ਇਹ ਪੁਸਤਕ
ਇੱਕ ਅਜੀਬ ਜਿਹੀ ਹੀ ਗੱਲ ਹੋ ਗਈ, ਨਾ ਪਲਾਟ ਕਰਕੇ, ਨਾ ਪਾਤਰਾਂ ਕਰਕੇ, ਨਾ ਘਟਨਾਵਾਂ ਕਰਕੇ ਅਤੇ ਨਾ ਕੋਈ ਸਪੱਸ਼ਟ ਮਨ ਵਿੱਚ ਕਲਪਨਾ ਜਾਂ ਵਿਚਾਰ ਲੈ ਕੇ ਹੀ The Iron Flood ਦਾ ਆਰੰਭ ਹੋ ਗਿਆ।
ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਥੋੜ੍ਹਾ ਚਿਰ ਹੀ ਪਹਿਲਾਂ, ਮੇਰੇ ਪੁੱਤਰ ਅਨਾਤੋਲੀ ਨੇ ਕਾਕੇਸ਼ੀਅਨ ਪਹਾੜੀ ਸਿਲਸਿਲਿਆਂ ਵਿੱਚ ਪਾਣੀ ਦੀਆਂ ਕੰਧੀਆਂ ਨੂੰ ਵੇਖਣ ਦਾ ਫੈਸਲਾ ਕਰ ਲਿਆ, ਜੋ ਨੋਵਰੋਸੀਸਕ ਦੇ ਕਸਬੇ ਤੋਂ ਸ਼ੁਰੂ ਹੋ ਕੇ ਬੜੀ ਸ਼ਾਨ ਨਾਲ ਸਮੁੰਦਰ ਤੇ ਸਟੈਪੀ ਤੱਕ ਜਾਂਦੀਆਂ ਸਨ।
ਭੂਰੀਆਂ ਚੱਟਾਨਾਂ, ਖੁੱਲ੍ਹੇ ਮੂੰਹ ਦੀਆਂ ਖੱਡਾਂ ਤੇ ਉੱਪਰ ਆਕਾਸ਼ ਤੀਕ, ਜਾਂ ਤੇ ਹੁਨਾਲ ਦੇ ਚਿੱਟੇ ਦੁੱਧ ਬੱਦਲਾਂ ਦੀ ਲਿਸ਼ਕ ਸੀ ਤੇ ਜਾਂ ਚਮਕਦੀਆਂ ਬਰਫਾਂ ਦੀਆਂ ਚੋਟੀਆਂ
ਜਿਉਂ ਜਿਉਂ ਅਸੀਂ ਉੱਪਰ ਵੱਲ ਨੂੰ ਚੜ੍ਹਦੇ ਗਏ, ਆਲੇ ਦੁਆਲੇ ਸੁੱਖੜ ਖੜ੍ਹੀਆਂ ਚੱਟਾਨਾਂ ਵਿੱਚ ਦੀ ਸਮੁੰਦਰ ਦਿਸਣੋਂ ਹੱਟ ਗਿਆ । ਹਵਾ ਵੀ ਘੱਟ ਵਧ ਹੀ ਰਹਿ ਗਈ ਤੇ ਸਾਹ ਤੇਜ਼ ਤੇਜ਼ ਆਉਣ ਲੱਗ ਪਿਆ। ਲਿਸ਼ਕਦੇ ਚਿੱਟੇ ਬੱਦਲ ਸਾਡੇ ਸਿਰਾਂ ਨਾਲ ਖਹਿ ਖਹਿ ਕੇ ਲੰਘ ਜਾਂਦੇ । ਗਰਮੀ ਵੀ ਬਸ ਏਨੀ ਕੁ ਹੀ ਸੀ, ਜਿੰਨੀ ਕੁ ਉੱਚੇ ਪਹਾੜਾਂ ਉੱਤੇ ਹੋ ਸਕਦੀ ਹੈ।
