Back ArrowLogo
Info
Profile

ਮੁੱਕਦੀ ਗੱਲ, ਮਹਾਰਾਣੀ ਦੀਆਂ ਬੇਨਤੀਆਂ 'ਤੇ ਕੋਈ ਧਿਆਨ ਨਾ ਦਿੱਤਾ ਗਿਆ ।

ਹਰਚੰਦ ਮੇਂ ਝੁਕ ਝੁਕ ਕੇ ਕੀਏ ਸੈਂਕੜੋਂ ਸਜਦੇ,

ਪਰ ਖਮ ਨਾ ਹੂਈ ਉਸ ਬੁਤੇ ਮਗਰੂਰ ਕੀ ਗਰਦਨ

ਫਿਰ ਨਿਊਮਾਰਚ ਨੇ ਕਲਕੱਤੇ ਸੁਪਰੀਮ-ਕੋਰਟ ਵਿਚ ਅਪੀਲ ਕੀਤੀ, ਪਰ ਓਥੇ ਵੀ ਕੋਈ ਨਾ ਸੁਣੀ ਗਈ। ਫਿਰ ਉਸਨੇ ਮਹਾਰਾਣੀ ਨੂੰ ਵਲਾਇਤ ਵਿਚ ਕੋਰਟ ਆਫ ਡਾਇਰੈਕਟਰਜ਼ ਪਾਸ ਬੇਨਤੀ ਕਰਨ ਦੀ ਸਲਾਹ ਦਿੱਤੀ, ਤੇ ਇਸ ਕੰਮ ਦੇ ਖਰਚ ਵਾਸਤੇ ਪੰਜਾਹ ਹਜ਼ਾਰ ਰੁਪਇਆ ਮੰਗਿਆ । ਪਰ ਜੇ ਮਹਾਰਾਣੀ ੫੦ ਹਜ਼ਾਰ ਰੁਪਇਆ ਦੇਣ ਜੋਗੀ ਹੁੰਦੀ, ਤਾਂ ਫਿਰ ਇਕ ਹਜ਼ਾਰ ਵਾਸਤੇ ਡਲਹੌਜੀ ਸਾਮ੍ਹਣੇ ਕਿਉਂ ਤਰਲੇ ਕਰਦੀ ? ਸੋ, ਇਹ ਰੋਣਾ ਧੋਣਾ ਏਥੇ ਦਾ ਏਥੇ ਹੀ ਰਹਿ ਗਿਆ। ਪੈਨਸ਼ਨ ਇਕ ਹਜ਼ਾਰ ਹੀ ਰਹੀ ।

ਜਿਉਂ-ਜਿਉਂ ਪੱਛਮੀ ਪੰਜਾਬ ਵਿਚ ਬਗਾਵਤ ਦੀ ਅੱਗ ਜ਼ੋਰ ਫੜਦੀ ਗਈ, ਤਿਉਂ-ਤਿਉਂ ਮਹਾਰਾਣੀ ਦੀ ਕੈਦ ਸਖਤ ਹੁੰਦੀ ਗਈ । ੧੩ ਜਨਵਰੀ, ੧੮੪੯ ਨੂੰ ਚੇਲੀਆਂ ਵਾਲੀ ਦੇ ਯੁੱਧ ਵਿਚ ਅੰਗਰੇਜ਼ ਫੌਜ ਦਾ ਬਹੁਤ ਬੁਰਾ ਹਾਲ ਹੋਇਆ । ਇਸ ਦੇ ਨਤੀਜੇ ਵੇਖ ਕੇ ਅੰਗਰੇਜ਼ ਜਰਨੈਲ ਬਹੁਤ ਘਬਰਾ ਰਹੇ ਸਨ, ਤੇ ਬਹੁਤੇ ਏਸ ਅੱਗ ਨੂੰ ਛੇਤੀ ਤੋਂ ਛੇਤੀ ਸ਼ਾਂਤ ਜਾਂ ਖਤਮ ਕਰਨਾ ਚਾਹੁੰਦੇ ਸਨ । ਮਾਊਂਟੇਨ (Mountain) ਨੇ ਗਵਰਨਰ-ਜੈਨਰਲ ਡਲਹੌਜੀ ਕੋਲ ਬੇਨਤੀ ਵੀ ਕੀਤੀ ਕਿ ਜੇ ਮਹਾਰਾਣੀ ਨੂੰ ਪੰਜਾਬ ਵਿਚ ਵਾਪਸ ਲੈ ਆਂਦਾ ਜਾਵੇ, ਤਾਂ ਇਹ ਬਗਾਵਤ ਦੀ ਅੱਗ ਠੰਢੀ ਹੋ ਸਕਦੀ ਹੈ। ਅੱਗੋਂ ਡਲਹੌਜ਼ੀ ਨੇ ਫੀਰੋਜ਼ਪੁਰ ਤੋਂ ੩੧ ਜਨਵਰੀ, ੧੮੪੯ ਨੂੰ ਮਾਉਂਟੇਨ ਨੂੰ ਲਿਖਿਆ :-

ਜਿੰਦਾਂ ਬਾਰੇ ਡਲਹੌਜ਼ੀ ਦੀ ਚਿੱਠੀ

"ਰਾਣੀ ਨੂੰ ਵਾਪਸ ਲਿਆਉਣ ਦੀ ਤਾਂਘ ਵਾਲੇ ਸਿੱਖਾਂ ਦੇ ਬਹਾਨੇ ਸਭ ਵਿਅਰਥ ਹਨ। ਜੇ ਭਲਾ ਸਿੱਖ ਵਧੇਰੇ ਇਸ ਗੱਲ ਵਿਚ ਸੱਚੇ ਤੇ ਸੰਜੀਦਾ ਹੋਣ, ਤਾਂ ਇਹ ਇਸ ਗੱਲ ਲਈ ਹੋਰ ਵਧੇਰੇ ਪੱਕੇ ਸਬਬ ਹਨ ਕਿ ਉਹਨਾਂ ਦੀ ਇਹ ਗੱਲ ਨਾ ਮੰਨੀ ਜਾਏ । ਪੰਜਾਬ ਵਿਚ ਕੇਵਲ ਓਹੋ (ਮਹਾਰਾਣੀ) ਹੀ ਮਰਦਾਂ ਵਾਲੀ ਸਮਝ ਰੱਖਦੀ ਹੈ, ਤੇ ਉਸਦਾ ਵਾਪਸ ਲਿਆਉਣਾ ਸਿਰਫ ਇਕ ਉਹ ਚੀਜ਼ ਮੁੜ ਲਿਆ ਖਲੀ ਕਰੇਗਾ, ਜਿਸਦਾ ਵਰਤਮਾਨ (ਸਿੱਖਾਂ ਦੀ ਦੂਜੀ ਲੜਾਈ) ਨੂੰ ਸੱਚ-ਮੁੱਚ ਭਿਆਨਕ ਬਨਾਉਣ ਲਈ ਘਾਟਾ ਹੈ, ਭਾਵ ਇਕ ਨਸ਼ਾਨਾ ਤੇ ਇਕ ਦਿਮਾਗ ।

44 / 168
Previous
Next