ਉਸਨੂੰ ਵੱਖਰਾ ਗੁਜ਼ਾਰਾ ਦਿੱਤਾ ਗਿਆ, ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਇੰਜ਼ਤ ਨਾਲ ਗੁਜ਼ਾਰ ਸਕੇ । ਇਹ ਸਭ ਕੁਛ ਹੁੰਦਿਆਂ ਹੋਇਆਂ ਮਹਾਰਾਣੀ, ਗੋਰਮਿੰਟ ਨੂੰ ਉਲਟਾਣ ਦੀਆਂ ਚਾਲਾਂ ਚਲਦੀ ਰਹੀ, ਤੇ ਵਜ਼ੀਰਾਂ ਦੀ ਐਨੀ ਵਿਰੋਧਤਾ ਕਰਦੀ ਰਹੀ ਹੈ ਕਿ ਸਰਕਾਰੀ ਕੰਮਾਂ ਵਿਚ ਰੁਕਾਵਟਾਂ ਤੇ ਔਕੜਾਂ ਪੈਦਾ ਹੁੰਦੀਆਂ ਰਹੀਆਂ ਹਨ।
"ਦੂਜਾ : ਮਹਾਰਾਜਾ ਅਜੇ ਬਾਲਕ ਹੈ, ਤੇ ਉਹ ਵੱਡਾ ਹੋ ਕੇ ਉਹੋ ਜਿਹਾ ਬਣੇਗਾ, ਜੇਹੋ ਜਿਹਾ ਉਸਨੂੰ ਬਣਾਇਆ ਜਾਵੇਗਾ । ਸੋ ਇਹ ਸੰਭਵ ਹੈ ਕਿ ਉਹਦੀ ਮਾਤਾ ਆਪਣੇ ਜਾਤੀ ਵਿਰੋਧ ਦੇ ਕਾਰਨ, ਸਰਦਾਰਾਂ ਦੇ ਵਿਰੁਧ ਉਹਦੇ ਮਨ ਵਿਚ ਜ਼ਹਿਰ ਭਰਦੀ ਰਹੇਗੀ। ਰਾਜ ਦੇ ਵਜ਼ੀਰਾਂ ਤੇ ਸਰਦਾਰਾਂ ਦੀ ਵਿਰੋਧਤਾ ਦੀ ਸਿੱਖਿਆ ਉਸਨੂੰ ਦਿੱਤੀ ਜਾਵੇਗੀ, ਤੇ ਅਜਿਹੀ ਸਿੱਖਿਆ ਦੀ ਕਦੇ ਆਗਿਆ ਨਹੀਂ ਦਿੱਤੀ ਜਾ ਸਕਦੀ । ਮਹਾਰਾਜੇ ਦੀ ਸਿੱਖਿਆ, ਮਨ ਦੀ ਉਚਾਈ, ਕੁਦਰਤੀ ਵਿੱਦਿਆ ਤੇ ਇਨਸਾਨੀ ਗੁਣਾਂ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ, ਤਾਂ ਕਿ ਇਸ ਅਹਿਦਨਾਮੇ ਦੇ ਮੁਕਣ ਉੱਤੇ ਮਹਾਰਾਜੇ ਤੇ ਉਸਦੀ ਪਰਜਾ ਦੀ ਹਰ ਸ਼ਰੇਣੀ ਵਿਚ ਅਮਨ ਬਹਾਲ ਰਹਿ ਸਕੇ, ਤੇ ਉਹ ਇਕ ਦੂਜੇ ਨੂੰ ਮਿਹਰਬਾਨ ਸਮਝਣ । ਅਮਨ ਇਕ ਰੱਬੀ ਦਾਤ ਹੈ, ਪਰ ਜੇ ਮਹਾਰਾਜਾ ਆਪਣੀ ਮਾਂ ਕੋਲ ਰਿਹਾ, ਤਾਂ ਉਹਦੀ ਆਸ ਨਹੀਂ ਰਖੀ ਜਾ ਸਕਦੀ ।
