ਜਾਰੀ ਕਰਦਾ ਹੈ। ਦੁਪਹਿਰ ਇਕ ਘੰਟਾ ਆਰਾਮ ਕਰਦਾ ਹੈ। ਹਰ ਵਕਤ ਉਸ ਦਾ ਸਕੱਤਰ ਹੁਕਮ ਪ੍ਰਾਪਤ ਕਰਨ ਵਾਸਤੇ ਨਾਲ ਰਹਿੰਦਾ ਹੈ। ਬਾਅਦ ਦੁਪਹਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਦਾ, ਕੀਰਤਨ ਸੁਣਦਾ ਤੇ ਵਾਪਸ ਕੋਰਟ ਵਿਚ ਪਰਤ ਕੇ ਸ਼ਾਮ ਦੇਰ ਤਕ ਕੰਮ ਕਰਦਾ ਹੈ। ਆਪਣੇ ਬਿਸਤਰ ਵਲ ਤਕਰੀਬਰਨ 9 ਵਜੇ ਜਾਂਦਾ ਹੈ। ਪਰ ਇਹ ਰੁਟੀਨ ਬਿਲਕੁਲ ਇਸ ਤਰ੍ਹਾਂ ਪੱਕਾ ਨਹੀਂ। ਸਹੀ ਇਹ ਹੈ ਕਿ ਦਿਨ ਰਾਤ ਉਹ ਸਟੇਟ ਦੇ ਪ੍ਰਤੀ ਫ਼ਰਜ਼ ਨਿਭਾਉਣ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਕਈ ਵਾਰ ਤਾਂ ਦੇਰ ਰਾਤ ਮੰਜੇ ਤੇ ਆਰਾਮ ਕਰਦਿਆ ਵੀ ਜੇ ਉਸ ਦੇ ਮਨ ਵਿਚ ਕੋਈ ਖਾਸ ਵਿਚਾਰ ਆ ਜਾਏ ਤਾਂ ਆਪਣੇ ਸਕੱਤਰ ਜਾਂ ਰਾਜਾ ਧਿਆਨ ਸਿੰਘ ਨੂੰ ਹੁਕਮ ਦਿੰਦਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਕੰਮ ਮੁਕੰਮਲ ਹੋਣਾ ਚਾਹੀਦਾ ਹੈ।
ਚਾਰਲਸ ਗਫ ਲਿਖਦਾ ਹੈ ਕਿ ਏਸ਼ੀਅਨ ਰਾਜਿਆਂ ਵਿਚੋਂ ਉਹ ਇਸ ਗੱਲੋਂ ਉੱਤਮ ਸੀ ਕਿ ਉਸ ਨੂੰ ਆਪਣੀ ਸੀਮਾ ਅਤੇ ਆਪਣੀ ਸਮਰੱਥਾ ਦੋਹਾਂ ਦਾ ਸਹੀ ਗਿਆਨ ਸੀ। ਦੁਸ਼ਮਣ ਨਾਲ ਉਹ ਉਦੋਂ ਤੱਕ ਪੰਗਾ ਨਹੀਂ ਲੈਂਦਾ ਸੀ ਜਦੋਂ ਤੱਕ ਉਸ ਨੂੰ ਇਹ ਵਿਸ਼ਵਾਸ਼ ਨਹੀਂ ਹੋ ਜਾਂਦਾ ਸੀ ਕਿ ਜਿੱਤ ਯਕੀਨਨ ਮੇਰੀ ਹੋਵੇਗੀ। ਉਹ ਦੂਜਾ ਕਦਮ ਉਠਾਉਂਦਾ ਹੀ ਨਹੀਂ ਸੀ ਜਦੋਂ ਤੱਕ ਜਾਣ ਨਹੀਂ ਲੈਂਦਾ ਸੀ ਕਿ ਪਹਿਲਾ ਕਦਮ ਪੱਕਾ ਟਿਕ ਗਿਆ ਹੈ। ਏਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਉਹ ਹੰਕਾਰਿਆ ਨਹੀਂ। ਉਹ ਲਗਾਤਾਰ ਚੇਤਨ ਰਹਿੰਦਾ ਸੀ ਕਿ ਵਿਸ਼ੇਸ਼ ਕਰਕੇ ਸਿੱਖ ਪਰੰਪਰਾਵਾਂ ਵੱਲ ਅਵੱਗਿਆ ਨਾ ਹੋ ਜਾਵੇ ਕਿਉਂਕਿ ਉਸ ਨੂੰ ਸਿੱਖਾਂ ਦੇ ਸਿਦਕ ਅਤੇ ਸੁਭਾਅ ਦੀ ਜਾਣਕਾਰੀ ਸੀ। ਉਹ ਆਪਣੀ ਮਰਜ਼ੀ ਨਹੀਂ ਠੋਸਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਖਾਲਸਾ ਕੇਵਲ ਗੁਰੂ ਦੀ ਤਾਬਿਆਦਾਰੀ ਕਬੂਲਦਾ ਹੈ ਹੋਰ ਕਿਸੇ ਦੀ ਨਹੀਂ। ਕਦੀ ਕਦਾਈ ਸਿੱਖ ਉਸ ਨੂੰ ਜ਼ਰੂਰ ਬੁਰਾ ਭਲਾ ਬੋਲ ਲੈਂਦੇ ਸਨ ਪਰ ਉਹ ਬਰਦਾਸ਼ਤ ਕਰਦਾ ਸੀ। ਆਪਣੇ ਉਪਰ ਹੋਏ ਹਥਿਆਰਬੰਦ ਹੱਲੇ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਸੀ।
ਮਹਾਰਾਜੇ ਨੇ ਲਾਰੰਸ ਨੂੰ ਆਪਣੇ ਬਾਰੇ ਜੋ ਸ਼ਬਦ ਕਹੇ ਉਹ ਹਨ, "ਹਮਦਰਦੀ ਅਨੁਸ਼ਾਸਨ ਅਤੇ ਨੀਤੀਆਂ ਰਾਹੀਂ ਮੈਂ ਆਪਣੀ ਸਰਕਾਰ ਸਥਿਰ ਬਣਾਈ। ਜਿਥੇ ਕਿਤੇ ਮੈਨੂੰ ਬਹਾਦਰੀ ਅਤੇ ਸਿਆਣਪ ਵਰਗੇ ਉੱਤਮ ਗੁਣ ਨਜ਼ਰੀਂ ਪਏ ਮੈਂ ਉਨ੍ਹਾਂ ਨੂੰ ਉੱਚੇ ਚੁੱਕ ਦਿਤਾ ਤੇ ਖਤਰਿਆਂ ਵਿਚ ਆਪ ਕਿਸੇ ਤੋਂ ਪਿਛੇ ਨਹੀਂ ਰਿਹਾ। ਬਰਾਬਰ ਲੜਿਆ ਬਰਾਬਰ ਥੱਕਿਆ। ਮੈਦਾਨ ਅਤੇ ਦਰਬਾਰ ਵਿਚ ਮੈਂ ਪੱਖਪਾਤ ਵਲੋਂ ਅੱਖਾਂ ਬੰਦ ਰਖੀਆਂ ਤੇ ਨਿੱਜੀ ਆਰਾਮ ਵੱਲ ਧਿਆਨ ਘੱਟ ਦਿਤਾ। ਗੁਰੂ ਅਕਾਲ ਪੁਰਖ ਮੇਰੇ ਉਪਰ ਮਿਹਰਬਾਨ ਰਿਹਾ ਤੇ ਇਸ ਸੇਵਕ ਉਪਰ ਏਨੀ ਦਇਆ ਕੀਤੀ ਕਿ ਮੇਰੇ ਰਾਜ ਦੀਆਂ ਹੱਦਾਂ ਚੀਨ ਅਤੇ ਅਫਗਾਨਿਸਤਾਨ ਨੂੰ ਛੂੰਹਦੀਆਂ ਹਨ"।
27 ਜੂਨ 1839 ਨੂੰ 59 ਸਾਲ ਦੀ ਉਮਰ ਵਿਚ ਉਹ ਸੰਸਾਰ ਤੋਂ ਵਿਦਾ ਹੋਇਆ।