ਦਲੀਪ ਸਿੰਘ ਦੀ ਮਾਤਾ, ਮਹਾਰਾਣੀ ਜਿੰਦ ਕੌਰ ਨੂੰ ਕੱਲ੍ਹ ਲੌਢੇ ਵੇਲੇ ਮੇਰੇ ਹੁਕਮ ਨਾਲ ਸ਼ੇਖੂਪੁਰ ਦੇ ਕਿਲ੍ਹੇ 'ਚੋਂ ਕੱਢ ਕੇ, ਅਫਸਰਾਂ ਦੀ ਨਿਗਰਾਨੀ ਅੰਦਰ ਵੀਰੋਜ਼ਪੁਰ ਨੂੰ ਤੋਰ ਦਿੱਤਾ ਗਿਆ । ਮਹਾਰਾਣੀ ਦਾ ਪੰਜਾਬ ਵਿਚੋਂ ਦੇਸ਼-ਨਿਕਾਲਾ ਤੇ ਗਵਰਨਰ-ਜੈਨਰਲ
- ਪਾਣੀ ਅੱਖਾ ਦਾ ਪਾ ਪਾ ਬੁਝਾਣ ਲੱਗੀ ।
ਜਿਉਂ ਜਿਉਂ ਵਰਨ ਹੰਝੂ, ਤਿਉਂ ਤਿਉਂ ਬਲਨ ਭਾਂਬੜ,
ਆਪਣੀ ਅੱਗ ਵਿਚ ਆਪ ਸੜ ਜਾਣ ਲੱਗੀ।
ਉਹਦੇ ਇਕ ਇਕ ਡਲ੍ਹਕਦੇ ਅਥਰੂ ਵਿਚ,
ਨਕਸ਼ਾ ਪੰਜਾਂ ਦਰਿਆਵਾਂ ਦਾ ਫਿਰ ਰਿਹਾ ਸੀ।
ਉਹਦੇ ਸਾਮ੍ਹਣੇ ਹਸਰਤਾਂ ਪਿਟਦੀਆਂ ਸਨ,
ਕਾਲ ਚੱਕਰ ਵਿਚ ਕਾਲਜਾ ਚਿਰ ਰਿਹਾ ਸੀ ।
ਉਹਨੂੰ ਭਾਸਦਾ ਸੀ ਜਿਵੇਂ ਫੇਰ ਸੱਜਰਾ,
ਅੱਜ ਸਿਵਾ ਰਣਜੀਤ' ਦਾ ਬਲ ਰਿਹਾ ਸੀ ।
ਦਰਦੀ ਬਣ ਕੇ ਉਪਕਾਰ ਦਾ ਦੇਵਤਾ ਕੋਈ
ਤੇਲ ਪਾ ਰਿਹਾ ਸੀ, ਪੱਖਾ ਝੱਲ ਰਿਹਾ ਸੀ।
ਰਾਜ ਭਾਗ ਪੰਜਾਬ ਦਾ ਸੜ ਰਿਹਾ ਸੀ।
ਵਿਚ ਸੋਹਲ 'ਦਲੀਪ' ਵੀ ਜਲ ਰਿਹਾ ਸੀ।
ਰੱਤ ਓਸ ਮਾਸੂਮ ਦੀ ਚੋਂ ਚੋ ਕੇ
ਕੋਈ ਬੁੱਲ੍ਹਾ ਉਤੇ ਸੁਰਖੀ ਮਲ ਰਿਹਾ ਸੀ।
ਫੇਰ ਦਿੱਸਿਆ ਸਿਰੋ 'ਦਲੀਪ' ਦੇ ਜਿਉਂ
ਹੋਣੀ ਤਾਜ ਪੰਜਾਬ ਦਾ ਲਾਹ ਲਾਹ ਲਿਆ।
ਹਰ ਥਾਂ ਨੀਤੀ ਦੇ ਜਾਲ ਖਿਲਾਰ ਕੇ ਤੇ,
ਓਸ ਬਾਲ ਅੰਞਾਣੇ ਨੂੰ ਫਾਹ ਲਿਆ।
ਫਿਰ ਪਰਦੇਸ ਵਿਚ ਮੰਗਦਾ ਨਜ਼ਰ ਆਇਆ
ਉਹ ਪੰਜਾਬ ਦੇ ਤਖਤ ਸੁਹਾਉਣ ਵਾਲਾ।
ਭਾੱ ਕੌਡੀਆਂ ਦੇ ਹਾਇ। ਰੁਲ ਰਿਹਾ ਸੀ,
ਆਪਣੇ ਤਾਜ ਵਿਚ ਹੀਰੇ ਹੰਢਾਉਣ ਵਾਲਾ।
ਬੱਧੀ ਹੱਥ ਖਲੋਤਾ ਸੀ ਕਿਸੇ ਅੱਗੇ,
ਉਹ ਕਰੋਤਾਂ 'ਤੇ ਹੁਕਮ ਚਲਾਉਣ ਵਾਲਾ ।
ਕਿਸੇ ਤੋੜ ਅੰਗਿਆਰਾਂ 'ਤੇ ਧਰ ਦਿਤਾ ਸੀ,
ਤੱਤੀ ਵਾ ਨਾਲ ਫੁੱਲ ਕੁਮਲਾਉਣ ਵਾਲਾ।
ਇਹ ਖਿਆਲ ਆਉਂਦੇ ਸਾਰ ਤੜਫ ਉਠੀ,
ਜਿੰਦ ਜਿੰਦਾਂ ਦੀ ਕੀਰਨੇ ਪਾ ਰਹੀ ਸੀ ।
ਰੀਝਾਂ ਮਗਰ ਕੁਰਲਾਉਂਦੀਆਂ ਜਾਂਦੀਆਂ ਸਨ,
ਰਾਣੀ ਬੰਧੀ ਬਨਾਰਸ ਨੂੰ ਜਾ ਰਹੀ ਸੀ ।