"ਤੀਜਾ : ਜਦੋਂ ਤਕ ਮਹਾਰਾਣੀ ਲਾਹੋਰ ਦੇ ਰਾਜ ਮਹਿਲ ਵਿਚ ਹੈ, ਓਪਰੇ ਬੰਦੇ ਬਿਨਾਂ ਰੁਕਾਵਟ ਉਸਨੂੰ ਮਿਲ ਸਕਦੇ ਨੇ ਤੇ ਹਰ ਇਕ ਫਸਾਦੀ-ਜੋ ਹੁਣ ਵਾਲੇ ਪਰਬੰਧ 'ਤੇ ਖੁਸ਼ ਨਹੀਂ,- ਮਹਾਰਾਣੀ ਨੂੰ: ਰਾਜ ਦਾ ਵਾ ਸਿਰਤਾਜ ਸਮਝਦਾ ਹੈ, ਤੇ ਵਿਚੋਂ ਕਈਆਂ ਨੇ ਤਾਂ ਖਾਲਸਾ ਸਰਕਾਰ ਨੂੰ ਉਲਟ ਦੇਣ ਦੇ ਵੀ ਯਤਨ ਕੀਤੇ ਹਨ।
"ਪੰਜਾਬ ਰਾਜ ਦੇ ਹਰ ਸੱਜਣ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਗਵਰਨਰ- ਜੈਨਰਲ ਹਿੰਦ ਜਨਤਾ ਦੇ ਅਮਨ, ਮੁਲਕ ਦੀ ਰਾਖੀ, ਸਰਕਾਰ ਦੀ ਸਥਿਰਤਾ, ਮਹਾਰਾਜੇ ਤੇ ਉਸਦੇ ਵਜ਼ੀਰਾਂ ਦੀ ਇੱਜ਼ਤ ਬਹਾਲ ਰੱਖਣ ਦਾ ਦਿਲੋਂ ਚਾਹਵਾਨ ਹੈ"।੧"
੯ ਸਾਲ ਦੇ ਬੱਚੇ ਨੂੰ ਉਸਦੀ ਮਾਂ ਤੋਂ ਵਿਛੋੜ ਦਿੱਤਾ ਗਿਆ । ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 'ਮਹਿਬੂਬਾ' ਜਿੰਦ ਕੌਰ ਨੂੰ ਸ਼ੇਖੂਪੁਰ ਦੇ ਕਿਲ੍ਹੇ ਵਿਚ ਮਾਮੂਲੀ ਕੈਦੀਆਂ ਵਾਂਗ ਬੰਦ ਕਰ ਦਿੱਤਾ ਗਿਆ। ਉਸਦੀ ਪੈਨਸ਼ਨ ਭਰੋਵਾਲ ਦੀ ਸੁਲ੍ਹਾ ਦੇ ਉਲਟ-ਘਟਾ ਦਿੱਤੀ ਗਈ । ਉਸਨੂੰ ਆਪਣੇ ਪੁੱਤਰ ਨੂੰ ਸੁੱਖ ਸੁਨੇਹਾ ਘੱਲਣੇ ਵੀ ਬੰਦ ਕਰ ਦਿੱਤਾ ਗਿਆ। ਇਹ ਕੁਝ ਉਸ ਹੈਨਰੀ ਲਾਰੰਸ ਤੇ ਲਾਰਡ ਹਾਰਡਿੰਗ ਨੇ ਕੀਤਾ, ਜਿਨ੍ਹਾਂ ਨੂੰ ਨੇਕ ਦਿਲ, ਚੰਗੇ ਭਲੇ ਪੁਰਸ਼ ਤੇ ਨਰਮ ਸੁਭਾ ਦੇ ਕਿਹਾ ਜਾਂਦਾ ਹੈ । ਤੇ ਅੱਗੋਂ ਤਾਂ ਅਫਸਰ ਵੀ ਦੋਵੇਂ ਸਖਤ ਆ ਗਏ। ਵੇਖੀਏ, ਫਿਰ ਮਹਾਰਾਣੀ ਨਾਲ ਕੀ ਸਲੂਕ ਹੁੰਦਾ ਹੈ ।
੧. Punjab Papers (1847-9), p. 53