ਹੈ, ਕਿ ਮਹਾਰਾਣੀ ਨੂੰ ਖਾਣਾ ਵੀ ਉਸ ਦੀ ਮਨ ਮਰਜ਼ੀ ਦਾ ਨਹੀਂ ਮਿਲਦਾ ਸੀ । ਉਸ ਦੀ ਕੈਦ ਇਖਲਾਕੀ ਗੁਨਾਹੀਆਂ ਨਾਲੋਂ ਵੀ ਕਰੜੀ ਸੀ।
ਜੀਵਨ ਸਿੰਘ ਜਿੰਦਾਂ ਦਾ ਵਕੀਲ
ਇਸ ਸਖਤੀ ਤੋਂ ਤੰਗ ਆ ਕੇ ਮਹਾਰਾਣੀ ਨੇ ਆਪਣਾ ਵਕੀਲ ਜੀਵਨ ਸਿੰਘ ਕਲਕੱਤੇ ਲਾਰਡ ਡਲਹੌਜ਼ੀ ਕੋਲ ਭੇਜਿਆ ।੨ ਫਰਵਰੀ, ੧੮੪੮ ਨੂੰ ਜੀਵਨ ਸਿੰਘ ਨੇ ਲਾਰਡ ਡਲਹੌਜ਼ੀ ਕੋਲ ਪ੍ਰਾਰਥਨਾ ਕੀਤੀ, "ਮਹਾਰਾਣੀ ਨਹੀਂ ਜਾਣਦੀ ਕਿ ਉਸ ਨਾਲ ਏਨਾ ਕਠੋਰ ਵਰਤਾਓ ਕਿਉਂ ਕੀਤਾ ਜਾ ਰਿਹਾ ਹੈ। ਜੇ ਰੈਜ਼ੀਡੈਂਟ ਨੂੰ ਕਿਸੇ ਖੜਯੰਤੁ ਦਾ ਸ਼ੱਕ ਹੈ, ਤਾਂ ਮੁਕੱਦਮਾ ਚਲਾ ਕੇ ਪੜਤਾਲ ਕਰ ਲਈ ਜਾਵੇ । ਮਹਾਰਾਣੀ ਨਿਰਦੋਸ਼ ਹੈ। ਉਸ ਨਾਲ ਰਾਜ-ਮਾਤਾ ਵਾਲਾ ਸਲੂਕ ਕੀਤਾ ਜਾਵੇ ਤੇ ਉਸਨੂੰ ਆਪਣੇ ਸਾਕ ਸੰਬੰਧੀਆਂ ਨੂੰ ਮਿਲਣ ਦੀ ਖੁੱਲ੍ਹ ਦਿਤੀ ਜਾਵੇ। ਰੈਜ਼ੀਡੈਂਟ ਨੇ ਉਸ ਦੇ ਰਖਵਾਲੇ ਹਾਕਮ, ਉਸ ਦੇ ਵੈਰੀ ਸਰਦਾਰ ਲਾਏ ਹਨ । ਕਿਰਪਾ ਕਰ ਕੇ ਕਿਸੇ ਨੇਕ ਅੰਗਰੇਜ਼ ਅਫਸਰ ਨੂੰ ਉਸ ਦਾ ਰਖਵਾਲਾ ਬਣਾਇਆ ਜਾਵੇ ।"
ਡਲਹੌਜ਼ੀ ਦਾ ਉਤਰ
ਇਸ ਦਾ ਉੱਤਰ ੧੮ ਫਰਵਰੀ ਨੂੰ ਡਲਹੌਜੀ ਵੱਲੋਂ ਮਿਲਿਆ, "ਸਰਕਾਰ ਜੀਵਨ ਸਿੰਘ ਨੂੰ ਮਹਾਰਾਣੀ ਦਾ ਵਕੀਲ ਨਹੀਂ ਮੰਨਦੀ। ਉਸ ਨੇ ਜੋ ਕੁਛ ਕਹਿਣਾ ਹੋਵੇ, ਰੈਜ਼ੀਡੈਂਟ ਰਾਹੀਂ ਕਹੇ ।" ਵਾਹ । ਕਿਆ ਸੋਹਣਾ ਉੱਤਰ ਹੈ । ਜਿਸ ਹਾਕਮ ਵਿਰੁੱਧ ਮਹਾਰਾਣੀ ਨੂੰ ਕੋਈ ਰੋਸ ਹੈ, ਓਸੇ ਰਾਹੀਂ ਬੇਨਤੀ ਕਰੋ।
ਜੀਵਨ ਸਿੰਘ ਨੇ ਫਿਰ ਯਤਨ ਕਰ ਕੇ ੨੩ ਫਰਵਰੀ ਨੂੰ ਡਲਹੌਜ਼ੀ ਪਾਸ ਫਰਿਆਦ ਕੀਤੀ, "ਆਪ ਆਪਣੇ ਬੀਤ ਚੁੱਕੇ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਧਰਮ-ਪਤਨੀ ਤੇ ਆਪਣੇ ਆਸਰੇ ਥੱਲੇ ਲਏ ਹੋਏ ਬਾਲਕ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨਾਲ ਇਨਸਾਫ ਕਰੋ।" ਅੱਗੋਂ ਡਲਹੌਜ਼ੀ ਨੇ ਬੜੇ ਕੌੜੇ ਸ਼ਬਦਾਂ ਵਿਚ ਉੱਤਰ ਦਿੱਤਾ, "ਮਹਾਰਾਣੀ ਜਿੰਦਾਂ ਨੇ ਆਪਣੇ ਆਪ ਨੂੰ ਰਣਜੀਤ ਸਿੰਘ ਦੀ ਵਿਧਵਾ ਤੇ ਵਰਤਮਾਨ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਕਹਿ ਕੇ ਮੇਰੇ ਪਾਸ ਪ੍ਰਾਰਥਨਾ ਕੀਤੀ ਹੈ, ਇਸ ਵਾਸਤੇ ਉਹ ਮੈਥੋਂ ਕਿਸੇ ਗੱਲ ਦੀ ਆਸ ਨਾ ਰੱਖੇ ।" ਮਾਨੋ, ਰਣਜੀਤ ਸਿੰਘ ਦੀ ਰਾਣੀ ਤੇ ਦਲੀਪ ਸਿੰਘ ਦੀ ਮਾਤਾ ਕਹਿ ਕੇ ਜਿੰਦਾਂ ਨੇ ਉਹ ਪਾਪ ਕੀਤਾ ਹੈ, ਜਿਸ ਦੀ ਮਾਫੀ ਡਲਹੌਜ਼ੀ ਦੀ ਦਰਗਾਹ ਵਿਚ ਬਿਲਕੁਲ ਨਹੀਂ ਸੀ । ਵਿਚਾਰਾ ਜੀਵਨ ਸਿੰਘ ਟੱਕਰਾਂ ਮਾਰ ਕੇ ਨਿਰਾਸ ਮੁੜ ਆਇਆ।