ਇਹ ਨਿਕੀ ਜਿਹੀ ਸੰਗਤ ਬਹੁਤ ਪਿਆਰ ਨਾਲ ਗੁਰੂ ਬਾਬੇ ਦੇ ਜਸ ਗਾਉਂਦੀ ਉਠੀ। ਮੈਂ ਵਾਪਸ ਗੁਰਦੁਆਰੇ ਪੁੱਜਾ। ਪੰਜਵੀਂ ਵਿਚ ਪੜ੍ਹਦਾ ਛੋਟਾ ਬੇਟਾ ਸੁਖਨਬੀਰ ਕਹਿਣ ਲੱਗਾ- ਕਿਥੇ ਚਲੇ ਗਏ ਸੀ? ਘੰਟੇ ਦੇ ਉਡੀਕੀ ਜਾਂਦੇ ਹਾਂ। ਦੱਸਿਆ ਨੀ ਸੀ ਕਿ ਜੋੜੇ ਖਰੀਦਣ ਚੱਲਾਂਗੇ? ਬਹੁਤ ਸੁਹਣੇ ਅਤੇ ਹੰਢਣਸਾਰ ਹਨ ਇਥੋਂ ਦੇ ਜੋੜੇ। ਮੈਂ ਕਿਹਾ- ਚੰਗੀਆਂ ਗੱਲਾਂ ਸੁਣ ਕੇ ਆਇਆ ਹਾਂ। ਵੱਡੇ ਸਤਵੀਂ ਦੇ ਵਿਦਿਆਰਥੀ ਹੁਸਨਬੀਰ ਨੇ ਕਿਹਾ- ਜਿਥੇ ਜਿਥੇ ਜਾਵਾਂਗੇ ਚੰਗੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ। ਇਹ ਬਾਬੇ ਦਾ ਦੇਸ ਹੈ ਨਾ। ਚਲ ਬਜਾਰ ਚੱਲੀਏ।
ਵੱਡੀ ਸਾਰੀ ਦੁਕਾਨ ਅੰਦਰ ਦਾਖਲ ਹੋਏ। ਬੱਚੇ ਜੁੱਤੀਆਂ ਪਸੰਦ ਕਰਨ ਲਗੇ। ਮੈਂ ਮੋਚੀ ਨਾਲ ਗੱਲੀਂ ਲੱਗ ਗਿਆ। ਪੁੱਛਿਆ- ਹਿੰਦੁਸਤਾਨ ਵਿਚੋਂ ਚਾਰ ਕੁ ਵਾਰੀ ਜਥੇ ਸਾਲ ਵਿਚ ਆਉਂਦੇ ਹਨ। ਅਗੋਂ ਪਿਛੋਂ ਤੁਹਾਡਾ ਕਾਰੋਬਾਰ ਕਿਵੇਂ ਚੱਲਦਾ ਹੈ? ਉਹ ਬੋਲਿਆ- ਜੀ ਵਧੀਕ ਰੌਣਕ ਤਾਂ ਤੁਹਾਡੇ ਆਉਣ ਨਾਲ ਹੀ ਹੁੰਦੀ ਹੈ ਪਰ ਸਾਰੀ ਦੁਨੀਆਂ ਵਿਚੋਂ ਸਿੱਖਾਂ ਦੇ ਕਾਫਲੇ ਆਉਂਦੇ ਈ ਰਹਿੰਦੇ ਹਨ। ਬੜੇ ਧਨਾਢ ਆਉਂਦੇ ਹਨ ਜੀ। ਕਈ ਤਾਂ ਆਪਣਾ ਜਹਾਜ਼ ਹੀ ਲੈ ਆਉਂਦੇ ਨੇ। ਲੰਮੀਆਂ ਲੰਮੀਆਂ ਲਿਸ਼ਕਾਰੇ ਮਾਰਦੀਆਂ ਕਾਰਾਂ ਦੇ ਕਾਫਲੇ ਉੱਤਰਦੇ ਹਨ। ਪਰਿਵਾਰਾਂ ਦੇ ਪਰਿਵਾਰ ਆਉਂਦੇ ਹਨ। ਕੋਈ ਮਹੀਨਾ ਮਹੀਨਾ ਕੋਈ ਦੋ-ਦੋ ਮਹੀਨੇ ਭੀ ਰਹਿੰਦੇ ਹਨ। ਮੈਂ ਪੁੱਛਿਆ, ਤੁਸੀਂ ਤਾਂ ਸਾਰਿਆਂ ਦੇਸਾਂ ਦੇ ਕਾਫਲੇ ਦੇਖੇ ਹਨ, ਸਾਡੇ ਹਿੰਦੁਸਤਾਨੀ ਸਿੱਖਾਂ ਵਰਗੇ ਸਿਦਕਵਾਨ ਹਨ ਉਹ ਵੀ ਕਿ ਕੋਈ ਫਰਕ ਲੱਗਾ। ਮੋਚੀ ਬੋਲਿਆ- ਫਰਕ ਹੈ। ਇਥੇ ਜਿੰਨਾ ਸਮਾਂ ਰਹਿੰਦੇ ਹਨ ਉਹ ਪੈਰੀ ਜੁੱਤੀ ਨਹੀਂ ਪਾਉਂਦੇ। ਨੰਗੇ ਪੈਰੀਂ ਘੁੰਮਦੇ ਹਨ। ਆਖਦੇ ਹਨ-ਸਾਡੇ ਬਾਬੇ ਦੀ ਧਰਤੀ ਹੈ। ਲੱਖ ਸੁਰਗਾਂ ਤੋਂ ਉਤਮ। ਤੁਸੀਂ ਜੋੜੇ ਪਹਿਨੇ ਹੋਏ ਹਨ, ਹੋਰ ਜੋੜੇ ਲੈਣੇ ਹਨ। ਉਹ ਨੰਗੇ ਪੈਰੀ ਫਿਰਦੇ ਹਨ ਨਨਕਾਣਾ ਸਾਹਿਬ ਵਿਚ। ਆਪਣੇ ਕਾਰੋਬਾਰ ਖਿਲਾਫ਼ ਗੱਲਾਂ ਕਰ ਰਿਹਾ ਹਾਂ ਸਰਦਾਰ ਜੀ ਪਰ ਪੀਰਾਂ ਦੇ ਪੀਰ ਦੀ ਰਹਿਮਤ ਬੇਅੰਤ ਹੈ। ਚਾਰ ਪੈਸਿਆਂ ਕਰਕੇ ਝੂਠ ਕਿਉਂ ਬੋਲਾਂ। ਗੁਰੂ ਨਾਨਕ ਸਾਹਿਬ ਬਾਬਾ-ਇ-ਆਲਮ ਬੁੱਕਾਂ ਭਰ- ਭਰ ਆਪ ਦੇਈ ਜਾਂਦਾ ਹੈ ਸਾਨੂੰ ਅਸ਼ਰਫੀਆਂ।
ਕਲਮ-ਦਵਾਤ ਲੈ ਕੇ ਅੱਜ ਮੇਰੀ ਥਾਂ ਜੇ ਪੁਰਾਣਾ ਸਾਖੀਕਾਰ ਬੈਠਾ ਹੁੰਦਾ ਤਦ ਆਖਰੀ ਸ਼ਬਦ ਇਉਂ ਲਿਖਦਾ: ਰਾਇ ਬੁਲਾਰ ਜੀ ਕੀ ਸਾਖੀ ਸੰਪੂਰਨ ਹੋਈ ਗੁਰਪ੍ਰਸਾਦਿ ਨਾਲ। ਬੀਤੇ ਸਮਿਆਂ ਵਿਚ ਮਹਾਂਪੁਰਖਾਂ ਕੀ ਕਮਾਈ ਵੱਡੀ ਜਾਂਦੀ। ਘਰ ਜਮੀਨ ਕਟੁੰਬ ਕੇ। ਪੁੰਨ ਸੇਵਕਾਂ ਕੇ। ਪਾਪ ਨਿੰਦਕਾਂ ਕੇ। ਰਿਦੇ ਕਾ ਗਿਆਨ ਜਗਿਆਸੂਆਂ ਕਾ। ਗੁਰੂ ਬਾਬੇ ਕਾ ਸਾਰਾ ਕਿਛੁ ਉਤਮ, ਸਬ ਕਿਨੁ ਘਰ ਸਗਲ ਸੰਸਾਰਾ ਕੇ ਨਾਮ। ਜਿਸ ਮਹਲ ਮਹਿ ਗੁਰੂ ਬਾਬੇ ਕਾ