ਕੀਤਾ ਕਿ ਖੁਦ ਭਾਈ ਲਾਲੋ ਜੀ ਪਾਸ ਟਿਕਣਗੇ ਤੇ ਮਰਦਾਨਾ ਜੀ ਤਲਵੰਡੀ ਜਾ ਕੇ ਪਰਿਵਾਰਾਂ ਦੀ ਖ਼ੈਰ-ਸੁਖ ਦਾ ਪਤਾ ਲੈਣ ਚਲੇ ਜਾਣ। ਭਾਈ ਮਰਦਾਨਾ ਜੀ ਪਿੰਡ ਬਾਬਾ ਜੀ ਦੇ ਘਰ ਗਏ। ਮਾਪਿਆਂ ਨੇ ਪੁੱਤਰ ਦੀ ਖੈਰ ਪੁੱਛੀ ਤਾਂ ਉਤਰ ਦਿਤਾ ਕਿ ਸਭ ਠੀਕ ਹੈ। ਸਾਖੀ ਦੇ ਸ਼ਬਦ ਹਨ- ਪਿਤਾ ਨੇ ਕਿਹਾ- ਦੇਹੁ ਮਰਦਾਨਿਆ ਨਾਨਕ ਦੀਆਂ ਖਬਰਾਂ। ਭਾਈ ਮਰਦਾਨਾ ਨੇ ਕਿਹਾ- ਜੀ ਗਿਣਤੀ ਕੋਈ ਨਹੀਂ ਸਿਫਤਾਂ ਦੀ। ਤੁਸਾਂ ਘਰ ਚੰਦ ਸੂਰਜ ਅਰ ਕ੍ਰਿਸ਼ਨ ਨੇ ਜਨਮ ਲਿਆ ਹੈ, ਮਹਤਾ ਜੀ ਤੁਸੀਂ ਮੰਗਲ ਗਾਵੇ। ਪਿਤਾ ਬੋਲੇ- ਸੁਣ ਲਉ ਇਸ ਦੀਆਂ ਗੱਲਾਂ। ਆਖਦਾ ਹੈ ਚੰਦੁ ਸੂਰਜ ਜਨਮਿਆ ਹੈ। ਜਿਸ ਨੇ ਮੇਰਾ ਨਾਮ ਡੋਬ ਦਿੱਤਾ ਉਸ ਨੂੰ ਇਹ ਚੰਦ ਸੂਰਜ ਆਖਦਾ ਹੈ। ਮਰਦਾਨਾ ਨੇ ਕਿਹਾ- ਜਜਮਾਨ ਤੁਸਾਨੂੰ ਏਹੋ ਖਬਰ। ਉਸ ਨੂੰ ਸਾਰੀ ਪੈਦਾਇਸ ਦੀ ਖਬਰ।
ਰਾਇ ਬੁਲਾਰ ਨੂੰ ਭਾਈ ਮਰਦਾਨਾ ਦੇ ਆਉਣ ਦੀ ਖਬਰ ਮਿਲੀ ਤਾਂ ਸੱਦਾ ਭੇਜਿਆ। ਜਾ ਸਲਾਮ ਕੀਤਾ। ਰਾਇ ਆਖਿਆ- ਆਖ ਮਰਦਾਨਾ ਨਾਨਕ ਜੀ ਦੀਆਂ ਖਬਰਾਂ। ਮਰਦਾਨਾ ਜੀ ਬੋਲੇ- ਜੀ ਨਾਨਕ ਪਾਤਿਸਾਹਾਂ ਦਾ ਪਾਤਿਸਾਹ, ਪੀਰਾਂ ਦਾ ਪੀਰ, ਨਾਨਕ ਫਕੀਰਾਂ ਸਿਰਿ ਫਕੀਰ। ਉਸਦੇ ਤੁੱਲ ਹੋਰ ਕੋਈ ਨਾਹੀਂ। ਨਾਨਕ ਦੇ ਉਪਰ ਇਕ ਖੁਦਾਇ ਹੈ। ਨਾਨਕ ਜੀ ਨੂੰ ਖੁਦਾਇ ਵਡਾ ਮਰਾਤਬਾ ਦਿਤਾ। ਰਾਇ ਕਹਿਆ- ਮਰਦਾਨਿਆਂ ਅਸੀਂ ਬਿਰਧ ਹੋਇ ਆਹੇ। ਕਿਮੇਂ ਨਾਨਕ ਜੀ ਨੂੰ ਬੀ ਇਥੇ ਲਿਆਵੇ । ਦੀਦਾਰ ਕਰੀਏ।
ਬਾਬਾ ਜੀ ਨੂੰ ਬੁਲਾਉਣ ਲਈ ਮਰਦਾਨਾ ਜੀ ਤਲਵੰਡੀਓ ਐਮਨਾਬਾਦ ਵਲ ਤੁਰ ਪਏ। ਜਾ ਕੇ ਪਿੰਡ ਚੱਲਣ ਦੀ ਬੇਨਤੀ ਕੀਤੀ। ਬਾਬਿਆਂ ਕਿਹਾ- ਕੀ ਕਰਾਂਗੇ ਭਾਈ ਤਲਵੰਡੀ ਜਾ ਕੇ। ਪਿਤਾ ਰੰਜ ਹੋਂਦੇ ਹਨ। ਉਨ੍ਹਾਂ ਦਾ ਕਰੋਧ ਦੇਖਣ ਕੀ ਜਾਣਾ। ਪਿਤਾ ਨੂੰ ਅਸੀਂ ਸੱਟ ਵਾਂਗ ਲਗਦੇ ਹਾਂ। ਦੇਖੋ ਕਿਸਮਤ। ਉਹੋ ਨਾਨਕ ਹੈ- ਇਕ, ਅੱਵਲ ਤੋਂ ਆਖਰ, ਜ਼ਾਹਰ ਤੋਂ ਬਾਤਨ (ਬਾਹਰ, ਅੰਦਰ), ਇਕ ਹੈ ਨਾਨਕ, ਇਕੋ ਰਹੇਗਾ। ਜੇਹਾ ਰਾਉ ਨਾਲ ਤੇਹਾ ਰੰਕ ਨਾਲ। ਇਕੋ ਰਿਹਾ। ਕਿਸੇ ਨੂੰ ਸੱਟ ਵਾਂਗ ਲੱਗਾ ਕਿਸੇ ਨੂੰ ਸੱਟ ਉਪਰ ਦਾਰੂ ਵਾਂਗ। ਸਾਡਾ ਕੀ ਕਸੂਰ ਭਾਈ। ਰਜ਼ਾ ਕਰਤਾਰ ਦੀ।
ਭਾਈ ਮਰਦਾਨੇ ਨੇ ਕਿਹਾ- ਬਾਬਾ ਜੀ ਰਾਇ ਸਾਹਿਬ ਬਹੁਤ ਯਾਦ ਕਰਦੇ ਹਨ। ਉਨ੍ਹਾਂ ਘਲਿਆ ਹੈ ਮੈਨੂੰ। ਦੀਦਾਰ ਲਈ ਅਰਜ਼ ਗੁਜ਼ਾਰੀ ਹੈ। ਬਾਬਾ ਜੀ ਚੁਪ ਕਰ ਗਏ। ਫਿਰ ਕਿਹਾ, "ਠੀਕ ਹੈ। ਚਲਦੇ ਹਾਂ।" ਭਾਈ ਲਾਲੋ ਨੇ ਕਿਹਾ- ਬਾਬਾ ਤੁਸੀਂ ਇਕ ਮਹੀਨਾ ਅਸਾਂ ਪਾਸ ਰਹਿਣ ਦਾ ਬਚਨ ਕੀਤਾ ਸੀ। ਅਜੇ ਪੱਚੀ ਦਿਨ ਹੋਏ ਹਨ। ਬਾਬਾ ਜੀ ਨੇ ਕਿਹਾ, "ਪੰਜ ਦਿਨ ਬਕਾਏ ਦੇ ਰਹੇ ਅਸਾਂ ਸਿਰ। ਫੇਰ ਰਹਾਗੇ। ਹੁਣ ਜਾਣਾ ਪਵੇਗਾ।" ਭਾਈ ਲਾਲ ਨੇ ਕਿਹਾ, "ਜੀ ਤਕੜਿਆਂ ਅਗੇ ਕੀ ਜੇਰ। ਜੇ ਰਜਾਇ।" ਬਾਬਾ ਜੀ ਨੇ ਵਿਦਾਇਗੀ ਮੰਗੀ ਤੇ ਅਸੀਸਾਂ ਦੇ ਕੇ ਪਿੰਡ ਦਾ ਰੁਖ ਕੀਤਾ।