ਸੀ, ਉਤੇ ਖੱਬੇ ਤੋਂ ਸੱਜੇ ਵਲ ਕਲਮ ਚਲਾਈ ਸੀ, ਹੁਣ ਸੱਜੇ ਤੋਂ ਖੱਬੇ ਚਲਾ ਦਿਉ। ਇਉਂ ਕੰਮ ਕਰੋ ਹਜ਼ੂਰ ਜਿਵੇਂ ਬਾਦਸ਼ਾਹ ਕਰਿਆ ਕਰਦੇ ਹਨ।" ਇਲੀਆਡਰ ਦੇ ਤਬਾਦਲੇ ਦਾ ਹੁਕਮ ਰੱਦ ਹੋ ਗਿਆ। ਜ਼ਾਰ ਦੀ ਸੁਰੱਖਿਆ ਦੇ ਚੀਫ, ਕਰਲੋਵ ਨੇ ਪ੍ਰਧਾਨ ਮੰਤਰੀ ਨੂੰ ਕਿਹਾ, "ਇਹ ਆਦਮੀ ਸਿੱਧਾ ਨਹੀਂ। ਇਹ ਜਾਣਦਾ ਹੈ ਕਿ ਕੀ ਕਰਨਾ ਹੈ। ਇਹ ਆਪਣਾ ਲੋਹਾ ਮਨਵਾਏਗਾ।"
ਮਹਾਰਾਣੀ ਨੇ ਰਾਸਪੁਤਿਨ ਨੂੰ ਕਿਹਾ, "ਮੇਰੀਆਂ ਬੇਟੀਆਂ ਤੇਰੀਆਂ ਧੀਆਂ ਨੂੰ ਮਿਲਣਾ ਚਾਹੁੰਦੀਆਂ ਹਨ। ਉਨ੍ਹਾਂ ਨੂੰ ਚਾਹ ਤੇ ਸੱਦ ਲਈਏ?" ਰਾਸਪੂਤਿਨ ਨੇ ਹਾਂ ਕਰ ਦਿਤੀ। ਵਡੀ ਰਾਜਕੁਮਾਰੀ ਨੇ ਸਾਧ ਦੀ ਵਡੀ ਬੇਟੀ ਨੂੰ ਫੋਨ ਕਰਕੇ ਸੱਦਿਆ। ਪੇਂਡੂ ਕੁੜੀਆਂ ਨੇ ਅੱਖਾਂ ਪਾੜ ਪਾੜ ਮਹਿਲ ਦੇਖਿਆ। ਜਿਸ ਫਰਨੀਚਰ ਉਪਰ ਉਹ ਬੇਠੀਆਂ ਅਜਿਹਾ ਉਨ੍ਹਾਂ ਨੇ ਕਦੇ ਨਹੀਂ ਦੇਖਿਆ ਸੀ। ਮਹਾਰਾਣੀ ਦੋਵੇਂ ਰਾਜਕੁਮਾਰੀਆਂ ਨੂੰ ਮਿਲਵਾਉਣ ਇਉਂ ਲੈਕੇ ਆਈ ਜਿਵੇਂ ਇਕ ਪਰਿਵਾਰ ਹੋਵੇ। ਮਾਰੀਆ ਨੇ ਮਹਾਰਾਣੀ ਨੂੰ ਕੇਵਲ ਇਕ ਸਵਾਲ ਪੁੱਛਿਆ- ਇੰਨੇ ਹਜਾਰ ਨੌਕਰਾਂ ਦਾ ਤੁਸੀਂ ਕੀ ਕਰਦੇ ਹੋ ਮਾਲਕਣ ? ਮਹਾਰਾਣੀ ਹੱਸ ਪਈ। ਰਾਸਪੂਤਿਨ ਦੀਆਂ ਪੇਂਡੂ ਧੀਆਂ ਸਹਿਮੀਆਂ ਹੋਈਆਂ ਖਲੋਤੀਆਂ ਦੇਖਕੇ ਮਹਾਰਾਣੀ ਨੇ ਦੋਵਾਂ ਨੂੰ ਜੱਫੀ ਵਿਚ ਲੈ ਲਿਆ। ਫਿਰ ਚਾਰੇ ਕੁੜੀਆਂ ਨਿਡਰ ਹੋਕੇ ਆਪੇ ਵਿਚ ਗੱਲਾਂ ਕਰਨ ਲੱਗੀਆਂ। ਜੋ ਪੇਂਡੂ ਕੁੜੀਆਂ ਨੇ ਕਦੀ ਰਾਜਕੁਮਾਰੀਆਂ ਨਹੀਂ ਦੇਖੀਆਂ ਸਨ ਤਾਂ ਦੂਜੇ ਪਾਸੇ ਰਾਜਕੁਮਾਰੀਆਂ ਨੇ ਵੀ ਇਹੋ ਜਿਹੀਆਂ ਦੇਸੀ ਪੇਂਡੂ ਕੁੜੀਆਂ ਪਹਿਲੀ ਵਾਰ ਦੇਖੀਆਂ। ਰਾਸਪੂਤਿਨ ਦੀ ਵਡੀ ਧੀ ਮਾਰੀਆ ਨੇ ਪਿਤਾ ਬਾਬਤ ਪਿਛੋਂ ਜਾਕੇ ਜਦੋਂ ਕਿਤਾਬ ਲਿਖੀ, ਇਨ੍ਹਾਂ ਪਲਾਂ ਦਾ ਜ਼ਿਕਰ ਯਾਦਗਾਰੀ ਵੀ ਹੋ, ਸੂਖਮ ਵੀ।
ਮਹਿਲ ਵਿਚ ਸ਼ਾਹੀ ਬੱਚਿਆਂ ਦੀ ਸਾਂਭ ਸੰਭਾਲ ਕਰਨ ਵਾਲੀ (ਗਵਰਨੈਸ। *ਚੇਵਾ ਨੇ ਜ਼ਾਰ ਨੂੰ ਇਕ ਦਿਨ ਕਿਹਾ— ਰਾਸਪੂਤਿਨ ਠੀਕ ਆਦਮੀ ਨਹੀਂ ਮਹਾਰਾਜ। ਰਾਜਕੁਮਾਰੀਆਂ ਨਾਲ ਜਿਵੇਂ ਉਹ ਸਿਧਮ ਸਿਧੀਆਂ ਗੱਲਾਂ ਕਰਦਾ ਹੈ ਉਹ ਮਹਿਲ ਦੀਆਂ ਰਵਾਇਤਾਂ ਅਨੁਸਾਰ ਸਭਿਅਕ ਨਹੀਂ। ਚਾਰ ਨੇ ਕਿਹਾ- "ਤੂੰ ਵੀ ਚੁਗਲਖੋਰਾਂ ਵਿਚ ਸ਼ਾਮਲ ਹੋ ਗਈ ਹੈ। ਮੁਸੀਬਤ ਦੇ ਸਾਲਾਂ ਵਿਚ ਉਸ ਦੀਆਂ ਪ੍ਰਾਰਥਨਾਵਾਂ ਨੇ ਮੈਨੂੰ ਬਚਾਇਆ। ਸ਼ੁਕਰਗੁਜ਼ਾਰ ਹਾਂ ਮੈਂ ਉਸ ਦਾ।" ਇਹ ਕਹਿੰਦਿਆਂ ਬਾਦਸ਼ਾਹ ਨੇ ਗਵਰਨੇਸ ਨੂੰ ਮਹਿਲ ਵਿਚੋਂ ਸੇਵਾਮੁਕਤ ਕਰ ਦਿਤਾ।
ਰਾਸਪੂਤਿਨ ਸਮਝ ਗਿਆ ਕਿ ਉਸ ਦੇ ਵਿਰੋਧੀ ਲਾਮਬੰਦ ਹੋ ਰਹੇ ਹਨ। ਸੰਕਟ ਟਾਲਣ ਵਾਸਤੇ ਉਸ ਨੇ ਐਲਾਨ ਕਰ ਦਿਤਾ ਕਿ ਮੇਂ ਤੀਰਥ ਯਾਤਰਾ ਤੇ ਜਾ ਰਿਹਾ। ਉਸ ਨੇ ਰਾਜਧਾਨੀ ਛੱਡ ਦਿਤੀ। ਦੂਰ ਦੁਰਾਡੇ ਦੀਆਂ ਯਾਤਰਾਵਾਂ ਕਰਨਾ ਉਸ ਦਾ ਸ਼ੌਕ ਹੀ ਸੀ। ਕੁਝ ਸਾਲਾਂ ਬਾਦ ਫਿਰ ਰਾਜਧਾਨੀ ਪਰਤ ਆਇਆ।