ਅਸੀਂ ਜੀ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ। ਤਿੰਨ ਸਾਲ ਸੁਣਵਾਈ ਹੋਈ। ਅਖੀਰ ਜਦੋਂ ਫ਼ੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ- ਆਪਣੇ ਪੰਜ ਚਾਰ ਮੁਹਤਬਰ ਬੰਦੇ ਲੈ ਕੇ ਆਉਣਾ। ਵਕੀਲਾ ਨੂੰ ਨਹੀਂ ਲਿਆਉਣਾ। ਕੋਈ ਜਰੂਰੀ ਗੱਲ ਕਰਨੀ ਹੈ। ਅਸੀਂ ਪੁੱਛਿਆ ਜੀ ਕੀ ਗੱਲ ਕਰਨੀ ਹੈ, ਰਤਾ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ। ਆਪਸ ਵਿਚ ਸਲਾਹ ਜੋ ਕਰਨੀ ਹੋਈ। ਸਾਂਝਾ ਕੰਮ ਹੈ। ਜੱਜਾਂ ਨੇ ਕਿਹਾ- ਤੁਸੀਂ ਇਹ ਮੁਕੱਦਮਾ ਦਾਇਰ ਕਰਕੇ ਚੰਗਾ ਕੰਮ ਨਹੀਂ ਕੀਤਾ। ਇਹ ਦੱਸਣਾ ਹੈ। ਮਹੀਨਾ ਤਾਰੀਕ ਪਾ ਦਿੱਤੀ।
ਪਿੰਡਾਂ ਦੇ ਆਪਣੇ-ਆਪਣੇ ਇਕੱਠ ਹੋਏ। ਫਿਰ ਸਾਂਝੇ ਇਕੱਠ ਹੋਏ। ਅੱਠ ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲ ਕਰਨ ਅਦਾਲਤ ਜਾਣਗੇ। ਤਰੀਕ ਆ ਗਈ। ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ। ਸਾਡੀ ਵਾਰੀ ਆਈ ਤਾਂ ਅੰਦਰ ਦਾਖਲ ਹੋਏ। ਇਕ ਮੈਂ ਵੀ ਸਾਂ। ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ। ਸਾਨੂੰ ਪਿਛਲੇ ਕਮਰੇ ਵਿਚ ਲੈ ਗਏ। ਚਾਹ ਪਾਣੀ ਮੰਗਵਾ ਲਿਆ। ਫਿਰ ਗੱਲ ਤੋਰੀ। ਜੱਜ ਸਾਹਿਬਾਨ ਨੇ ਕਿਹਾ- ਅਸੀਂ ਬੜੀ ਬਾਰੀਕੀ ਨਾਲ ਇਹ ਕੇਸ ਦੇਖਿਆ ਹੈ। ਤੁਸੀਂ ਗਲਤ ਕੰਮ ਛੇੜ ਬੈਠੇ। ਜਿਨ੍ਹਾਂ ਵਕੀਰਾਂ ਉਪਰ ਮੁਕੱਦਮੇ ਦਾਇਰ ਕੀਤੇ ਉਨ੍ਹਾਂ ਤੋਂ ਮੁਰਾਦਾਂ ਮੰਗਦੇ ਤਾਂ ਠੀਕ ਸੀ। ਉਹ ਨੇਕਬਖ਼ਤ ਇਨਸਾਨ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆਂ ਦੀ ਰੋਸ਼ਨੀ ਦੇਖੀ, ਤੁਸੀਂ ਉਨ੍ਹਾਂ ਉਪਰ ਮੁਕੱਦਮੇ ਕੀਤੇ। ਦਿਮਾਗ ਹਿੱਲ ਜਾਣ ਵਰਗੇ ਬਦ ਇਲਜ਼ਾਮ ਲਾਏ। ਸਰਦਾਰ ਰਾਇ ਬੁਲਾਰ ਖਾਨ ਸਾਹਿਬ ਦਾ ਦਿਮਾਗ ਅੱਧਾ ਤਾਂ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ। ਜਿਸ ਫਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ ਉਸ ਦਾ ਦਿਮਾਗ ਤਾਂ ਪੂਰਾ ਹਿੱਲ ਗਿਆ ਸੀ ਕਿਉਂਕਿ ਉਸ ਨੇ ਕਦੇ ਇਸ ਜ਼ਮੀਨ ਵਲ ਦੇਖਿਆ ਭੀ ਨਹੀਂ। ਉਸ ਦੀ ਔਲਾਦ ਨੇ ਇਸ ਉਪਰ ਹੱਕ ਨਹੀਂ ਜਮਾਇਆ। ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ, ਨਾ ਦਾਅਵੇ ਅਦਾਲਤਾਂ ਵਿਚ ਕੀਤੇ। ਤੁਸੀਂ ਇਸ ਉਪਰ ਪੁਸ਼ਤਾਂ ਤੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਹੁਣ ਅਦਾਲਤਾਂ ਵਿਚ ਦਾਅਵੇ ਕੀਤੇ। ਦਸ ਬਾਰਾਂ ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ, ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ? ਜ਼ਮੀਨ ਤੋਂ ਵਧੀਕ ਉਹ ਤੁਹਾਨੂੰ ਪਿਆਰ ਕਰਦੇ ਸਨ। ਤੁਸੀਂ ਉਨ੍ਹਾਂ ਦਰਵੇਸਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ। ਤੁਹਾਡੇ ਕੋਲ ਹੀ ਰਹੇਗੀ ਜ਼ਮੀਨ। ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ।
ਅਸੀਂ ਕਿਹਾ, ਜੀ ਜ਼ਮੀਨ ਸਾਡੇ ਈ ਕਬਜ਼ੇ ਵਿਚ ਹੋ ਪਰ ਰਿਕਾਰਡ ਮਾਲ ਵਿਚ ਸਾਡਾ ਨਾਮ ਨਹੀਂ। ਜੱਜਾਂ ਨੇ ਕਿਹਾ- ਨਾਮ ਨਹੀਂ ਰਹੇਗਾ। ਨਾ ਤੁਹਾਡਾ ਨਾ ਸਾਡਾ। ਨਾਮ ਰਹੇਗਾ ਅੱਲਾਹ ਪਰਵਰਦਗਾਰ ਦਾ। ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲਿਆ ਦਰਵੇਸਾਂ ਦਾ। ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