

ਵਾਰਸ ਬਣ ਬੈਠੀ ਜੋ ਆਹੀ
ਵਾਰਸ ਬਣ ਬੈਠੀ ਜੋ ਆਹੀ, ਅਤੇ ਏਸ ਸੁਹਾਵੇ ਘਰ ਦੀ ।
ਓੜਕ ਦੇਸ ਨਿਕਾਲਾ ਮਿਲਿਆ, ਗਈ ਹਾਥ ਮੱਥੇ ਪਰ ਧਰਦੀ ।
ਸੰਭਲ ਸੀਸ ਗੁੰਦਾਵੀਂ ਮੁਈਏ ! ਕੋਈ ਪਰਤੀਤ ਨਹੀਂ ਇਸ ਦਰ ਦੀ ।
ਹਾਸ਼ਮ ਹੋਈ ਸੁਹਾਗਣਿ ਵਿਰਲੀ, ਅਤੇ ਤਾਣ ਰਹੇ ਸਭ ਕਰਦੀ ।
ਯਾ ਕਰ ਹਾਰ ਸ਼ਿੰਗਾਰ ਪਿਆਰੇ
ਯਾ ਕਰ ਹਾਰ ਸ਼ਿੰਗਾਰ ਪਿਆਰੇ, ਸਿਖ ਨਾਜ਼ ਨਿਆਜ਼ ਜ਼ਨਾਨੀਂ ।
ਯਾ ਬਣ ਮਰਦ ਫ਼ਤ੍ਹੇ ਕਰ ਦੁਸ਼ਮਣ, ਘੱਤ ਸਿਰ ਵਿਚ ਖ਼ਾਕ ਮੈਦਾਨੀਂ ।
ਯਾ ਕਰ ਸਬਰ ਫ਼ਕੀਰੀ ਫੜਕੇ, ਛਡ ਹਿਰਸ ਹਵਾਇ ਜਹਾਨੀਂ ।
ਹਾਸ਼ਮ ਕੀ ਖ਼ੁਸ਼ ਹੋਣ ਪਿਆਰੇ, ਭਲਾ ਹਿੰਮਤ ਦੇਖ ਬੇਗ਼ਾਨੀ ।
ਜ਼ਹਿਮਤ ਤਾਪ ਸਰਾਪੋਂ ਬਚਦੇ
ਜ਼ਹਿਮਤ ਤਾਪ ਸਰਾਪੋਂ ਬਚਦੇ, ਅਤੇ ਜ਼ਾਲਮ ਡਾਹ ਮਿਤਰਾਂ ਦੇ ।
ਦਾਰੂ ਬਾਝ ਦੀਦਾਰ ਜਾਨੀ ਦੇ, ਅਸਾਂ ਬਹੁਤ ਡਿਠੇ ਮਰ ਜਾਂਦੇ ।
ਪਲਕੁ ਦੀਦਾਰ ਨ ਹਾਸਲ ਹੋਵੇ, ਤਾਂ ਪਏ ਮੁਰਦੇ ਮਰਿਆਂ ਦੇ ।
ਹਾਸ਼ਮ ਸ਼ਾਹ ਸ਼ਹੀਦ ਨੈਣਾਂ ਦੇ, ਸੋਈ ਹੋਣ ਨਸੀਬ ਜਿਨ੍ਹਾਂ ਦੇ ।
ਜ਼ੁਹਦ ਇਬਾਦਤ ਚਾਹੇ ਦੇਖੇ
ਜ਼ੁਹਦ ਇਬਾਦਤ ਚਾਹੇ ਦੇਖੇ, ਨਹੀਂ ਹਰਗਿਜ਼ ਧਿਆਨ ਨ ਕਰਦਾ ।
ਸ਼ਾਹ ਮਨਸੂਰ ਚੜ੍ਹਾਇਆ ਸੂਲੀ, ਅਤੇ ਯੂਸਫ਼ ਕੀਤੋ ਸੂ ਬਰਦਾ ।
ਕਿਸ ਗੱਲ ਦੇ ਵਿਚ ਰਾਜ਼ੀ ਹੋਵੇ, ਕੋਈ ਭੇਤ ਨਹੀਂ ਇਸ ਦਰ ਦਾ ।
ਹਾਸ਼ਮ ਬੇਪਰਵਾਹੀ ਕੋਲੋਂ, ਮੇਰਾ ਹਰ ਵੇਲੇ ਜੀ ਡਰਦਾ ।