ਆਪਣੇ ਨਜ਼ਦੀਕ ਰੁਪਈਆਂ ਅਤੇ ਮੁਹਰਾਂ ਦੀਆਂ ਬੋਲੀਆਂ ਰਖਦਾ। ਯਾਤਰੂਆਂ ਨੂੰ ਮੁਠਾਂ ਭਰ-ਭਰ ਧਨ ਦਿੰਦਾ। ਕੁਝ ਯੋਰਪੀਅਨ ਯਾਤਰੂਆਂ ਨੇ ਜਦੋਂ ਇਸ ਗੱਲ ਦਾ ਬੁਰਾ ਮਨਾਇਆ ਕਿ ਉਹ ਪੈਸੇ ਲੈਣ ਨਹੀਂ ਆਏ ਤਦ ਉਨ੍ਹਾਂ ਨੂੰ ਦਸਿਆ ਗਿਆ ਕਿ ਹੇਠੀ ਕਰਨ ਲਈ ਨਹੀਂ, ਸਵਾਗਤ ਕਰਨ ਲਈ ਇਹ ਇਥੋਂ ਦਾ ਰਿਵਾਜ ਹੈ। ਆਉਂਦੇ ਜਾਂਦੇ ਆਪਣੇ ਪਿਆਰਿਆਂ ਨੂੰ, ਰਿਸ਼ਤੇਦਾਰਾਂ ਨੂੰ ਇਵੇਂ ਲੋਕ ਪੈਸੇ ਦਿੰਦੇ ਹਨ। ਕਈ ਚਿਤਰਕਾਰ ਆਏ ਜੋ ਮਹਾਰਾਜੇ ਦੀ ਤਸਵੀਰ ਬਣਾਉਣ ਦੇ ਇਛੁਕ ਸਨ। ਉਹ ਮਨ੍ਹਾਂ ਕਰ ਦਿੰਦਾ ਤੇ ਆਖਦਾ, "ਰਾਜਾ ਧਿਆਨ ਸਿੰਘ ਦੀ ਤਸਵੀਰ ਬਣਾ ਲਓ, ਉਹ ਬੜਾ ਸੁਹਣਾ ਹੈ। ਮਹਾਰਾਣੀ ਜਿੰਦਾਂ ਦੀ ਪੇਟਿੰਗ ਬਣਾਓ"। ਉਨ੍ਹਾਂ ਨੂੰ ਧਨ ਦੇ ਕੇ ਤੋਰ ਦਿੰਦਾ ਕਿਉਂਕਿ ਉਸ ਨੂੰ ਅਹਿਸਾਸ ਸੀ ਕਿ ਮੈਂ ਸੋਹਣਾ ਨਹੀਂ ਹਾਂ। ਔਸਬੌਰਨ ਲਿਖਦਾ ਹੈ, "ਪਹਿਲੀ ਨਜ਼ਰੇ ਦੇਖਿਆਂ ਦਿਲ ਤੇ ਸੱਟ ਵਜਦੀ ਹੈ ਕਿ ਸਿਖਾਂ ਦਾ ਰਾਜਾ ਇਹ ਜਿਹਾ ਹੈ ? ਪੱਕਾ ਰੰਗ, ਮਾਤਾ ਦੇ ਦਾਗ, ਦਰਮਿਆਨਾ ਕੱਦ, ਇਹੋ ਕਾਣਾ ਜਦੋਂ ਪਿਠ ਪਿਛੇ ਢਾਲ ਬੰਨ੍ਹ ਕੇ ਘੋੜੇ ਦੀ ਕਾਠੀ ਤੇ ਸਵਾਰ ਹੋ ਅੱਡੀ ਲਾਉਂਦਾ ਹੈ ਤਦ ਉਹ ਇਕ ਕ੍ਰਿਸ਼ਮਾ ਬਣ ਜਾਂਦਾ ਹੈ। ਉਸ ਦਾ ਸਰੀਰ ਨਹੀਂ ਦਿਸਦਾ, ਉਸ ਦੀ ਬਲਵਾਨ ਰੂਹ ਦੇ ਦੀਦਾਰ ਹੁੰਦੇ ਹਨ। ਯਕੀਨ ਨਹੀਂ ਆਉਂਦਾ ਕਿ ਇਹ ਉਹੀ ਸ਼ਖਸ ਹੈ ਜਿਹੜਾ ਹੁਣੇ ਦੇਖਿਆ ਸੀ"। ਲੈਪਲ ਗ੍ਰਿਫਿਨ ਲਿਖਦਾ ਹੈ, "ਲਾਹੌਰ, ਅੰਮ੍ਰਿਤਸਰ ਅਤੇ ਦਿੱਲੀ ਵਿਚ ਜਿਸ ਨੂੰ ਬੁਰਸ਼ ਚਲਾਉਣਾ ਆਉਂਦਾ ਹੈ ਜਾਂ ਲੱਕੜ/ਪੱਥਰ ਤੇ ਨਕਾਸ਼ੀ ਕਰਨੀ ਆਉਂਦੀ ਹੈ ਉਹ ਮਾਲਾਮਾਲ ਹੋ ਗਿਆ ਹੈ। ਉਸ ਦੀਆਂ ਤਸਵੀਰਾਂ ਧੜਾਧੜ ਵਿਕ ਰਹੀਆਂ ਹਨ। ਉਸ ਦੀਆਂ ਤਸਵੀਰਾਂ ਮਹਿਲਾਂ ਤੋਂ ਲੈ ਕੇ ਝੌਂਪੜੀਆਂ ਦੇ ਅੰਦਰ ਤਕ ਪੁੱਜ ਗਈਆਂ ਹਨ । ਉਹ ਬੰਦਾ ਜਿਹੜਾ ਸੁਹਣਾ ਨਹੀਂ, ਹਰੇਕ ਦਿਲ ਵਿਚ ਵੱਸਣ ਲੱਗ ਗਿਆ ਹੈ"।
ਮੈਕਗਰੇਗਰ ਲਿਖਦਾ ਹੈ, "ਉਸ ਦੀ ਮੁਸਕਾਨ ਮਨਮੋਹਦੀ ਹੈ। ਉਸ ਦੀ ਸਾਦਗੀ ਕਰਕੇ ਮਾਹੌਲ ਸੁਖਾਵਾਂ ਰਹਿੰਦਾ ਹੈ ਤੇ ਬੰਦਾ ਬੇਝਿਜਕ ਗੱਲ ਕਰ ਸਕਦਾ ਹੈ। ਜਿਸ ਵਿਸ਼ੇ ਤੇ ਮਰਜ਼ੀ ਗੱਲ ਕਰੋ, ਉਹ ਤੁਰੰਤ ਤਹਿ ਤੱਕ ਪੁੱਜ ਜਾਂਦਾ ਹੈ ਤੇ ਉਸ ਪਾਸ ਸ਼ਬਦਾਂ ਦੀ ਕਦੀ ਘਾਟ ਨਹੀਂ ਆਈ, ਨਾ ਵਿਚਾਰਾਂ ਦੀ ਕਮੀ ਦਿਸੀ । ਯੁੱਧ ਵਿਚ ਚੜ੍ਹਾਈ ਵੇਲੇ ਉਹ ਸਾਰਿਆਂ ਤੋਂ ਅੱਗੇ ਹੁੰਦਾ ਤੇ ਵਾਪਸੀ ਵੇਲੇ ਸਭ ਤੋਂ ਪਿਛੇ। ਸਾਰੀ ਜਿੰਦਗੀ ਉਸ ਨੇ ਯੁੱਧਾਂ ਵਿਚ ਲੰਘਾਈ। ਅੱਜ ਵੀ ਸ਼ਾਨਦਾਰ ਮਹਿਲਾਂ ਵਿਚ ਰਹਿਣ ਦੀ ਥਾਂ ਉਸ ਨੂੰ ਤੰਬੂ ਵਿਚ ਬੈਠਣਾ ਵਧੀਕ ਪਸੰਦ ਹੈ"।
ਬਾਰਕ ਨੇ ਲਿਖਿਆ, "ਖਾਹਮਖਾਹ ਆਪਣੇ ਹੱਥਾਂ ਤੇ ਉਸਨੇ ਖੂਨ ਦੇ ਦਾਗ ਨਹੀਂ ਲੱਗਣ ਦਿੱਤੇ। ਬਗੈਰ ਜ਼ੁਲਮ ਕੀਤਿਆਂ ਏਨੀ ਵੱਡੀ ਹਕੂਮਤ ਕਾਇਮ ਕਰਨ ਵਿਚ ਉਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ"। ਐਚ.ਈ. ਫੋਨ 1837 ਵਿਚ ਲਾਹੌਰ ਆਇਆ ਤੇ ਟਿੱਪਣੀ ਦਿਤੀ, "ਮਿਹਰਬਾਨੀਆਂ ਨਾਲ ਉਹ ਨੱਕੋ ਨੱਕ ਭਰਿਆ ਹੋਇਆ ਹੈ। ਹੈਰਾਨੀ ਹੁੰਦੀ ਹੈ ਕਿ ਮੌਤ ਦੀ ਸਜ਼ਾ ਖਤਮ ਕਰਨ ਉਪਰੰਤ ਵੀ ਉਹ ਆਪਹੁਦਰੇ ਜਾਂਗਲੀ ਲੋਕਾਂ ਨੂੰ ਸਿਧਾਣ ਵਿਚ ਕਾਮਯਾਬ ਹੋਇਆ"। ਜਰਨੈਲ ਅਵਿਤਬਿਲੇ ਨੇ ਪੇਸ਼ਾਵਰ ਵਿਚ ਮਹਾਰਾਜੇ ਦੀ ਆਗਿਆ ਬਗੈਰ ਕੁੱਝ ਡਾਕੂਆਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤਾਂ ਮਹਾਰਾਜੇ