ਮਹਾਰਾਜੇ ਪਾਸ ਲਾਹੌਰ ਵਿਖੇ ਤੀਹ ਹਜ਼ਾਰ ਘੋੜ ਸਵਾਰ ਹੁੰਦੇ ਸਨ ਤੇ ਹਰ ਰੋਜ਼ ਇਕ ਹਜ਼ਾਰ ਘੋੜੇ ਸਵੇਰੇ ਮੁਆਇਨੇ ਲਈ ਖਲਾਰੇ ਜਾਂਦੇ ਸਨ। ਮਹਾਰਾਜਾ ਕੋਈ ਇਕ ਘੋੜਾ ਚੁਣਦਾ ਤੇ ਦੌੜ ਲੁਆਉਂਦਾ। ਕਈ ਵਾਰ ਨਾਸ਼ਤਾ ਉਹ ਘੋੜੇ ਦੀ ਕਾਠੀ ਉਪਰ ਹੀ ਕਰ ਲੈਂਦਾ। ਇਉਂ ਤੀਹ ਦਿਨਾਂ ਵਿਚ ਤੀਹ ਹਜ਼ਾਰ ਘੋੜਿਆਂ ਦੀ ਪਰਖ ਹੋ ਜਾਂਦੀ ਤੇ ਸੰਭਾਲ ਕਰਨ ਵਾਲੇ ਸੁਸਤ ਨਹੀਂ ਹੋ ਸਕਦੇ ਸਨ। ਯੋਗ ਬੰਦੇ ਨੂੰ ਬਹੁਤ ਜਲਦੀ ਤਰੱਕੀ ਦੇ ਮੌਕੇ ਮਿਲਦੇ ਸਨ। ਮਹਾਰਾਜਾ ਮੇਲਿਆਂ ਵਿਚ ਬਹਾਦਰਾਂ ਦੇ ਕਾਰਨਾਮੇ ਦੇਖਦਾ ਤਾਂ ਉਥੇ ਹੀ ਨੌਕਰੀਆਂ ਦੇਣ ਦਾ ਐਲਾਨ ਕਰ ਦਿੰਦਾ। ਜਾਤਪਾਤ ਕਾਰਨ ਮਹਾਰਾਜੇ ਨੇ ਕਿਸੇ ਨਾਲ ਕਦੀ ਵਿਤਕਰਾ ਨਹੀਂ ਕੀਤਾ। ਮਹਾਰਾਜੇ ਦੀ ਦਰਿਆਦਿਲੀ ਕਾਰਨ ਹੀ ਗੁਸੈਲੇ ਸਿੱਖ ਜੁਆਨ ਉਸ ਦਾ ਕਹਿਣਾ ਮੰਨ ਜਾਂਦੇ ਸਨ ਭਾਵੇਂ ਕਿ ਯੂਰਪੀਅਨ ਜਰਨੈਲਾਂ ਅਧੀਨ ਕੰਮ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਕਦੀ ਕਦਾਈਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਤਾਂ ਮਹਾਰਾਜਾ ਹੱਲ ਕਰ ਲੈਂਦਾ।
ਸੋਹਨ ਲਾਲ ਮਹਾਰਾਜੇ ਦੇ ਦੂਤ ਵਜੋਂ ਫਾਰਸ ਦੇ ਸ਼ਾਹਜ਼ਾਦਾ ਅੱਬਾਸ ਮਿਰਜ਼ਾ ਨੂੰ ਮਿਲਿਆ। ਈਦ ਉਲ ਫਿਤਰ ਦੇ ਜਸ਼ਨਾਂ ਵਿਚ ਸ਼ਾਹਜ਼ਾਦੇ ਦਾ ਸ਼ਾਮਿਆਨਾ ਬਹੁਤ ਸਜਾਇਆ ਗਿਆ ਸੀ। ਸ਼ਾਹਜ਼ਾਦੇ ਨੇ ਸੋਹਨ ਲਾਲ ਨੂੰ ਪੁੱਛਿਆ, "ਕੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਇਹੋ ਜਿਹੀ ਸਜਧਜ ਵਾਲਾ ਹੀ ਹੈ, ਤੇ ਕੀ ਮਹਾਰਾਜ ਦੀ ਸੇਨਾ ਵੀ ਇਹੋ ਜਿਹੀ ਬਹਾਦਰ ਅਤੇ ਅਨੁਸ਼ਾਸਿਤ ਹੈ ਜਿਹੋ ਜਿਹੀ ਮੇਰੀ"? ਸੋਹਨ ਲਾਲ ਨੇ ਨਿਮਰਤਾ ਨਾਲ ਜਵਾਬ ਦਿੱਤਾ, "ਮੇਰੀ ਸਰਕਾਰ ਦੇ ਦਰਬਾਰ ਦੀ ਛੱਤ ਕਸ਼ਮੀਰੀ ਪਸ਼ਮੀਨਿਆਂ ਅਤੇ ਸਾਲਾਂ ਨਾਲ ਜੜੀ ਹੋਈ ਹੈ ਤੇ ਫਰਸ਼ ਉਪਰ ਵੀ ਕਸ਼ਮੀਰੀ ਸਾਲ ਵਿਛੇ ਹੁੰਦੇ ਹਨ। ਜਿਥੋਂ ਤੱਕ ਬਹਾਦਰੀ ਦਾ ਸਵਾਲ ਹੇ, ਜੇ ਸਾਡਾ ਜਰਨੈਲ ਹਰੀ ਸਿੰਘ ਨਲੂਆ ਸਿੰਧ ਦਰਿਆ ਟੱਪ ਆਵੇ ਤਾਂ ਤੁਸੀਂ ਵਾਪਸ ਤਬਰੇਜ਼ ਪਰਤਣਾ ਠੀਕ ਸਮਝੋਗੇ"। ਅੱਬਾਸ ਮਿਰਜ਼ਾ ਨੇ ਕਿਹਾ, "ਖੂਬ। ਬਹੁਤ ਖੂਬ"।
ਮਹਾਰਾਜਾ ਸਾਦਾ ਲਿਬਾਸ ਪਹਿਨਦਾ। ਉਸ ਨੇ ਕੋਈ ਵਿਸ਼ੇਸ਼ ਤਖ਼ਤ ਨਹੀਂ ਬਣਵਾਇਆ। ਇਕ ਸੁੰਦਰ ਕੁਰਸੀ ਬਣਵਾਈ ਗਈ ਜਿਸ ਉਪਰ ਸੋਨਾ ਲਗਿਆ ਹੋਇਆ ਸੀ ਪਰ ਉਸ ਦੀ ਦਿੱਖ ਸਾਧਾਰਨ ਸੀ। ਇਹ ਕੁਰਸੀ ਲੰਡਨ ਦੇ ਮਿਊਜ਼ਿਅਮ ਵਿਚ ਪਈ ਹੈ। ਪਰ ਮਹਾਰਾਜਾ ਜਿਥੇ ਕਿਤੇ ਹੁੰਦਾ ਉਥੇ ਹੀ ਫ਼ੈਸਲੇ ਸੁਣਾਉਂਦਾ ਰਹਿੰਦਾ। ਕਈ ਵਾਰੀ ਤਾਂ ਜ਼ਮੀਨ ਤੇ ਚੌਕੜੀ ਮਾਰੀ ਉਹ ਨਿਆਂ ਕਰਦਾ । ਮੁਲਾਕਾਤਾਂ ਕਰਨ ਵਾਲੇ ਆਪਣੀ- ਆਪਣੀ ਹੈਸੀਅਤ ਮੁਤਾਬਕ ਨਜ਼ਰਾਨੇ ਭੇਟ ਕਰਦੇ। ਉਸ ਦੀ ਹਾਜ਼ਰੀ ਵਿਚ ਲੋਕ ਖੌਫ਼ਜ਼ਦਾ ਨਹੀਂ ਹੁੰਦੇ ਸਨ। ਲੇਹਲੜੀਆਂ ਕਢਵਾਉਣੀਆਂ ਜਾਂ ਮਿਲਣ ਤੋਂ ਪਹਿਲਾਂ ਜ਼ਮੀਨ ਤੇ ਸਿਰ ਲਾ ਕੇ ਮੱਥਾ ਟੇਕਣ ਵਰਗੀਆਂ ਪਰੰਪਰਾਵਾਂ ਦਾ ਉਸ ਨੂੰ ਬਿਲਕੁਲ ਸ਼ੌਂਕ ਨਹੀਂ ਸੀ। ਪਰ ਉਸ ਨੇ ਆਪਣੇ ਵਜ਼ੀਰਾਂ, ਜਰਨੈਲਾਂ, ਰਾਜਕੁਮਾਰਾਂ ਅਤੇ ਅਫ਼ਸਰਾਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਹ ਪੂਰੀ ਤਰ੍ਹਾਂ ਸਜਧਜ ਨਾਲ ਕੋਰਟ ਵਿਚ ਪੇਸ਼ ਹੋਣ। ਰਾਜਾ ਗੁਲਾਬ ਸਿੰਘ ਅਤੇ ਸ਼ਾਹਜ਼ਾਦਾ ਹੀਰਾ ਸਿੰਘ ਸਭ ਤੋਂ ਵਧੀਕ ਸਜੇ ਹੋਏ ਵਿਅਕਤੀ ਹੁੰਦੇ ਸਨ। ਜਿਹੜੇ ਬੰਦੇ ਮਹਾਰਾਜੇ ਦੀ ਮੁਲਾਜ਼ਮਤ ਵਿਚ ਹੁੰਦੇ ਸਨ ਉਨ੍ਹਾਂ ਉਪਰ ਦੇ ਬੰਦਸ਼ਾਂ ਲਾਜ਼ਮ