Back ArrowLogo
Info
Profile

ਮਹਾਨ ਸਿਤਾਰਵਾਦਕ ਉਸਤਾਦ ਰਾਮ ਨਾਰਾਇਣ ਜੀ ਦੀ ਇੰਟਰਵਿਊ ਪੜ੍ਹੀ। ਸਾਰੰਗੀ ਦੇ ਸ਼ੌਕ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ, "ਆਦਮੀ ਨੂੰ ਹੰਕਾਰ ਹੋ ਗਿਆ ਸੀ ਕਿ ਉਸ ਦੀ ਆਵਾਜ਼ ਤੋਂ ਮਧੁਰ ਹੋਰ ਕੋਈ ਆਵਾਜ਼ ਨਹੀਂ। ਮੈਂ ਚਾਹਿਆ ਕਿ ਲੱਕੜ ਦੀ ਨਿਕੀ ਜਿਹੀ ਇਕ ਨਿਰਜਿੰਦ ਸੰਦੂਕੜੀ ਆਦਮੀ ਦਾ ਹੰਕਾਰ ਤੇੜੇ। ਅਜਿਹਾ ਕਰਨ ਲਈ ਇਕ ਜਨਮ ਤਾਂ ਲੇਖੇ ਲੱਗ ਗਿਆ ਪਰ ਸੰਤੋਖ ਮਿਲਿਆ।" ਪੰਜਾਬੀ ਪਾਠਕ, ਨਾਰਾਇਣ ਜੀ ਦੀ ਕੈਸਟ ਖਰੀਦ ਕੇ ਜਦੋਂ ਭੈਰਵੀ ਵਿਚ ਸਾਰੰਗੀ ਦੀਆਂ ਧੁਨਾਂ ਸੁਣਨਗੇ ਤਾਂ ਮੰਨ ਜਾਣਗੇ ਕਿ ਕਈ ਜਨਮਾਂ ਦਾ ਕੰਮ ਇਕ ਜਨਮ ਵਿਚ ਨਿਬੇੜਿਆ ਗਿਆ।

ਗੱਲ ਭਾਈ ਮਰਦਾਨਾ ਜੀ ਬਾਰੇ ਕਰਨੀ ਹੈ ਪਰ ਹੋਰ ਗੱਲਾਂ ਇਧਰ ਉਧਰੋਂ ਉਡ ਕੇ ਵਿਚਕਾਰ ਆ ਗਈਆਂ। ਇਵੇਂ ਹੀ ਹੋਣਾ ਸੀ। ਉਨ੍ਹਾਂ ਬਾਰੇ ਅਚਾਨਕ ਗੱਲ ਸ਼ੁਰੂ ਨਹੀਂ ਹੋ ਸਕਦੀ। ਇਉਂ ਕਰਨਾ ਬੇ-ਅਦਬੀ ਹੋਵੇਗੀ। ਪਹਿਲਾਂ ਕਲਮ ਸੁਰ ਕਰ ਲਈਏ।

ਭਾਈ ਗੁਰਦਾਸ ਜੀ ਨੇ ਸਹੀ ਲਿਖਿਆ ਕਿ ਬਾਬਿਆਂ ਨੇ ਧਰਤੀ ਸੋਧਣ ਹਿਤ ਚੜ੍ਹਾਈ ਕੀਤੀ। ਉਨ੍ਹਾਂ ਦੀ ਇੱਛਾ ਸੀ ਕਿ ਧਰਤੀ ਦੇ ਟੋਏ ਟਿੱਬੇ ਪੱਧਰ ਕਰਕੇ ਇਸ ਨੂੰ ਸੋਹਣੀ ਸਮਤਲ ਬਣਾਈਏ। ਇਸ ਮਕਸਦ ਲਈ ਹਲ ਸੁਹਾਗੇ ਦੀ ਥਾਂ ਬਾਣੀ ਅਤੇ ਰਬਾਬ ਦੀ ਵਰਤੋਂ ਕੀਤੀ।

ਭਾਈ ਮਰਦਾਨਾ ਜੀ ਬਾਰੇ ਲਿਖਣ ਲਈ ਸਾਰੀਆਂ ਜਨਮ-ਸਾਖੀਆਂ ਦਾ ਦੁਬਾਰਾ ਪਾਠ ਕੀਤਾ। ਜਨਮ-ਸਾਖੀਕਾਰਾਂ ਨੇ ਵੱਖ-ਵੱਖ ਤਰੀਕਿਆਂ ਨਾਲ ਇਸ ਫ਼ਕੀਰ ਦੇ ਅੰਦਰ ਦੀ ਝਾਤ ਪੁਆਈ ਹੈ। ਗੁਰੂ ਜੀ ਨਾਲ ਪ੍ਰੀਤ ਅਤੇ ਦੋਹਾਂ ਦੀ ਲੋਕਾਂ ਨਾਲ ਪ੍ਰੀਤ ਦੇ ਭੇਦ, ਸਾਖੀਕਾਰ ਬਿਨਾਂ ਕਿਸੇ ਖਾਸ ਤਰੱਦਦ ਦੇ ਸਹਿਜ ਸੁਭਾਅ ਖੋਲ੍ਹਦਾ ਜਾਂਦਾ ਹੈ।

ਗੁਰੂ ਬਾਬਾ ਜੀ ਜਦੋਂ ਕਦੀ ਬੰਦਗੀ ਕਰਦਿਆਂ ਸਮਾਧੀ ਵਿਚ ਲੀਨ ਹੋ ਜਾਂਦੇ ਤਾਂ ਭਾਈ ਮਰਦਾਨਾ ਪੰਜ ਕਰਮਾਂ ਦੂਰ ਖਲੋ ਕੇ ਲਗਾਤਾਰ ਪਹਿਰਾ ਦਿੰਦੇ ਕਿ ਸਮਾਧੀ ਵਿਚ ਕੋਈ ਵਿਘਨ ਨਾ ਪਵੇ। ਕਿਸੇ ਨੂੰ ਨੇੜੇ ਨਾ ਜਾਣ ਦਿੰਦੇ। ਪਰ ਜਦੋਂ ਬਾਬਾ ਜੀ ਗਾਉਣ ਲਗਦੇ ਤਾਂ ਰਬਾਬ ਲੈ ਕੇ ਇਨਾਂ ਨੇੜੇ ਬੈਠਦੇ ਕਿ ਗੋਡੇ ਨਾਲ ਗੋਡਾ ਖਹਿੰਦਾ। ਕੁਦਰਤ ਉਨ੍ਹਾਂ ਦੇ ਸੁਰਾਂ ਨਾਲ ਰਲਕੇ ਗਾਉਣ ਲਗਦੀ। ਨਾਥਾਂ, ਜੋਗੀਆਂ, ਬ੍ਰਾਹਮਣਾਂ, ਕਾਜ਼ੀਆਂ, ਮੌਲਵੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਜਦੋਂ ਗਿਆਨ ਦੀ ਹਨੇਰੀ ਵਗਦੀ ਤਾਂ ਬਾਬਾ ਜੀ ਆਖਦੇ, "ਮਰਦਾਨਿਆ ਰਬਾਬ ਉਠਾਇ। ਬਾਣੀ ਆਈ ਹੈ।" ਕੀਰਤਨ ਦੀ ਬਾਰਸ਼ ਹੁੰਦੀ ਤਾਂ ਸਾਰੀ ਗਰਦ ਗੁਬਾਰ ਧੁਲ ਜਾਂਦੀ ਤੇ ਆਕਾਸ਼ ਨਿਰਮਲ ਹੋ ਜਾਂਦਾ। ਹਿੰਦੂ ਆਖਦੇ, "ਇਨ੍ਹਾਂ ਵਿਚ ਬ੍ਰਹਮ ਦਾ ਸੰਪੂਰਣ ਪ੍ਰਕਾਸ਼ ਹੈ। ਪ੍ਰਤੱਖ ਦਿਸ ਰਹਿਆ ਹੈ।" ਕਾਮਲ ਫ਼ਕੀਰਾਂ ਨਾਲ ਮੇਲ ਹੁੰਦਾ ਤਾਂ ਉਹ ਕਹਿੰਦੇ, "ਸਲਾਮਾਲੇਕ ਨਾਨਕ ਸ਼ਾਹ ਫ਼ਕੀਰ, ਸਾਹਿਬ ਦੇ ਰਸੀਦ। ਤੂੰ ਵੱਡਾ ਬਜ਼ੁਰਗਵਾਰ ਹਾਈ। ਅਸਾਂ

112 / 229
Previous
Next