ਵਾਰੀ ਮਹਾਂ ਸਿੰਘ ਜੇਤੂ ਹੁੰਦਾ ਤੇ ਇਕ ਝੜਪ ਵਿਚ ਜੇ ਸਿੰਘ ਦਾ ਬੇਟਾ ਮਾਰਿਆ ਗਿਆ। ਜੇ ਸਿੰਘ ਅਤੇ ਉਸ ਦੀ ਨੂੰਹ ਸਦਾ ਕੌਰ, (ਗੁਰਬਖਸ਼ ਸਿੰਘ ਦੀ ਵਿਧਵਾ ਨੇ ਇਹ ਦੁਸ਼ਮਣੀ ਮੁਕਾਉਣ ਲਈ ਰਣਜੀਤ ਸਿੰਘ ਨਾਲ ਆਪਣੀ ਬੇਟੀ ਦੀ ਮੰਗਣੀ ਕਰ ਦਿੱਤੀ। ਇਹ ਬੜਾ ਦੂਰ ਅੰਦੇਸ਼ ਫ਼ੈਸਲਾ ਸੀ ਜਿਸ ਨਾਲ ਦੇ ਤਾਕਤਵਰ ਮਿਸਲਾਂ ਇਕੱਠੀਆਂ ਹੋ ਗਈਆਂ। 15 ਅਪ੍ਰੈਲ 1790 ਈਸਵੀ ਵਿਚ ਸ੍ਰ. ਮਹਾਂ ਸਿੰਘ ਦੀ ਮੌਤ ਹੋ ਗਈ ਤਦ ਰਣਜੀਤ ਸਿੰਘ ਦਸ ਸਾਲ ਦਾ ਸੀ। ਮਿਸਲ ਦੀ ਨਿਗਰਾਨੀ ਸੱਸ ਸਦਾ ਕੌਰ ਦੇ ਹੱਥਾਂ ਵਿਚ ਆ ਗਈ ਜਿਹੜੀ ਉਸ ਨੇ ਬਾਖੂਬੀ ਨਿਭਾਈ।
ਛੇ ਸਾਲ ਦੀ ਉਮਰ ਵਿਚ ਉਹ ਤਿਖੇ ਵੇਗ ਵਿਚ ਵਹਿੰਦੇ ਝਨਾ ਦਰਿਆ ਨੂੰ ਪਾਰ ਕਰ ਲੈਂਦਾ ਸੀ। ਦਸ ਸਾਲ ਦੀ ਉਮਰ ਦੇ ਬਾਲਕ ਰਣਜੀਤ ਸਿੰਘ ਨੂੰ ਪੜ੍ਹਨਾ ਲਿਖਣਾ ਸਿਖਾਉਣ ਵਾਸਤੇ ਭਾਈ ਭੰਗਾ ਸਿੰਘ ਦੇ ਡੇਰੇ ਵਿਚ ਦਾਖਲ ਕਰਵਾਇਆ ਗਿਆ। ਡੇਰਾ ਘਰੋਂ ਦੂਰ ਹੋਣ ਕਰਕੇ ਰਣਜੀਤ ਸਿੰਘ ਘੋੜੇ ਤੇ ਸਵਾਰ ਹੁੰਦਾ ਅਤੇ ਡੇਰੇ ਵਿਚ ਜਾਣ ਦੀ ਬਜਾਇ ਰਾਵੀ ਦਰਿਆ ਵਿਚ ਤੈਰਦਾ ਜਾਂ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਦਾ। ਸਿਰਫ ਇਹੀ ਨਹੀਂ ਕਿ ਖੁਦ ਪੜ੍ਹਨ ਵਿਚ ਬੇਧਿਆਨੀ ਦਿਖਾਈ, ਕਈ ਸਾਥੀਆਂ ਨੂੰ ਵੀ ਪੜ੍ਹਾਈ ਨਾਲੋਂ ਹਟਾ ਕੇ ਸ਼ਿਕਾਰ ਖੇਡਣ ਦੀ ਮਹੱਤਤਾ ਸਮਝਾਈ। ਇਹ ਨਿਕੀ ਜਿਹੀ ਜੁੰਡਲੀ ਖੇਡਾਂ ਵਿਚ ਮਸਤ ਰਹਿੰਦੀ। ਦੂਰ ਦੁਰਾਡੇ ਜੰਗਲਾਂ ਵਿਚ ਘੁੰਮਣਾ ਤੇ ਖਤਰਨਾਕ ਜਾਨਵਰਾਂ ਨਾਲ ਮੁਕਾਬਲੇ ਕਰਨੇ ਉਸ ਦਾ ਪਸੰਦੀਦਾ ਕੰਮ ਸੀ।
