ਘਰ ਪੁੱਜੇ ਤਾਂ ਝੁਕ ਕੇ ਬੀਬੀ ਨੇ ਬਾਬੇ ਦੇ ਚਰਨੀ ਹੱਥ ਲਾਉਣੇ ਚਾਹੇ। ਦੁਹਾਂ ਹੱਥਾਂ ਵਿਚ ਬੀਬੀ ਦਾ ਮੱਥਾ ਥੰਮ੍ਹ ਲਿਆ। ਕਹਿਣ ਲੱਗੇ, "ਮੈਂ ਏਸ ਕਰਕੇ ਤੁਸਾਂ ਦੇ ਪਾਸ ਆਵਦਾ ਹਾਂ ਜੁ ਮੱਥਾ ਟਿਕਾਵਾਂ? ਬੇਬੇ ਤੂੰ ਅਸਾਥੋਂ ਵੱਡੀ ਹੈਂ ਅਰੁ ਪਰਮੇਸਰ ਦੀ ਪਿਆਰੀ ਬੀ। ਤੇਰਾ ਮੇਰਾ ਸਬੰਧ ਜੁੱਗਾਂ ਦਾ ਹੈ। ਹੁੰਦਾ ਆਇਆ ਹੈ। ਤੂੰ ਜੋ ਪੈਰਾਂ ਵੱਲ ਦੇਖਦੀ ਹੈ ਤਾਂ ਸਾਨੂੰ ਵੱਡਾ ਅਉਗਣ ਲਗਦਾ ਹੈ।"
ਬੀਬੀ ਕਿਹਾ, "ਭਲਾ ਹੈ ਭਾਈ। ਜਿਉਂ ਤੁਸੀਂ ਰਾਜੀ ਤਿਉਂ ਅਸੀਂ ਰਾਜੀ। ਪਰ ਸੱਚ ਇਹ ਹੈ ਜੋ ਤੁਸਾਂ ਨੂੰ ਭਰਾਉ ਕਰਕੇ ਨਹੀਂ ਜਾਣਦੀ। ਪਰਮੇਸਰ ਕਰਕੇ ਜਾਣਦੀ ਹਾਂ। ਭਾਈ ਮਰਦਾਨੇ ਨੂੰ ਸਫ਼ਰ ਵਾਸਤੇ ਪੈਸੇ ਅਸਾਂ ਆਪ ਦਿੱਤੇ ਸਨ। ਖੁਸੀ ਨਾਲ। ਇਹ ਮੋੜੇ ਕਿਉਂ ਹਨ?"
ਬਾਬੇ ਨੇ ਕਿਹਾ, "ਤੂੰ ਪਰਮੇਸਰ ਕੀ ਭਗਤਣੀ ਹੈ ਅਰ ਸਾਡੇ ਤੋਂ ਵੱਡੀ। ਵੱਡਿਆਂ ਦਾ ਆਖਾ ਪਰਮੇਸਰ ਸੁਣਦਾ ਹੈ ਅਰ ਮੰਨਦਾ ਹੈ। ਪੈਸੇ ਨਾ ਦਿਉ। ਅਸਾਂ ਨੂੰ ਆਪਣੇ ਮੁਖਉ ਕਰਤਾਰ ਪਾਸ ਸਉਂਪ ਛੋਡਉ। ਜਾਣਾ ਹੋ ਅਸਾਂ। ਆਪ ਭੇਜਉ।"
ਬੀਬੀ ਨੇ ਆਖਿਆ, "ਏਥੇ ਸਉ ਤਾਂ ਧੀਰਜ ਸਾਈ। ਖਰਾ ਧਰਵਾਸ ਸਾਈ। ਮਿਲ ਜਾਇਆ ਕਰੋਗੇ, ਉਦਾਸ ਨਾ ਹੋਵਾਂਗੀ। ਅਰਿ ਜੇ ਤੂੰ ਦੇਰ ਕਰੇਂਗਾ ਭਾਈ ਤਾਂ ਹਉ ਤੁਧੁ ਬਿਣ ਖਰੀ ਓਦਰ ਜਾਵਾਂਗੀ। ਪਰ ਸਾਡਾ ਵਸ ਕਿਆ ਹੈ। ਸੋ ਹੋਵੇਗਾ ਜੇ ਤੁਸਾਂ ਨੂੰ ਭਾਵੇਗਾ। ਭਾਈ ਰਜਾਇ ਤੁਸਾਡੀ ਚਲੇਗੀ। ਸਾਡਾ ਕਿਆ ਜੋਰ।"
