ਚੜ੍ਹਿਆ ਚਾ ਪਪੀਹੇ ਸੁਣ ਕੇ
ਚੜ੍ਹਿਆ ਚਾ ਪਪੀਹੇ ਸੁਣ ਕੇ, ਅਤੇ ਸਾਵਣ ਦੀ ਰੁਤ ਆਈ ।
ਤਰਸਣ ਖਪਣ ਤੇ ਦੁਖ ਪਾਵਣ, ਉਨ ਸਿਕਦਿਆਂ ਉਮਰ ਗਵਾਈ ।
ਨੇੜੇ ਭਾਲ ਪੀਆ ਦਿਲਬਰ ਦੀ, ਉਨੂ ਚਮਕੇ ਚਮਕ ਸਵਾਈ ।
ਹਾਸ਼ਮ ਕੀ ਇਹ ਮਾਣ ਮਿਲਣ ਦਾ, ਜਿਸ ਦਿਸਦੀ ਫੇਰ ਜੁਦਾਈ ।
ਚੋਰ ਚੁਰਾਇ ਲਿਆ ਦਿਲ ਮੇਰਾ
ਚੋਰ ਚੁਰਾਇ ਲਿਆ ਦਿਲ ਮੇਰਾ, ਏਸ ਚੇਟਕ ਚੋਰ ਤੂਫ਼ਾਨੀ ।
ਦਰ ਦਰ ਫਿਰਾਂ ਦੀਵਾਨੀ ਢੂੰਡਾਂ, ਲੋਕ ਆਖਣ 'ਫਿਰੇ ਦੀਵਾਨੀ' ।
ਜਿਸ ਨੂੰ ਜਾ ਪੁਛੀਏ ਸੋਈ ਕਹਿੰਦੀ, ਭੈੜੀ ਫਿਰੇ ਖ਼ਰਾਬ ਦੀਵਾਨੀ ।
ਹਾਸ਼ਮ ਖ਼ੂਬ ਅਸਾਂ ਨਾਲ ਕੀਤੀ, ਤੇਰੇ ਇਸ਼ਕ ਉਤੋਂ ਕੁਰਬਾਨੀ ।
ਚੂਚਕ ਬਾਪ ਉਲਾਂਭਿਓਂ ਡਰ ਕੇ
ਚੂਚਕ ਬਾਪ ਉਲਾਂਭਿਓਂ ਡਰ ਕੇ, ਅਸੀਂ ਸ਼ਹਿਰੋਂ ਮਾਰ ਖਦੇੜੇ ।
ਬੇਇਤਬਾਰ ਹੋਏ ਜਗ ਸਾਰੇ, ਹੁਣ ਕਰਨ ਵਿਆਹ ਨ ਖੇੜੇ ।
ਤਰਸਣ ਨੈਣ ਰਾਂਝਣਾ ! ਤੈਨੂੰ, ਅਸੀਂ ਕਿਉਂ ਤੁਧ ਯਾਰ ਸਹੇੜੇ ।
ਹਾਸ਼ਮ ਕੌਣ ਦਿਲਾਂ ਦੀਆਂ ਜਾਣੇ, ਮੇਰਾ ਸਾਹਿਬ ਨਿਆਂ ਨਿਬੇੜੇ ।
ਦਾਮ ਜ਼ੁਲਫ਼ ਵਿਚ ਬੇਰ ਮੋਤੀ ਜਦ
ਦਾਮ ਜ਼ੁਲਫ਼ ਵਿਚ ਬੇਰ ਮੋਤੀ ਜਦ, ਉਲਟ ਉਲਟ ਵਿਚ ਧਰਦੇ ।
ਹੰਸ ਹਾਥ ਛੁਈਆਂ ਕਰ ਫਸਦੇ, ਅਤੇ ਪਟਕ ਪਟਕ ਸਿਰ ਮਰਦੇ ।
ਖੁੰਨਣ ਜ਼ਖਮ ਘਾਇਲ ਦਿਲ ਦਰਦੀ, ਨਿਤ ਸਹਿਣ ਸੂਲ ਦਿਲਬਰ ਦੇ ।
ਵੇਖੋ ਲੇਖ ਹਾਸ਼ਮ ਮੁਸ਼ਤਾਕਾਂ, ਸੋਹਣੇ ਕਦਰ ਨਹੀਂ ਫਿਰ ਕਰਦੇ ।