ਕਤਾਰ ਬੰਨ੍ਹ ਕੇ ਉਨ੍ਹਾਂ ਦੇ ਸਵਾਗਤ ਲਈ ਖਲੋਤੇ ਹੁੰਦੇ। ਉਹ ਦੁਸ਼ਮਣ ਯੋਧੇ ਜਿਹੜੇ ਜੰਗ ਵਿੱਚ ਜਾਨਾ ਵਾਰਨ ਲਈ ਨਿਕਲ ਤੁਰਦੇ ਸਨ ਹੁਕਮ ਦੇ ਤਾਬਿਆਦਾਰ ਹੋ ਜਾਂਦੇ। ਅੱਠ ਸਾਲ ਦੇ ਸੰਖੇਪ ਸਮੇਂ ਵਿੱਚ ਉਸ ਨੇ ਜਿਹੜੀਆਂ ਕਰਾਮਾਤਾਂ ਵਰਤਾਈਆਂ ਉਨ੍ਹਾਂ ਨੂੰ ਹੀ ਨਵਾਬ ਕਪੂਰ ਸਿੰਘ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅੱਗੇ ਤੋਰਿਆ ਤੇ ਇਨ੍ਹਾਂ ਸੂਰਬੀਰਾਂ ਦੀਆਂ ਵਾਹੀਆਂ ਹੋਈਆਂ ਤੇਗਾਂ ਸਦਕਾ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਰਦਾਰੀ ਹੇਠ ਲਾਹੌਰ ਦੇ ਕਿਲੇ ਉਤੇ ਨਿਸ਼ਾਨ ਸਾਹਿਬ ਲਹਿਰਾ ਕੇ ਸਰਕਾਰ ਖਾਲਸਾ ਦੀ ਸਥਾਪਨਾ ਕੀਤੀ ਗਈ।
ਹਰੀ ਰਾਮ ਗੁਪਤਾ ਲਿਖਦੇ ਹਨ, "ਉਹ ਨਾ ਇਸਲਾਮ ਦਾ ਵਿਰੋਧੀ ਸੀ ਨਾ ਮੁਸਲਮਾਨਾਂ ਦਾ। ਉਸਨੇ ਕਲਾਨੌਰ ਵਿੱਚ 5000 ਮੁਸਲਮਾਨ ਭਰਤੀ ਕੀਤੇ ਤੇ ਉਨ੍ਹਾਂ ਨੂੰ ਬਾਂਗ ਨਮਾਜ਼ ਦੀ ਆਜ਼ਾਦੀ ਸੀ। ਉਸ ਨੂੰ ਜੇ ਗੁੱਸਾ ਸੀ ਤਾਂ ਕੇਵਲ ਜ਼ਾਲਮਾਂ ਵਿਰੁੱਧ। ਮੁਗਲਾਂ ਦੀ ਨਜ਼ਰ ਵਿੱਚ ਉਹ ਸਿਰੇ ਦਾ ਲਹੂ ਤਿਹਾਇਆ ਰਾਖਸ਼ ਸੀ, ਹਿੰਦੂਆਂ ਲਈ ਸ਼੍ਰੋਮਣੀ ਨਾਇਕ ਅਤੇ ਸਿੱਖਾਂ ਲਈ ਉਹ ਪਹਿਲਾ ਬਾਦਸ਼ਾਹ ਸੀ। ਉਹ ਰੂਹਾਨੀ, ਸਿਆਸੀ ਅਤੇ ਯੁੱਧਨੀਤੀ ਦੇ ਅਮਲ ਦਾ ਜੀਨੀਅਸ ਸੀ। ਚਾਹੇ ਕੋਈ ਸ਼ੈਤਾਨ ਕਹੇ ਚਾਹੇ ਫਕੀਰ, ਉਹ ਆਪਣੀ ਮਿਸਾਲ ਆਪ ਸੀ। ਵਿਸ਼ਵ ਇਤਿਹਾਸ ਵਿੱਚ ਉਸ ਦਾ ਰੁਤਬਾ ਸਿਕੰਦਰ, ਨਾਦਰਸ਼ਾਹ, ਅਬਦਾਲੀ ਅਤੇ ਨੇਪੋਲੀਅਨ ਤੋਂ ਘੱਟ ਨਹੀਂ।"
ਪ੍ਰੋਫੈਸਰ ਪੂਰਨ ਸਿੰਘ ਆਪਣੇ ਨਿਬੰਧ ਬੀਰਤਾ ਵਿੱਚ ਲਿਖਦੇ ਹਨ, ਯੋਧਾ ਪਤਲੀ ਟੀਨ ਦਾ ਪੀਪਾ ਨਹੀਂ ਹੁੰਦਾ ਕਿ ਜ਼ਰਾ ਕੁ ਸੇਕ ਲੱਗਾ ਤਾਂ ਵਿਚਲਾ ਘਿਓ ਪੰਘਰ ਗਿਆ ਤੇ ਰਤਾ ਕੁ ਠੰਢਾ ਬੁੱਲਾ ਆਇਆ ਤਾਂ ਜਮ ਗਿਆ। ਯੋਧੇ ਨੂੰ ਜਲਦੀ ਕੀਤਿਆ ਗੁੱਸਾ ਨਹੀਂ ਆਉਂਦਾ। ਉਸ ਨੂੰ ਗੁੱਸੇ ਕਰਨ ਵਾਸਤੇ ਸਦੀਆਂ ਲਗਦੀਆਂ ਹਨ। ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਸਮੇਤ ਹਜ਼ਾਰਾਂ ਮਾਸੂਮਾਂ ਦੇ ਕਤਲਾ ਨੇ ਬੰਦਾ ਸਿੰਘ ਨੂੰ ਗੁੱਸ ਕਰ ਦਿੱਤਾ। ਇਹੋ ਜਿਹੇ ਜਰਨੈਲ ਜਦੋਂ ਗੁੱਸੇ ਵਿੱਚ ਆ ਜਾਣ ਤਦ ਉਨ੍ਹਾਂ ਦਾ ਗੁੱਸਾ ਉਤਰਨ ਵਿੱਚ ਵੀ ਕਈ ਸਦੀਆਂ ਲੱਗਦੀਆਂ ਹਨ।