿਨ੍ਹਾਂ ਦੇ ਚੀਰੇ, ਜੈਂਦਾ ਨਾਮ ਨਾਹੀ ਪੁੱਤ ਕਿਸ ਦਾ ।
ਖੇੜੇ ਛੋੜ ਮਾਹੀ ਦਰ ਪਈਓ, ਕੋਈ ਸ਼ਾਨ ਲਿਬਾਸ ਨ ਜਿਸ ਦਾ ।
ਮਾਏ ! ਬੈਠ ਅੱਖੀਂ ਵਿਚ ਵੇਖੀਂ, ਮੈਨੂੰ ਚਾਕ ਕਿਹਾ ਕੁਝ ਦਿਸਦਾ ।
ਹਾਸ਼ਮ ਪੀੜ ਤਿਸੇ ਤਨ ਹੋਵੇ, ਕੋਈ ਘਾਵ ਦੁਖਾਵੇ ਜਿਸਦਾ ।
ਬੇਸਾਜ਼ਾਂ ਦਾ ਸਾਜ਼ ਹੈ ਸੋਹਣਿਆਂ
ਬੇਸਾਜ਼ਾਂ ਦਾ ਸਾਜ਼ ਹੈ ਸੋਹਣਿਆਂ, ਜਿਨ੍ਹਾਂ ਤਾਣ ਨ ਤਕੀਆ ਕੋਈ ।
ਤੂੰ ਕਰਤਾ ਤਿਨ੍ਹਾਂ ਨੂੰ ਪਾਲੇਂ, ਜਿਨ੍ਹਾਂ ਕੋਲ ਮਿਲੇ ਨ ਢੋਈ ।
ਸੁਣ ਫ਼ਰਿਆਦ ਆ ਗਏ ਦਰ ਤੇਰੇ, ਅਸੀਂ ਆਜ਼ਿਜ਼ ਸਾਥ ਸਥੋਈ ।
ਹਾਸ਼ਮ ਕੂਕ ਕਹੇ ਦਰ ਕਿਸ ਦੇ, ਜੈਂ ਦਾ ਤੈਂ ਬਿਨ ਹੋਰ ਨ ਕੋਈ ।
ਭਾਂਬੜ ਦਰਦ ਹਦਾਯਤ ਵਾਲਾ
ਭਾਂਬੜ ਦਰਦ ਹਦਾਯਤ ਵਾਲਾ, ਜਿਹੜਾ ਪਲ ਪਲ ਬਲ ਬਲ ਬੁਝਦਾ ।
ਘਾਇਲ ਆਪ ਹੋਇਆ ਦੁਖਿਆਰਾ, ਭਲਾ ਹੋਰ ਬੰਨੇ ਕਦ ਰੁਝਦਾ ।
ਮਜਨੂੰ ਸੋਜ਼ ਲੇਲੀ ਦੇ ਜਲਿਆ, ਉਹਨੂੰ ਖਾਣ ਗੋਸ਼ਤ ਕਦ ਸੁਝਦਾ ।
ਹਾਸ਼ਮ ਇਸ਼ਕ ਕਹੇ ਜਗ ਜਿਸ ਨੂੰ, ਭਲਾ ਕੌਣ ਕਿਸੇ ਕੋਲ ਪੁਜਦਾ ।
ਭੁੱਲਾ ਇਸ਼ਕ ਗਿਆ ਜਿਸ ਵਿਹੜੇ
ਭੁੱਲਾ ਇਸ਼ਕ ਗਿਆ ਜਿਸ ਵਿਹੜੇ, ਉਹਦੀ ਸਭ ਜੜ ਮੂਲ ਗਵਾਵੇ ।
ਜਿਉਂ ਬਾਗ਼ਬਾਨ ਸੁੱਟੇ ਕੱਟ ਬੂਟਾ, ਅਤੇ ਭੀ ਸਿਰ ਵਾਰ ਲਗਾਵੇ ।
ਕਿਸਮਤ ਨਾਲ ਹੋਵੇ ਮੁੜ ਹਰਿਆ, ਨਹੀਂ ਮੂਲ ਸੁੱਕੇ ਜੜ ਜਾਵੇ ।
ਹਾਸ਼ਮ ਰਾਹ ਇਸ਼ਕ ਦਾ ਏਹੋ, ਕੋਈ ਭਾਗ ਭਲੇ ਫਲ ਪਾਵੇ ।