ਗੁਜਰਾਂਵਾਲੇ ਦੇ ਨਾਲ ਲਗਦਾ ਇਲਾਕਾ ਚੱਠਿਆ ਦਾ ਸੀ। ਚੱਠਿਆਂ ਦਾ ਸਰਦਾਰ ਹਸ਼ਮਤ ਖਾਨ ਹੰਕਾਰਿਆ ਹੋਇਆ ਬੰਦਾ ਸੀ ਜੋ ਹਿੰਦੂਆਂ ਸਿੱਖਾਂ ਨੂੰ ਤੰਗ ਕਰਕੇ ਖੁਸ਼ ਹੁੰਦਾ। ਸ੍ਰ. ਮਹਾਂ ਸਿੰਘ ਪਾਸ ਉਸ ਦੀਆਂ ਸ਼ਿਕਾਇਤਾਂ ਪੁੱਜੀਆਂ ਸਨ ਤਾਂ ਇਕ ਸੈਨਿਕ ਟੁਕੜੀ ਲੈ ਕੇ ਉਸ ਨੇ ਹਸ਼ਮਤ ਖਾਨ ਉਪਰ ਚੜ੍ਹਾਈ ਕਰਕੇ ਉਸ ਨੂੰ ਫੜ ਲਿਆ। ਮਾਰ ਕੁਟਾਈ ਚੰਗੀ ਕੀਤੀ ਪਰ ਇਸ ਸ਼ਰਤ ਤੇ ਜਾਨ ਬਖਸ਼ੀ ਕਿ ਅਗੋਂ ਨੂੰ ਠੀਕ-ਠਾਕ ਰਹੇਗਾ ਅਤੇ ਗਵਾਂਢੀਆਂ ਨਾਲ ਚੰਗਾ ਵਿਹਾਰ ਕਰੇਗਾ। ਇਕ ਦਿਨ ਰਣਜੀਤ ਸਿੰਘ ਆਪਣੀ ਟੋਲੀ ਸਮੇਤ ਸ਼ਿਕਾਰ ਖੇਡਦਾ-ਖੇਡਦਾ ਰਾਹ ਭੁੱਲ ਗਿਆ ਤੇ ਸਾਥੀਆਂ ਤੋਂ ਵਿਛੁੜ ਕੇ ਜਿਸ ਪਾਸੇ ਜਾ ਨਿਕਲਿਆ ਉਹ ਚੱਠਿਆਂ ਦਾ ਇਲਾਕਾ ਸੀ ਤੇ ਇਤਫਾਕਨ ਹਸ਼ਮਤ ਖ਼ਾਨ ਉਸ ਪਾਸੇ ਸ਼ਿਕਾਰ ਖੇਡਣ ਆਇਆ ਹੋਇਆ ਸੀ। ਉਸ ਨੇ ਰਣਜੀਤ ਸਿੰਘ ਨੂੰ ਪਛਾਣ ਲਿਆ। ਚੱਠੇ ਸਰਦਾਰ ਦੀਆਂ ਰਗਾਂ ਵਿਚ ਖੂਨ ਨੇ ਉਬਾਲਾ ਖਾਧਾ। ਮਹਾਂ ਸਿੰਘ ਦਾ ਬੇਟਾ ਕਾਬੂ ਆ ਗਿਆ। ਹੁਣ ਛੱਡਣਾ ਨਹੀਂ ਚਾਹੀਦਾ । ਤੇਜ਼ ਘੋੜਾ ਦੌੜਾ ਕੇ ਉਸ ਨੇ ਰਣਜੀਤ ਸਿੰਘ ਨੂੰ ਘੇਰ ਲਿਆ ਤੇ ਤਲਵਾਰ ਦਾ ਜਬਰਦਸ਼ਤ ਵਾਰ ਕੀਤਾ। ਬਿਜਲੀ ਦੀ ਫੁਰਤੀ ਨਾਲ ਰਣਜੀਤ ਸਿੰਘ ਨੇ ਆਪਣਾ ਬਚਾਅ ਕੀਤਾ ਤੇ ਚੱਠੇ ਸਰਦਾਰ ਉਪਰ ਵਾਰ ਕਰਨ ਲਈ ਕਿਰਪਾਨ ਧੂਹ ਲਈ। ਇਹ ਅਧਖੜ ਉਮਰ ਦਾ ਚੱਠਾ ਸਾਢੇ ਛੇ ਫੁੱਟ ਲੰਮਾ ਬੜੀ ਸੁਡੌਲ ਡੀਲ ਡੋਲ ਵਾਲਾ ਮਜ਼ਬੂਤ ਬੰਦਾ ਸੀ। ਰਣਜੀਤ ਸਿੰਘ ਨੇ ਉਸ ਉਪਰ ਤੇਜ਼ ਤਰਾਰ ਵਾਰ ਕੀਤਾ ਤਾਂ ਹਜ਼ਮਤ ਖਾਨ ਦੀ ਗਰਦਣ ਉਡ ਗਈ। ਗੁਜਰਾਂਵਾਲੇ ਵਾਪਸ ਆ ਕੇ ਜਦੋਂ ਰਣਜੀਤ ਸਿੰਘ ਨੇ ਇਹ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਮੈਂ ਚੱਠਿਆ