ਪਹਿਲੋਂ ਬਾਬੇ ਨੇ ਫਿਰ ਭਾਈ ਮਰਦਾਨਾ ਨੇ ਬੀਬੀ ਦੇ ਚਰਨ ਛੁਹੇ। ਸੇਜਲ ਅੱਖਾਂ ਨਾਲ ਵਿਦਾ ਕਰਦਿਆਂ ਬੀਬੀ ਨੇ ਕੇਵਲ ਦੋ ਸ਼ਬਦ ਕਹੇ- "ਪਰਮੇਸਰ ਰੱਖੋ।" ਦੋਵੇਂ ਤੇਜ਼ ਕਦਮੀ ਸੁਲਤਾਨਪੁਰ ਦੀ ਜੂਹ ਵਿਚੋਂ ਨਿਕਲ ਗਏ।
ਸਿਧਾਰਥ ਨਾਲੋਂ ਇੰਨਾ ਵਰਕ ਰਿਹਾ ਕਿ ਯੁਵਰਾਜ ਜਿਨ੍ਹਾਂ ਨੂੰ ਪਿਆਰ ਕਰਦਾ ਸੀ, ਅੱਧੀ ਰਾਤ ਸੁੱਤਿਆਂ ਨੂੰ ਛੱਡ ਕੇ ਉਨ੍ਹਾਂ ਤੋਂ ਚੋਰੀ ਵਿੱਛੜਿਆ। ਜਿਸ ਨੂੰ ਸਭ ਤੋਂ ਵੱਧ ਪਿਆਰ ਕੀਤਾ, ਬਾਬੇ ਨੇ ਉਸ ਪਾਸੋਂ ਆਗਿਆ ਮੰਗੀ, ਫਿਰ ਗਿਆ।
ਤੁਰਦਿਆਂ-ਤੁਰਦਿਆਂ ਬੜੇ ਦੇਸ ਦੇਖੋ। ਕਦੀ ਜੰਗਲ ਆ ਗਏ ਹਨ ਕਦੀ ਪਹਾੜੀਆਂ, ਕਦੀ ਦਰਿਆ ਕਦੀ ਰੇਗਿਸਤਾਨ। ਇਕ ਥਾਂ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ। ਕਹਿਣ ਲੱਗੇ, "ਬਾਬਾ ਤੁਰਿਆ ਨਹੀਂ ਜਾਂਦਾ ਹੋਰ। ਪਾਣੀ ਪਿਲਾ। ਕਿਧਰ ਹੈ ਪਾਣੀ?" ਬਾਬੇ ਨੇ ਕਿਹਾ, "ਇਨ੍ਹਾਂ ਦੇਸਾਂ ਵਿਚ ਅਸੀਂ ਕਿਹੜਾ ਕਈ ਬਾਰ ਆਏ ਹਾਂ? ਸਾਨੂੰ ਭੀ ਪਾਣੀ ਦਾ ਕੀ ਪਤਾ ਲਗੇ ?" ਤਦ ਭਾਈ ਸਾਹਿਬ ਬੋਲੇ, "ਜੀ ਤਾਂ ਭੀ ਤੁਸੀ ਹੀ ਦੱਸੋਗੇ। ਅਸਾਂ ਨਿਮਾਣਿਆਂ