ਕਰਨ ਦੇ ਸਮਰਥ ਨਹੀਂ ਸੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪਹਾੜਾਂ ਵਿੱਚ ਉਹ ਟਿਕ ਕੇ ਬੈਠਾ ਰਿਹਾ। ਉਸ ਨੇ ਪਹਾੜੀ ਰਾਜਿਆਂ ਨੂੰ ਵੀ ਸਬਕ ਸਿਖਾਉਣਾ ਸੀ ਜਿਹੜੇ ਗੁਰੂ ਜੀ ਨੂੰ ਅਕਸਰ ਤੰਗ ਕਰਦੇ ਰਹਿੰਦੇ ਸਨ।
1 ਅਗਸਤ 1711 ਈਸਵੀ ਨੂੰ ਬਾਦਸ਼ਾਹ ਲਗਭਗ ਸਵਾ ਸਾਲ ਪਿਛੋਂ ਲਾਹੌਰ ਪੁੱਜਾ। ਬੰਦਾ ਸਿੰਘ ਅਤੇ ਸਿੱਖ ਫ਼ੌਜਾਂ ਲਗਾਤਾਰ ਉਸ ਦੇ ਕੂਚ ਵਿੱਚ ਵਿਘਨ ਪਾ ਰਹੀਆਂ ਸਨ। ਲਾਹੌਰ ਦੇ ਕਿਲੇ ਵਿਚ ਜਾ ਕੇ ਉਹ ਸੁਰੱਖਿਅਤ ਹੋ ਗਿਆ ਅਤੇ ਜਿਧਰੋਂ ਵੀ ਬੰਦਾ ਸਿੰਘ ਦਾ ਪਤਾ ਲਗਦਾ ਉਸ ਦਾ ਪਿੱਛਾ ਕਰਨ ਲਈ ਫ਼ੌਜਾਂ ਭੇਜਦਾ ਰਹਿੰਦਾ। ਉਸ ਨੇ ਸ਼ਾਹੀ ਫੁਰਮਾਨ ਵੀ ਜਾਰੀ ਕੀਤਾ ਕਿ ਸਿੰਘਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਨਾਮ ਨਾਲ ਕੁੱਤਾ ਜਾਂ ਗਧਾ ਜਰੂਰ ਲਿਖਿਆ ਜਾਇਆ ਕਰੋ। ਅਜਿਹਾ ਕੀਤਾ ਜਾਣ ਲੱਗਾ। ਏਨੀਆਂ ਝੜਪਾਂ ਅਤੇ ਤੰਗੀਆਂ ਕਾਰਨ ਬਾਦਸ਼ਾਹ ਦਾ ਦਿਮਾਗ ਟਿਕਾਣੇ ਸਿਰ ਨਾ ਰਿਹਾ। ਉਸ ਨੇ ਸ਼ਾਹੀ ਹੁਕਮ ਜਾਰੀ ਕੀਤਾ "ਲਾਹੌਰ ਦੇ ਸਭ ਕੁੱਤੇ ਅਤੇ ਗਧੇ ਮਾਰ ਦਿੱਤੇ ਜਾਣ।" ਗਧਿਆਂ ਅਤੇ ਕੁੱਤਿਆ ਦੀ ਸ਼ਾਮਤ ਆ ਗਈ। ਘੁਮਿਆਰ ਅਫਸਰਾਂ ਪਾਸ ਫਰਿਆਦਾਂ ਕਰਦੇ ਕਿ ਇਨ੍ਹਾਂ ਬੇਜ਼ਬਾਨਾਂ ਦਾ ਕੀ ਕਸੂਰ ਹੈ? ਅਫਸਰ ਤਰਸ ਖਾ ਕੇ ਕਹਿੰਦੇ - ਸ਼ਾਹੀ ਹੁਕਮ ਹੈ ਮੰਨਣਾ ਤਾਂ ਪਵੇਗਾ ਹੀ। ਪਰ ਤੁਸੀਂ ਇਉਂ ਕਰੋ ਕਿ ਗਧਿਆਂ ਸਮੇਤ ਲਾਹੌਰ ਸ਼ਹਿਰ ਛੱਡ ਕੇ ਚਲੇ ਜਾਓ। ਇਉਂ ਹੀ ਹੋਇਆ। ਲਾਹੌਰ ਵਿੱਚ ਕਈ ਗਧਾ ਨਾ ਰਿਹਾ। ਪਰ ਗਰੀਬ ਕੁੱਤਿਆਂ ਲਈ ਕਿਸਨੇ ਹਾਅ ਦਾ ਨਾਅਰਾ ਮਾਰਨਾ ਸੀ? ਅਮੀਨਦੀਨ ਲਿਖਦਾ ਹੈ ਕਿ ਸੈਂਕੜੇ ਕੁੱਤੇ ਸਵੇਰ ਸਾਰ ਰਾਵੀ ਦਰਿਆ ਵਿਚ ਛਾਲਾਂ ਮਾਰਦੇ, ਤੇਰਦੇ ਹੋਏ ਸ਼ਹਿਰ ਬਾਹਰ ਚਲੇ ਜਾਂਦੇ। ਸਾਰਾ ਦਿਨ ਬਾਹਰ ਰਹਿੰਦੇ ਤੇ ਰਾਤ ਪੈਣ ਤੇ ਭੁੱਖੇ ਮਰਦੇ ਫਿਰ ਰਾਵੀ ਵਿੱਚ ਛਾਲਾਂ ਮਾਰਦੇ ਤੇ ਸ਼ਹਿਰ ਵਿੱਚ ਦਾਖਲ ਹੋ ਕੇ ਜੋ ਲਭਦਾ ਖਾ ਕੇ ਸਵੇਰ ਸਾਰ ਫਿਰ ਦੌੜ ਜਾਂਦੇ। 14 ਫਰਵਰੀ 1712 ਨੂੰ ਲਾਹੌਰ ਵਿਚ ਖਬਰ ਸੁਣੀ ਗਈ ਕਿ ਬਾਦਸ਼ਾਹ ਸਲਾਮਤ ਦੀ ਮੌਤ ਹੋ ਗਈ। ਸ਼ਾਹਜ਼ਾਦਿਆਂ ਵਿੱਚ ਤਖਤ ਵਾਸਤੇ ਖਾਨਾਜੰਗੀ ਛਿੜ ਪਈ। ਸਾਹਜ਼ਾਦਾ ਅਜ਼ੀਮੁੱਸ਼ਾਨ, ਜਿਹੜਾ ਬਾਦਸ਼ਾਹ ਨਾਲ ਹੀ ਲਾਹੌਰ ਸਿੱਖਾਂ ਦੀ ਬਗਾਵਤ ਦਬਾਉਣ ਆਇਆ ਸੀ ਨੇ ਤਖ਼ਤ ਦਾ ਮਾਲਕ ਹੋਣ ਦਾ ਐਲਾਨ ਕਰ ਦਿੱਤਾ। ਉਹ ਸਿਰ ਤੇ ਤਾਜ ਰੱਖ ਕੇ ਹਾਥੀ ਉਪਰ ਸਵਾਰ ਹੋ ਲਾਹੌਰ ਸ਼ਹਿਰ ਦਾ ਚੱਕਰ ਲਾਉਣ ਲੱਗਾ। ਸ਼ਾਹਜ਼ਾਦੇ ਦੇ ਹਾਥੀ ਨੂੰ ਤੋਪ ਦਾ ਗੋਲਾ ਲੱਗਾ ਤਾਂ ਉਹ ਬੇਕਾਬੂ ਹੋ ਗਿਆ ਤੇ ਬੇਤਹਾਸ਼ਾ ਦੌੜਨ ਲੱਗਾ। ਉਸ ਨੇ ਰਾਵੀ ਦਰਿਆ ਵਿਚ ਛਾਲ ਮਾਰ ਦਿੱਤੀ। ਸਮੇਤ ਰਾਜਕੁਮਾਰ ਦੇ ਇਹ ਹਾਥੀ ਡੁੱਬ ਕੇ ਮਰ ਗਿਆ। ਖਾਨਾ ਜੰਗੀ ਚਲਦੀ ਰਹੀ। ਆਖਰ 2 ਫਰਵਰੀ 1713 ਨੂੰ ਅਜ਼ੀਮੁਸ਼ਾਨ ਦਾ ਪੁੱਤਰ ਫਰੁੱਖਸੀਅਰ ਤਖ਼ਤ ਤੇ ਬੈਠਾ। ਲਗਭਗ ਇੱਕ ਸਾਲ ਚਲਦੀ ਹੋਈ ਇਸ ਖਾਨਾਜੰਗੀ ਦਾ ਬੰਦਾ ਸਿੰਘ ਨੇ ਪੂਰਾ ਫਾਇਦਾ ਉਠਾਇਆ ਅਤੇ ਜਿਹੜੇ ਟਿਕਾਣੇ ਖੁੱਸ ਗਏ ਸਨ ਉਨ੍ਹਾਂ ਉਪਰ ਕਬਜਾ ਕਰ ਲਿਆ।