ਅਚਾਨਕ ਚੱਟਾਨਾਂ ਪਿੱਛੇ ਨੂੰ ਪਰਤ ਪਈਆਂ। ਅਸੀਂ ਹੈਰਾਨ ਵੇਖਦੇ ਰਹਿ ਗਏ। ਕਾਕੇਸ਼ੀਅਨ ਸਿਲਸਿਲਾ, ਇਹ ਭਾਰੀ ਕੰਧੀ, ਏਨੀ ਪਤਲੀ ਹੋ ਗਈ ਸੀ, ਜਿਉਂ ਉਸਤਰੇ ਦੀ ਧਾਰ । ਸੱਜੇ ਖੱਬੇ ਦੁਹੀਂ ਪਾਸੀਂ ਦੂਰ ਹੇਠਾਂ ਤੀਕ ਜਾਂਦੀਆਂ ਸੁੱਖੜ-ਚੱਟਾਨਾਂ ਸਨ। ਸੱਜੇ ਹੱਥ ਸਮੁੰਦਰ ਇਉਂ ਖੜ੍ਹਤਾ ਜਾਪਦਾ ਸੀ, ਜਿਉਂ ਇੱਕ ਨੀਲੇ ਰੰਗ ਦੀ ਪਿਘਲੀ ਹੋਈ ਕੰਧ ਖੜ੍ਹਤੀ ਹੋਈ ਹੋਵੇ - ਇੱਡੀ ਦੂਰੋਂ ਸਾਨੂੰ ਲਹਿਰਾਂ ਦਾ ਜ਼ਰਾ ਵੀ ਪਤਾ ਨਹੀਂ ਸੀ ਲੱਗ ਰਿਹਾ। ਖੱਬੇ ਹੱਥ, ਦੂਰ ਹੇਠਾਂ, ਰੁੱਖਾਂ ਨਾਲ ਭਰੀਆਂ, ਨੀਲੇ ਰੰਗ ਦੀਆਂ ਪਹਾੜੀਆਂ ਸਨ ਤੇ ਇਸ ਤੋਂ ਪਰ੍ਹੇ ਕੀਊਥਨ ਸਟੈਪੀ ਦਾ ਵਿਸਥਾਰ ਸੀ।
ਅਸੀਂ ਕੀਲੇ ਹੋਏ, ਇਹਨਾਂ ਦੁਹਾਂ ਨੂੰ ਜੋੜਨ ਵਾਲੀ ਉਸ ਸੌੜੀ ਥਾਂ ਉੱਤੇ ਜਿਸ ਦੀ ਚੌੜਾਈ ਦੋ ਮੀਟਰ ਤੋਂ ਜ਼ਿਆਦਾ ਨਹੀਂ ਸੀ, ਅੱਖਾਂ ਸਾਹਮਣੇ ਵਿਛੇ ਸੰਸਾਰ ਦਾ ਨਜ਼ਾਰਾ ਵੇਖਦੇ ਰਹੇ।
ਅਕਤੂਬਰ ਇਨਕਲਾਬ ਸਫਲ ਹੋ ਗਿਆ ਸੀ।
ਮੇਰਾ ਆਪਣਾ ਪਿਆਰਾ ਇਨਕਲਾਬੀ ਮਾਸਕੋ, ਲਾਲੋ ਲਾਲ ਹੋਇਆ ਸੀ । ਮਾਸਕੋ ਦੀਆਂ ਖਿੜਕੀਆਂ ਖੁੰਡਿਆਂ ਵਾਂਗ ਕਾਲੀਆਂ ਹੋਈਆਂ ਮੂੰਹ ਅੱਡੀ ਵੇਖੀ ਜਾ ਰਹੀਆਂ ਸਨ। ਗਲੀਆਂ ਵਿੱਚ ਗੋਲਿਆਂ ਨੇ ਟੋਏ ਹੀ ਟੋਏ ਕੀਤੇ ਹੋਏ ਸਨ ਤੇ ਇਸ ਦੀਆਂ ਕੰਧਾਂ ਗੋਲੀਆਂ ਨਾਲ ਛਾਨਣੀ ਛਾਨਣੀ ਹੋਈਆਂ ਪਈਆਂ ਸਨ ਤੇ ਇਸ ਦੇ ਭੁੱਖ ਤੇ ਤਸੀਹਿਆਂ ਦੇ ਸਤਾਏ, ਖਸਤਾ ਹਾਲ ਲੋਕਾਂ ਦੀਆਂ ਖੁੱਭੀਆਂ ਅੱਖਾਂ ਵਿੱਚ, ਇੱਕ ਜਲੌ ਲਿਸ਼ਕਾਂ ਮਾਰ ਰਿਹਾ ਸੀ।