ਚੰਨਾ ਰੋਣ ਲੱਗ ਪਿਆ। ਉਸ ਨੇ ਸਿਧਾਰਥ ਦੇ ਚਰਨ ਫੜ ਲਏ ਤੇ ਕਹਿਣ ਲੱਗਾ- ਇਹ ਤੁਸੀਂ ਕੀ ਕਰ ਰਹੇ ਹੋ ਯੁਵਰਾਜ ? ਮੈਂ ਮਹਿਲਾਂ ਵਿਚ ਇਹ ਖ਼ਬਰ ਕਿਵੇਂ ਦਿਆਗਾਂ? ਚਲੇ ਵਾਪਸ ਚੱਲੀਏ ਯੁਵਰਾਜ ਗੌਤਮ। ਮੈਂ ਤੁਹਾਡਾ ਅੰਗ ਰੱਖਿਅਕ ਵੀ ਹਾਂ ਰਾਜਕੁਮਾਰ। ਤੁਹਾਨੂੰ ਮਹਿਲ ਤੱਕ ਪੁਚਾਉਣਾ ਮੇਰਾ ਫਰਜ਼ ਹੈ, ਫਿਰ ਤੁਸੀਂ ਜੋ ਦਿਲ ਆਏ ਕਰਨਾ। ਯੁਵਰਾਜ ਨੇ ਕਿਹਾ- ਡੋਲ ਨਾਂਹ ਚੰਨੇ ਤੂੰ ਮਿੱਤਰ ਹੈਂ। ਇਹ ਸੁਨੇਹਾ ਮਹਿਲ ਤਕ ਪੁਚਾਣ ਲਈ ਮੈਂ ਤੈਨੂੰ ਚੁਣਿਆ ਹੈ। ਤੂੰ ਆਮ ਬੰਦਾ ਨਹੀਂ ਹੈ। ਜਾਹ। ਮੇਰਾ ਫੈਸਲਾ ਅਟੱਲ ਹੈ। ਗੌਤਮ ਨੇ ਚੰਨੇ ਨੂੰ ਵਿਦਾ ਕੀਤਾ ਤੇ ਕਿਰਪਾਨ ਨਾਲ ਆਪਣੇ ਰੇਸ਼ਮ ਵਰਗੇ ਕੇਸ ਕੱਟ ਕੇ ਭਿੱਖੂ ਹੋ ਗਿਆ।
ਇਸ ਰਾਤ ਜੋ ਕੁੱਝ ਵਾਪਰਿਆ, ਬੋਧੀ ਸਾਹਿਤ ਵਿਚ ਇਸ ਨੂੰ ਮਹਾਂ- ਤਿਆਗ (The Great Renunciation) ਕਿਹਾ ਜਾਂਦਾ ਹੈ। ਇਕ ਨਵਾਂ ਸੂਰਜ ਸੰਸਾਰ ਦੇ ਧਰਮਾਂ ਵਿਚ ਉਦਯ ਹੋਣ ਲਈ ਅੰਗੜਾਈ ਲੈ ਰਿਹਾ ਸੀ।
ਕਿਸੇ ਅਜਨਬੀ ਨੂੰ ਆਪਣੇ ਵਸਤਰ ਉਤਾਰ ਕੇ ਦਿੱਤੇ ਤੇ ਕੇਵਲ ਇਕ ਕੱਪੜਾ ਲੱਕ ਦੁਆਲੇ ਲਪੇਟਣ ਲਈ ਰੱਖ ਲਿਆ। ਉਹ ਜੰਗਲ ਵਿਚ ਇਕੱਲਾ ਤੁਰਦਾ ਗਿਆ। ਦੂਰ-ਦੁਰਾਡੇ ਗਿਆ। ਜਿਥੋਂ ਕਿਤੋਂ ਕੁਝ ਮਿਲਦਾ, ਮੰਗ ਕੇ ਖਾ ਲੈਂਦਾ ਤੇ ਨੀਂਦ ਆਉਣ ਤੇ ਰੁੱਖ ਹੇਠਾਂ ਸੋ ਜਾਂਦਾ। ਤੁਰਦਾ-ਤੁਰਦਾ ਕਈ ਦਿਨਾ ਬਾਅਦ ਉਹ ਮਗਧ ਦੀ ਰਾਜਧਾਨੀ ਰਾਜਗ੍ਰਹਿ ਨੇੜੇ ਅੱਪੜ ਗਿਆ। ਇਹ ਸ਼ਹਿਰ ਰਾਜਾ ਬਿੰਬੀਸਾਰ ਨੇ ਵਸਾਇਆ ਸੀ। ਸ਼ਹਿਰ ਤੋਂ ਬਾਹਰ ਉਸ ਨੇ ਆਪਣਾ ਆਸਣ ਜਮਾਇਆ ਤੇ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ। ਰਾਜਗ੍ਰਹਿ ਵਿਚ ਘਰੋ-ਘਰੀ ਖ਼ਬਰ ਪੁੱਜ ਗਈ ਕਿ ਇਕ ਖੂਬਸੂਰਤ ਨੌਜਵਾਨ ਭਿੱਖੂ ਬਣਿਆ ਤਪ ਕਰ ਰਿਹਾ ਹੈ ਜਿਸ ਨੂੰ ਦੇਖਣ ਵਾਸਤੇ ਲੋਕ ਆਉਣ ਲੱਗ ਗਏ। ਇਹ ਖਬਰ ਰਾਜੇ ਬਿੰਬੀਸਾਰ ਤਕ ਵੀ ਪੁੱਜੀ। ਉਹ ਵੀ ਦਰਸ਼ਨ ਕਰਨ ਗਿਆ ਤੇ ਗੌਤਮ ਨੂੰ ਦੇਖ ਕੇ ਕਹਿਣ ਲੱਗਾ, ਤੁਹਾਡੇ ਹੱਥ ਕਿਸੇ ਵੱਡੀ ਹਕੂਮਤ ਦੀ ਵਾਗਡੋਰ ਸੰਭਾਲਣ ਲਈ ਬਣੇ ਹੋਏ ਹਨ, ਹੇ ਸਨਿਆਸੀ, ਭਿਖਾਰੀਆਂ ਦਾ ਲੋਟਾ ਤੁਹਾਡੇ ਹੱਥ ਵਿਚ ਸੋਭਾ ਨਹੀਂ ਦਿੰਦਾ। ਸਿਧਾਰਥ ਨੇ ਕਿਹਾ- ਸਲਤਨਤ ਨਾਲੋਂ ਨਿਰਮਲਤਾ, ਪਵਿੱਤਰਤਾ ਵੱਡੀਆਂ ਸ਼ਕਤੀਆਂ ਹਨ। ਜੇ ਮਹਿਲਾਂ ਵਿਚ ਸੁਖ ਹੁੰਦਾ ਤਾਂ ਰਾਜੇ ਸਾਧੂਆਂ ਪਾਸ ਜਾ ਕੇ ਫਰਿਆਦਾਂ ਨਾ ਕਰਦੇ। ਮੇਰੀ ਆਪ ਅੱਗੇ ਪ੍ਰਾਰਥਨਾ ਹੈ ਕਿ ਮੇਰੇ ਉਪਰ ਤਰਸ ਨਾ ਖਾਓ। ਉਨ੍ਹਾਂ ਉਤੇ ਤਰਸ ਕਰੋ ਜਿਨ੍ਹਾਂ ਨੂੰ ਜ਼ਿੰਦਗੀ ਨੇ ਲਤਾੜ ਦਿੱਤਾ ਹੋਇਆ ਹੈ। ਬਾਦਸ਼ਾਹ ਨੇ ਸਤਿਕਾਰ ਨਾਲ ਸਿਰ ਝੁਕਾਇਆ ਤੇ ਕਿਹਾ- "ਮੇਰੀ ਕਾਮਨਾ ਹੈ ਜਿਸ ਚੀਜ ਦੀ ਤਲਾਬ ਵਿਚ ਤੁਸੀਂ ਨਿਕਲੇ ਹੋ ਉਸ ਨੂੰ ਪ੍ਰਾਪਤ ਕਰੋ। ਜਦੋਂ ਤੁਹਾਨੂੰ ਉਹ ਹਾਸਲ ਹੋ ਜਾਵੇ, ਮੇਰੀ ਬੇਨਤੀ ਹੈ ਫਿਰ ਇਧਰ ਆਉਣਾ। ਮੈਂ ਤੁਹਾਡਾ ਸਿੱਖ ਬਣਨਾ ਚਾਹਾਂਗਾ।" ਇਹ ਘਟਨਾ 522 ਪੂਰਬ ਈਸਾ ਦੀ ਹੈ ਜਦੋਂ ਬਿੰਬੀਸਾਰ ਗੌਤਮ ਨੂੰ ਮਿਲਿਆ।