ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਵਲੋਂ ਬੇਸ਼ਕ ਪਹਿਲਾ ਮਿਤਰਤਾਨਾਂ ਖ਼ਤ 1800 ਈਸਵੀ ਵਿਚ ਰਣਜੀਤ ਸਿੰਘ ਵਲ ਘੱਲਿਆ ਸੀ ਪਰ 1805 ਵਿਚ ਅੰਗਰੇਜ਼ਾਂ ਦਾ ਭਜਾਇਆ ਹੋਇਆ ਮਹਾਰਾਜਾ ਜਸਵੰਤ ਰਾਓ ਹੋਲਕਰ ਜਦੋਂ ਲਾਹੌਰ ਦਰਬਾਰ ਵਿਚ ਪਨਾਹ ਲੈਣ ਆਇਆ ਉਦੋਂ ਅੰਗਰੇਜ਼ਾਂ ਨੇ ਗੰਭੀਰਤਾ ਨਾਲ ਮਿਤਰਤਾ ਦਾ ਹੱਥ ਮ. ਰਣਜੀਤ ਸਿੰਘ ਵਲ ਵਧਾਇਆ। ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ਾਂ ਨੇ ਪਹਿਲੀ ਸੰਧੀ ਮਹਾਰਾਜਾ ਰਣਜੀਤ ਸਿੰਘ ਨਾਲ 1 ਜਨਵਰੀ 1806 ਈ. ਨੂੰ ਕੀਤੀ ਜਿਸ ਤਹਿਤ
1. ਮਹਾਰਾਜਾ ਰਣਜੀਤ ਸਿੰਘ ਹੋਲਕਰ ਨੂੰ ਕਹੇ ਕਿ ਉਹ ਅੰਮ੍ਰਿਤਸਰ ਤੋਂ ਤੀਹ ਕਿਲੋਮੀਟਰ ਪੂਰਬ ਵਲ ਆਪਣੀ ਸੈਨਾ ਸਮੇਤ ਕੂਚ ਕਰੋ ਤੇ ਇਨ੍ਹਾਂ ਦੀ ਫੌਜੀ ਸਹਾਇਤਾ ਨਾ ਕੀਤੀ ਜਾਵੇ।
2. ਭਵਿੱਖ ਵਿਚ ਹੋਲਕਰ ਜਾਂ ਉਸ ਦੇ ਮਿਤਰਾਂ ਨਾਲ ਸਰਕਾਰ ਖਾਲਸਾ ਕੋਈ ਸਰੋਕਾਰ ਨਾਂ ਰੱਖੋ।
3. ਮ. ਰਣਜੀਤ ਸਿੰਘ ਅੰਗਰੇਜ਼ਾਂ ਦੇ ਇਲਾਕਿਆਂ ਵਿਚ ਦਖ਼ਲ ਨਾ ਦਏ।
ਕੁਝ ਲੋਕਾਂ ਨੇ ਮ. ਰਣਜੀਤ ਸਿੰਘ ਦੀ ਆਲੋਚਨਾ ਕੀਤੀ ਹੈ ਕਿ ਉਸ ਨੇ ਜਸਵੰਤ ਰਾਓ ਦੀ ਫ਼ੌਜੀ ਸਹਾਇਤਾ ਕਿਉਂ ਨਹੀਂ ਕੀਤੀ। ਇਸ ਦੇ ਕਾਰਨ ਇਹ ਹਨ ਕਿ ਅੰਗਰੇਜ਼ਾਂ ਦੀ ਤਾਕਤ ਦਾ ਮ. ਰਣਜੀਤ ਸਿੰਘ ਨੂੰ ਪਤਾ ਸੀ । ਦੂਜਾ ਉਸ ਦੇ ਰਾਜ ਦੀਆਂ ਹੱਦਾਂ ਅੰਗਰੇਜ਼ ਰਾਜ ਨਾਲ ਤਾਂ ਲਗਦੀਆਂ ਸਨ ਜਸਵੰਤ ਰਾਓ ਹੋਲਕਰ ਦੀਆਂ ਹੱਦਾਂ ਨਾਲ ਨਹੀਂ। ਤੀਜੇ ਉਸ ਨੂੰ ਹੋਲਕਰ ਦੀ ਭਰੋਸੇਯੋਗਤਾ ਉਪਰ ਸ਼ੱਕ ਸੀ ਜੋ ਸ਼ੱਕ ਬਾਅਦ ਵਿਚ ਸਹੀ ਸਾਬਤ ਹੋਇਆ। ਚੌਥੇ ਜੇ ਉਹ ਅੰਗਰੇਜ਼ਾਂ ਨਾਲ ਪੰਗਾ ਲੈ ਲੈਂਦਾ ਤਦ ਮੌਕੇ ਦਾ ਲਾਭ ਉਠਾ ਕੇ ਅਫਗਾਨਾਂ ਨੇ ਹਮਲਾ ਕਰ ਦੇਣਾ ਸੀ । ਜਦੋਂ ਰਣਜੀਤ ਸਿੰਘ ਪਾਸੋਂ ਮੱਦਦ ਨਾਂ ਮਿਲੀ ਤਾਂ ਹੋਲਕਰ ਨੇ ਅਫਗਾਨਿਸਤਾਨ ਦੀ ਸਰਕਾਰ ਨਾਲ ਸਹਾਇਤਾ ਲਈ ਸੰਪਰਕ ਬਣਾਇਆ ਜਿਹੜਾ ਕਿ ਸਰਕਾਰ ਖਾਲਸਾ ਦੇ ਹਿਤਾਂ ਦੇ ਵਿਰੁੱਧ ਸੀ।
1806 ਅਤੇ 1807 ਵਿਚ ਰਣਜੀਤ ਸਿੰਘ ਨੇ ਸਤਲੁਜੋਂ ਪੂਰਬੀ ਹਿਸੇ ਤੇ ਜਮਨਾ ਤੱਕ ਲਗਾਤਾਰ ਚੜ੍ਹਾਈਆਂ ਕੀਤੀਆਂ ਅਤੇ ਪੂਰਬੀ ਪੰਜਾਬ ਦੀਆਂ ਰਿਆਸਤਾਂ ਪਾਸੋਂ ਭਾਰੀ ਰਕਮਾਂ ਨਜ਼ਰਾਨੇ ਦੇ ਰੂਪ ਵਿਚ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ। ਰਿਆਸਤੀ ਰਾਜਿਆਂ ਵਿਚ ਖਲਬਲੀ ਮੱਚ ਗਈ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਮਹਾਰਾਜਾ ਉਨ੍ਹਾਂ ਦੀਆਂ ਮਲਕੀਅਤਾਂ ਹੜੱਪਣ ਲਈ ਤਤਪਰ ਸੀ । ਰਿਆਸਤੀ ਰਾਜਿਆਂ ਨੇ ਪਟਿਆਲਾ ਰਿਆਸਤ ਦੇ ਮੁਖੀ ਸਾਹਿਬ ਸਿੰਘ ਰਾਹੀਂ ਅੰਗਰੇਜ਼ਾਂ ਪਾਸ ਦਿੱਲੀ ਜਾ ਕੇ ਫਰਿਆਦ ਕੀਤੀ ਕਿ ਉਨ੍ਹਾਂ ਦੀ ਸੰਪਤੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ । ਈਸਵੀ 1803 ਵਿਚ ਦਿੱਲੀ ਉਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਾ ਹੋਇਆ ਸੀ, ਉਹ ਵੀ ਰਣਜੀਤ ਸਿੰਘ ਦਾ ਪੂਰਬ ਵਲ ਵਧਣਾ ਆਪਣੇ ਲਈ ਖ਼ਤਰਾ ਪ੍ਰਤੀਤ ਕਰਦੇ ਸਨ। ਬਹੁਤ ਸਾਰੇ ਪੱਛਮੀ ਯਾਤਰੂ ਅਤੇ ਸੈਨਿਕ ਨੀਤੀ ਦੇ ਮਾਹਿਰ ਇਹ ਭਵਿਖਬਾਣੀ ਕਰ ਰਹੇ ਸਨ ਕਿ ਜੇ ਉਸ ਦੀਆਂ ਗਤੀਵਿਧੀਆਂ ਨੂੰ ਨਾ ਰੋਕਿਆ ਗਿਆ ਤਾਂ ਜਿਸ ਤੇਜ਼ੀ ਨਾਲ ਉਹ ਰਾਜ ਵਿਸਥਾਰ ਕਰ ਰਿਹਾ ਹੈ, ਏਸ਼ੀਆ ਵਿਚ ਉਸ ਦਾ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਵੇਗਾ।