ਕੀਤਾ ਸੀ। ਗਵਾਂਢੀ ਰਾਜਾਂ ਨਾਲ ਕੀਤੀਆਂ ਸੰਧੀਆਂ ਉਪਰ ਰਣਜੀਤ ਸਿੰਘ ਦੇ ਦਸਖ਼ਤਾਂ ਦੀ ਥਾਂ ਸਰਕਾਰ ਖਾਲਸਾ ਦੀ ਮੁਹਰ ਹੈ। ਸਤਹੀ ਸੂਚਨਾ ਪ੍ਰਾਪਤ ਕਰਨ ਉਪਰੰਤ ਜਿਹੜੇ ਅਲਪ ਬੁੱਧ ਸਾਹਿਤਕਾਰ/ ਇਤਿਹਾਸਕਾਰ ਇਹ ਕਹਿੰਦੇ ਹਨ ਕਿ ਉਹ ਕੇਵਲ ਸਿੱਖਾਂ ਨੂੰ ਖੁਸ਼ ਕਰਨ ਲਈ ਅਜਿਹਾ ਕਰਦਾ ਸੀ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਕਿ ਉਸ ਦੀ ਸ਼ਕਤੀਸ਼ਾਲੀ ਸਟੇਟ ਵਿਚ ਸਿੱਖ ਤਾਂ 8 ਪ੍ਰਤੀਸ਼ਤ ਸਨ। ਬਾਕੀ 92 ਪ੍ਰਤੀਸਤ ਲੋਕ ਤਾਂ ਉਸ ਦੀਆਂ ਇਨ੍ਹਾਂ ਗੱਲਾਂ ਸਦਕਾ ਨਾਰਾਜ਼ ਹੋ ਸਕਦੇ ਸਨ। ਕੌਣ ਕਿਸ ਨੂੰ ਪਖੰਡ ਨਾਲ ਅਧੀ ਸਦੀ ਤੱਕ ਖੁਸ਼ ਕਰ ਸਕਦਾ ਹੈ ? ਇਹ ਗੱਲ ਇਕ ਪਾਸੇ ਰੱਖ ਦੇਈਏ ਤਦ ਪਤਾ ਲਗੇਗਾ ਕਿ ਰਣਜੀਤ ਸਿੰਘ ਦੀ ਸਰਕਾਰ ਤੋਂ ਪਹਿਲੋਂ ਕਿਸੇ ਗੈਰ-ਮੁਸਲਿਮ ਸਟੇਟ ਦੇ ਰਾਜਪ੍ਰਮੁੱਖ ਨੇ ਇਹ ਖਤਰਾ ਮੁੱਲ ਨਹੀਂ ਲਿਆ ਸੀ ਕਿ ਉਹ ਮੁਸਲਮਾਨਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰੋ ਅਤੇ ਫ਼ੌਜਾਂ ਦੇ ਜਰਨੈਲ ਥਾਪੇ। ਤਕੜੀਆਂ ਮੁਸਲਮਾਨ ਸਟੇਟਾਂ ਦੇ ਐਨ ਵਿਚਕਾਰ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਦਲੇਰੀ ਭਰੇ ਕਾਰਨਾਮੇ ਕੀਤੇ। ਸਿੱਟਾ ਇਹ ਨਿਕਲਿਆ ਕਿ ਜਿਨ੍ਹਾਂ ਦਿਨਾਂ ਵਿਚ ਗੈਰ ਇਸਲਾਮੀ ਸਰਕਾਰਾਂ ਮੁਸਲਮਾਨਾਂ ਨੂੰ ਵੱਡੇ ਰੁਤਬੇ ਦੇ ਕੇ ਆਪਣੇ ਲਈ ਖਤਰਾ ਮੁੱਲ ਲੈਣ ਦੀਆਂ ਇਛੁੱਕ ਨਹੀਂ ਸਨ. ਮਹਾਰਾਜੇ ਦੇ ਮੁਸਲਮਾਨ ਜਰਨੈਲ ਉਸ ਦੀ ਮੌਤ ਤੋਂ ਬਾਅਦ ਵੀ ਅੰਗਰੇਜ਼ਾਂ ਵਿਰੁੱਧ ਲੜਦੇ ਰਹੇ। ਇਹ ਜਿਹਾ ਯੋਧਾ ਤੇ ਸਿਆਸਤਦਾਨ ਸਦੀਆਂ ਬਾਅਦ ਕਦੀ ਪੈਦਾ ਹੁੰਦਾ ਹੈ।
ਪੂਰਵਜ :
