ਰੂਸ ਦਾ ਚਰਚਿਤ ਸਾਧ ਰਾਸਪੁਤਿਨ
ਰਾਸਪੁਤਿਨ ਬਾਬਤ ਮੇਂ ਕਾਲਜ ਵਿਚ ਸੁਣਿਆ, ਜਿਸ ਅਖਬਾਰ ਜਾਂ ਰਸਾਲੇ ਵਿਚ ਉਸ ਬਾਬਤ ਛਪਿਆ ਦੇਖਦਾ ਪੜ੍ਹਦਾ। ਉਸ ਬਾਬਤ ਬਹੁਤ ਮਾੜਾ ਲਿਖਿਆ ਗਿਆ, ਕਿ ਉਹ ਸ਼ਰਾਬੀ ਸੀ, ਔਰਤਾਂ ਦਾ ਸ਼ੁਕੀਨ ਸੀ ਤੇ ਜ਼ਾਰਿਨਾ ਨਾਲ ਉਸ ਦਾ ਇਸ਼ਕ ਸੀ। ਜਿਹੜੀ ਉਸ ਦੀ ਤਸਵੀਰ ਕਮਿਊਨਿਸਟ ਸੇਵੀਅਤ ਸਟੇਟ ਵੇਲੇ ਪੇਸ਼ ਕੀਤੀ ਗਈ, ਉਹੀ ਸਹੀ ਜਾਣੀ ਗਈ। ਹੁਣ, ਅਲੇਕਸ ਡੀ. ਜਾਂਜ ਦੀ ਸਚਿੱਤਰ ਅੰਗਰੇਜ਼ੀ ਕਿਤਾਬ 'ਗਰੀ ਰਾਸਪੁਤਿਨ ਦਾ ਜੀਵਨ ਅਤੇ ਸਮਾਂ, ਕਾਲਿਨਜ਼ ਨੇ ਗਲਾਸਗੋ ਤੋਂ ਛਾਪੀ ਹੈ। ਸਵਾ ਚਾਰ ਸੋ ਪੰਨਿਆਂ ਦੀ ਇਸ ਕਿਤਾਬ ਦੇ 22 ਅਧਿਆਏ ਹਨ ਤੇ 5 ਸੌ ਹਵਾਲਿਆਂ ਨਾਲ ਆਪਣਾ ਮੱਤ ਪੇਸ਼ ਕੀਤਾ ਹੈ। ਇਹ ਕਿਤਾਬ ਪੜ੍ਹਨ ਉਪਰੰਤ ਰਾਸਪੁਤਿਨ ਦੇ ਨੈਣ ਨਕਸ਼ ਬਦਲਦੇ ਹਨ।
ਸਾਇਬੇਰੀਆ ਵਾਲੇ ਪਾਸੇ ਜਿਥੇ ਉਜਾੜ ਹੀ ਉਜਾੜ ਹੈ, ਗਰੀਬ ਕਿਸਾਨ ਦੇ ਘਰ ਵਿਚ 1864 ਵਿਚ ਉਸ ਦਾ ਜਨਮ ਹੋਇਆ। ਲੋਕ ਦੂਰ ਦੁਰੇਡੇ ਦਾ ਪੰਧ ਘੋੜਾ ਗੱਡੀਆਂ ਤੇ ਤੇਅ ਕਰਦੇ, ਦਿਨ ਰਾਤ ਤੁਰਦੇ ਰਹਿੰਦੇ। ਇਕ ਵਾਰ ਕਈ ਦਿਨ ਆਬਾਦੀ ਨਾ ਦਿੱਸੀ ਤਾਂ ਰਾਤ ਨੂੰ ਇਕ ਮੁਸਾਫ਼ਰ ਕੋਚਵਾਨ ਨੂੰ ਕਹਿਣ ਲੱਗਾ- ਅਹੁ ਉਧਰ ਦੀਵੇ ਜਗ ਰਹੇ ਹਨ, ਉਸ ਆਬਾਦੀ ਵਲ ਨਾ ਚੱਲੀਏ ? ਕੋਚਵਾਨ ਨੇ ਘਬਰਾ ਕੇ ਕਿਹਾ- ਉਧਰ ਉਂਗਲ ਨਾ ਕਰੋ, ਦੀਵੇ ਨਹੀਂ ਇਹ, ਬਘਿਆੜਾਂ ਦੀਆਂ ਅੱਖਾਂ ਲਿਸ਼ਕਦੀਆਂ ਹਨ।
