੧੮੪੭ ਈ. ਨੂੰ ਰੈਜ਼ੀਡੈਂਟ ਲਾਰੰਸ ਨੇ ਇਕ ਦਰਬਾਰ ਕੀਤਾ, ਜਿਸ ਵਿਚ ਕੁਝ ਸਰਦਾਰਾਂ ਨੂੰ ਖਿਤਾਬ ਦਿੱਤੇ ਗਏ। ਇਹਨਾਂ ਵਿਚ ਦੇਸ਼-ਧਰੋਹੀ ਤੇਜ ਸਿੰਘ ਵੀ ਸੀ, ਜਿਸਨੂੰ 'ਰਾਜੇ' ਦਾ ਖਿਤਾਬ ਮਿਲਣਾ ਸੀ । ਇਹ ਓਹਾ ਤੇਜ ਸਿੰਘ ਹੈ, ਜਿਸਨੇ ਲਾਲ ਸਿੰਘ ਨਾਲ ਮਿਲ ਕੇ ਸਤਲੁਜ ਦੇ ਕੰਢੇ, ਸਿੱਖਾਂ ਦੀਆਂ ਬੇੜੀਆਂ ਡੋਬੀਆਂ ਸਨ । ਭਲਾ ਮਹਾਰਾਣੀ ਕਿਵੇਂ ਵੇਖ ਸੁਖਾਂਦੀ ਕਿ ਪੰਜਾਬ ਦੇ ਵੱਡੇ ਵੈਰੀ ਤੇਜ ਸਿੰਘ ਨੂੰ ਇਹ ਪਦਵੀ ਮਿਲੇ ? ਉਸਨੇ ਮਹਾਰਾਜਾ ਦਲੀਪ ਸਿੰਘ ਨੂੰ ਵਕਤ ਤੋਂ ਇਕ ਘੰਟਾ ਪਿਛੋਂ ਘੋਲਿਆ । ਅੱਗੇ ਰੈਂਜ਼ੀਡੈਂਟ ਤੇ ਸਾਰੇ ਦਰਬਾਰੀ ਉਡੀਕ ਰਹੇ ਸਨ । ਸਿੱਖ ਦਰਬਾਰ ਵਿਚ ਇਹ ਰਵਾਜ ਚਲਿਆ ਆਉਂਦਾ ਸੀ ਕਿ ਜਿਸਨੂੰ ਰਾਜੇ ਦੀ ਪਦਵੀ ਮਿਲਦੀ, ਮਹਾਰਾਜਾ ਆਪ ਉਸਦੇ ਮੱਥੇ 'ਤੇ ਹੱਥੀਂ ਤਿਲਕ ਲਾਉਂਦਾ। ਰੈਜ਼ੀਡੈਂਟ ਨੇ ਦਲੀਪ ਸਿੰਘ ਨੂੰ ਤੇਜ ਸਿੰਘ ਦੇ ਮੱਥੇ 'ਤੇ ਤਿਲਕ ਲਾਉਣ ਵਾਸਤੇ ਕਿਹਾ, ਪਰ ਉਸਨੇ ਇਸ ਕੰਮ ਤੋਂ ਨਾਂਹ ਕਰ ਦਿੱਤੀ । ਅੰਤ ਇਕ ਗ੍ਰੰਥੀ (ਪੋਹਤ) ਕੋਲੋਂ ਰਸਮ ਪੂਰੀ ਕਰਾਈ ਗਈ। ਇਸ ਖੁਸ਼ੀ ਵਿਚ ਰਾਤੀ ਆਤਸ਼ਬਾਜ਼ੀ ਚੱਲੀ, ਪਰ ਮਹਾਰਾਣੀ ਨੇ ਦਲੀਪ ਸਿੰਘ ਨੂੰ ਨਾ ਆਉਣ ਦਿੱਤਾ। ਲਾਰਡ ਹਾਰਡਿੰਗ ਇਸ ਘਟਨਾ ਨੂੰ ਇਉਂ ਬਿਆਨ ਕਰਦਾ ਹੈ :- "ਦਲੀਪ ਸਿੰਘ ਨੇ ਆਪਣਾ ਕੰਮ ਬੜੀ ਦ੍ਰਿੜਤਾ ਨਾਲ ਨਿਭਾਇਆ । ਉਸ ਨੇ ਆਪਣੇ ਨਿੱਕੇ-ਨਿੱਕੇ ਹੱਥ ਪਿੱਛੇ ਕਰ ਲਏ ਤੇ ਕੁਰਸੀ ਨਾਲ ਕੰਡ ਲਾ ਲਈ । ਇਕ ਪ੍ਰੋਹਤ ਨੇ ਇਹ ਰਸਮ ਪੂਰੀ ਕੀਤੀ। ਸ਼ਾਮ ਨੂੰ ਮਹਾਰਾਣੀ ਨੇ ਮਹਾਰਾਜੇ ਨੂੰ ਆਤਸ਼ਬਾਜ਼ੀ ਵੇਖਣ ਆਉਣ ਵਾਸਤੇ ਲੀੜੇ ਨਾ ਪਾਉਣ ਦਿੱਤੇ। ਮੁੱਕਦੀ ਗੱਲ, ਮਹਾਰਾਣੀ ਉਸਨੂੰ ਇਸ ਗੱਲ ਲਈ ਪੱਕਿਆਂ ਕਰਦੀ ਜਾ ਰਹੀ ਸੀ ਕਿ ਉਹ ਸਰਕਾਰ ਤੇ ਅੰਗਰੇਜ਼ੀ ਸੰਬੰਧ ਦੀ ਵਿਰੋਧਤ ਕਰੋ। ਮੈਂ ਲਾਰੰਸ (L.) ਨਾਲ ਗੁਪਤ ਚਿੱਠੀ ਪੱਤਰ ਕਰ ਰਿਹਾ ਹਾਂ, ਤੇ ਮੈਨੂੰ ਇਸ ਤੋਂ ਬਿਨਾਂ ਹੋਰ ਕੋਈ ਉਪਾ ਨਹੀਂ ਸੁਝਦਾ ਕਿ ਮਹਾਰਾਣੀ ਨੂੰ ਲਾਹੌਰੋਂ ਹਟਾ ਦਿੱਤਾ ਜਾਵੇ । .. ਛੇਤੀ ਜਾਂ ਚਿਰਾਕੀ ਇਹ ਨੌਬਤ ਆ ਜਾਵੇਗੀ। ਜਿਉਂ ਜਿਉਂ ਉਹ ਵੱਡਾ ਹੁੰਦਾ ਹੈ, ਉਹਦਾ ਸਰਪ੍ਰਸਤ ਹੋਣ ਦੇ ਕਾਰਨ ਸਾਡਾ ਇਹ ਧਰਮ ਹੈ ਕਿ ਅਸੀਂ ਉਹਨੂੰ ਮਹਾਰਾਣੀ ਦਿਆਂ ਖੋਟਿਆਂ ਪੂਰਨਿਆਂ ਤੋਂ ਬਚਾਈਏ।"
" ਮਹਾਰਾਜਾ ਦਲੀਪ ਸਿੰਘ ਨੇ ਤੇਜ ਸਿੰਘ ਨੂੰ ਤਿਲਕ ਦੇਣੋ ਨਾਂਹ ਕਰ ਦਿੱਤੀ। ਜਿੰਦ ਕੌਰ ਦੇ ਵਿਰੋਧੀਆਂ ਨੂੰ ਉਹਦੇ ਉਲਟ ਬਹਾਨਾ ਮਿਲ ਗਿਆ । ਤੇ ਬਹਾਨਾ ਹੀ ਉਹ ਚਾਹੁੰਦੇ ਸਨ, ਨਹੀਂ ਤਾਂ ਉਸਦੇ ਦੇਸ਼-ਨਿਕਾਲੇ ਦਾ ਫੈਸਲਾ ਤਾਂ ਲਾਰਡ ਹਾਰਡਿੰਗ ਦਸੰਬਰ, ੧੮੪੬ ਵਿਚ ਹੀ ਕਰ ਚੁੱਕਾ ਸੀ । ੭ ਅਗਸਤ ਵਾਲੀ ਘਟਨਾ ਮਹਾਰਾਣੀ ਦੇ ਵਿਰੁਧ ਮਾਰੂ ਹਥਿਆਰ ਬਣਾ ਕੇ ਵਰਤੀ ਗਈ।
-------------------------
੧. ਹਾਰਡਿੰਗ ਦੀ ਗੁਪਤ ਚਿੱਠੀ ਕਰੀ ਨੂੰ, ੧੯ ਅਗਸਤ, ੧੮੪੭ ਈ. ।
੨. ਵੇਖੋ ਏਸੇ ਕਿਤਾਬ ਦਾ ਪੰਨਾ ੨੭ ।