ਮਹਾਰਾਜੇ ਦਾ ਬਾਬਾ ਸ. ਚੜ੍ਹਤ ਸਿੰਘ ਤੇ ਸ. ਚੜ੍ਹਤ ਸਿੰਘ ਦਾ ਬਾਬਾ, ਬੁੱਢਾ ਸਿੰਘ ਸੀ। ਬੁੱਢਾ ਸਿੰਘ ਤੋਂ ਪਹਿਲਾਂ ਦਾ ਸਾਨੂੰ ਕੁਝ ਪਤਾ ਨਹੀਂ ਲਗਦਾ। ਸ. ਬੁੱਢਾ ਸਿੰਘ 25 ਏਕੜ ਜਮੀਨ, ਇਕ ਖੂਹ ਅਤੇ ਤਿੰਨ ਹਲਾਂ ਦਾ ਮਾਲਕ ਸੀ। ਏਨੀ ਕੁ ਜ਼ਮੀਨ ਵਾਲੇ ਬੰਦੇ ਨੂੰ ਬਹੁਤ ਅਮੀਰ ਤਾਂ ਨਹੀਂ ਗਿਣਿਆ ਜਾਂਦਾ ਪਰ ਚੰਗਾ ਖਾਂਦਾ ਪੀਂਦਾ ਸਰਦਾਰ ਜਰੂਰ ਹੁੰਦਾ ਹੈ। ਇਸ ਜ਼ਮੀਨ ਵਿਚ ਉਸ ਦਾ ਸ਼ਰੀਕਾ ਕਬੀਲਾ ਵੱਸਣ ਲੱਗਾ ਤਾਂ ਇਹ ਇਕ ਨਿੱਕਾ ਜਿਹਾ ਪਿੰਡ ਬਣ ਗਿਆ ਜਿਸ ਨੂੰ ਸ਼ੁਕਰਚੱਕ ਕਹਿੰਦੇ ਸਨ। ਸ਼ੁਕਰ ਸ਼ਬਦ ਦਾ ਅਰਥ ਛੋਟਾ ਹੀ ਹੁੰਦਾ ਹੈ। ਆਰੰਭ ਵਿਚ ਜੁਆਨੀ ਦੇ ਦਿਨੀ ਉਹ ਨਿਕੀਆਂ ਮੋਟੀਆਂ ਬਦਮਾਸ਼ੀਆਂ ਅਤੇ ਚੋਰੀਆਂ ਕਰਨ ਦਾ ਸ਼ੁਕੀਨ ਵੀ ਰਿਹਾ ਪਰ ਗੁਰੂ ਹਰਿ ਰਾਇ ਜੀ ਦੇ ਦਰਸ਼ਨ ਕਰਨ ਉਪਰੰਤ ਉਨ੍ਹਾਂ ਦਾ ਸਿੱਖ ਬਣ ਗਿਆ ਤੇ ਮਾੜੇ ਕੰਮਾਂ ਤੋਂ ਤੋਬਾ ਕੀਤੀ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ। ਲੜਾਈਆਂ ਵਿਚ ਗੁਰੂ ਜੀ ਦਾ ਸਾਥ ਦਿੱਤਾ ਤੇ ਉਨ੍ਹਾਂ ਤੋਂ ਪਿਛੋਂ ਬਾਬਾ ਬੰਦਾ ਸਿੰਘ ਦੀ ਸੈਨਾ ਵਿਚ ਮਿਲ ਕੇ ਮੁਗਲਾਂ ਵਿਰੁੱਧ ਕਿਰਪਾਨ ਵਾਹੀ। ਉਹ ਇੰਨਾ ਦਲੇਰ ਅਤੇ ਫੁਰਤੀਲਾ ਸੀ ਕਿ ਨੌਜਵਾਨ ਉਸ ਦਾ ਮੁਕਾਬਲਾ ਕਰਨ ਦੇ ਉਦੋਂ ਵੀ ਸਮਰੱਥ ਨਹੀਂ ਸਨ ਜਦ ਉਹ ਅਧੇੜ ਉਮਰ ਟੱਪ ਗਿਆ ਸੀ। ਜਦੋਂ 1716 ਵਿਚ ਉਸਦੀ ਮੌਤ ਹੋਈ ਤਦ ਉਸ ਦੇ ਜਿਸਮ ਉਪਰ ਤਲਵਾਰ ਦੇ ਅਨੇਕ ਜ਼ਖਮਾਂ ਦੇ ਨਿਸ਼ਾਨ ਸਨ ਤੇ ਨੌ ਨਿਸ਼ਾਨ ਬੰਦੂਕ ਦੀਆਂ ਗੋਲੀਆਂ ਵੱਜਣ ਦੇ ਦਿਸਦੇ ਸਨ। ਇਲਾਕੇ ਵਿਚ ਉਸ ਦਾ ਚੰਗਾ ਦਬਦਬਾ ਬਣ ਗਿਆ ਸੀ ਜਿਸ ਕਰਕੇ ਪਿੰਡ ਸ਼ੁਕਰਚੱਕ ਦੁਆਲੇ ਉਸ ਨੇ ਇਕ ਨਿਕਾ ਜਿਹਾ ਕਿਲ੍ਹਾ ਉਸਾਰਿਆ।