ਇਕ ਵੱਡੀ ਭੈਣ ਮਾਰੀਆ ਸੀ ਤੇ ਦੋ ਸਾਲ ਵੱਡਾ ਭਰਾ ਦਮਿੱਤੀ। ਮਾਰੀਆ ਦੀ ਮੌਤ ਛੋਟੀ ਉਮਰ ਵਿਚ ਹੋਈ ਤੇ ਭਰਾ ਦਰਿਆ ਵਿਚ ਡਿਗ ਕੇ ਡੁੱਬ ਮਰਿਆ। ਨਿਕੀ ਉਮਰੇ ਮਾਂ ਵਿਹੂਣਾ ਹੋ ਗਿਆ। ਇਨ੍ਹਾਂ ਸੱਟਾਂ ਨੂੰ ਨਾ ਭੁੱਲ ਸਕਣ ਕਰਕੇ ਰਾਸਪੂਤਿਨ ਨੇ ਆਪਣੀ ਧੀ ਦਾ ਨਾਂ ਮਾਰੀਆ ਅਤੇ ਬੇਟੇ ਦਾ ਨਾਮ ਦਮਿੱਤ੍ਰੀ ਰੱਖਿਆ। ਨਿੱਕਾ ਹੁੰਦਾ ਉਹ ਕਿਹਾ ਕਰਦਾ ਸੀ ਕਿ ਮੈਨੂੰ ਚੋਰ ਵਲੋਂ ਚੁਕੀ ਜਾ ਰਹੀ, ਛੁਪਾਈ ਜਾ ਰਹੀ ਵਸਤੂ ਦਿਸ ਜਾਂਦੀ ਹੈ । ਸਾਥੀ ਬੱਚੇ ਹੱਸ ਪੈਂਦੇ। ਗਿਆਰਾਂ ਕੁ ਸਾਲ ਦੀ ਉਮਰੇ ਜਦੋਂ ਉਹ ਬੁਖਾਰ ਨਾਲ ਨਿਢਾਲ ਮੰਜੇ ਤੇ ਪਿਆ ਸੀ, ਛੇ ਸੱਤ ਗਵਾਂਢੀ, ਪਿਤਾ ਪਾਸ ਘਰ ਅੱਗ ਸੋਕ ਰਹੇ ਸਨ। ਇਕ ਨੇ ਕਿਹਾ- ਮੇਰੇ ਚੋਰੀ ਹੋਏ ਘੜੇ ਦਾ ਕੋਈ ਪਤਾ ਨਹੀਂ ਲਗਦਾ। ਬਿਮਾਰ ਰਾਜਪੁਤਿਨ ਨੇ ਬੈਠੇ ਬੰਦਿਆਂ ਵਿਚੋਂ ਇਕ ਵਲ ਉਂਗਲ ਕਰਕੇ ਕਿਹਾ- ਤੇਰਾ ਘੋੜਾ ਇਸ ਨੇ ਚੁਰਾਇਆ ਹੈ। ਜਿਸ ਵੱਲ ਇਸ਼ਾਰਾ ਕੀਤਾ ਗਿਆ ਉਹ ਬੰਦਾ ਗੁਸੇ ਨਾਲ ਉਠ ਕੇ ਤੁਰ ਪਿਆ ਤਾਂ ਪਿਤਾ ਨੇ