ਯਤਨ ਹੋਏ ਕਿਉਂਕਿ ਸਭ ਤੋਂ ਆਸਾਨ ਰਸਤਾ ਇਹੋ ਸੀ। ਕੋਈ ਤਿਆਰ ਨਾ ਹੋਈ। ਇਕ ਵੇਸਵਾ ਨੂੰ ਤਿਆਰ ਕੀਤਾ ਗਿਆ। ਜਿੱਧਰ ਦੀ ਰਾਸਪੁਤਿਨ ਨੇ ਲੰਘਣਾ ਸੀ ਉਸ ਰਸਤੇ ਵਿਚ ਮੰਗਤੀ ਦਾ ਭੇਖ ਧਾਰ ਕੇ ਖਲੋ ਗਈ, ਨੇੜੇ ਆਇਆ ਤਾਂ ਪੈਸੇ ਲਈ ਹੱਥ ਅੱਡੇ, ਜਦੋਂ ਪੈਸੇ ਕੱਢਣ ਲਈ ਰਾਸਪੂਤਿਨ ਨੇ ਜੇਬਾਂ ਵਿਚ ਹੱਥ ਪਾ ਲਏ ਤਾਂ ਤੇਜ਼ੀ ਨਾਲ ਔਰਤ ਨੇ ਉਸਦੇ ਪੇਟ ਵਿਚ ਛੁਰਾ ਮਾਰਿਆ। ਛੁਰਾ ਛਾਤੀ ਦੀਆਂ ਪਸਲੀਆਂ ਤੱਕ ਪੁੱਜ ਗਿਆ। ਉਹ ਦੁਬਾਰਾ ਫਿਰ ਛੁਰਾ ਘੋਪਣ ਲੱਗੀ ਤਾਂ ਜ਼ਖਮੀ ਹੋਣ ਦੇ ਬਾਵਜੂਦ ਰਾਜਪੁਤਿਨ ਨੇ ਉਸਨੂੰ ਪਰੇ ਧੱਕ ਦਿਤਾ। ਉਹ ਭੱਜ ਗਈ ਤੇ ਰਾਜਪੁਤਿਨ ਧਰਤੀ ਤੇ ਡਿਗ ਪਿਆ।
ਡਾਕਟਰ ਵਲਾਦੀਮੀਰ, ਤਿਉਮਨ ਸ਼ਹਿਰ ਵਿਚ ਸੀ। ਮਰੀਜ਼ ਤੱਕ ਪੁੱਜਣ ਲਈ ਉਸਨੂੰ ਛੇ ਘੰਟੇ ਲੱਗੇ। ਸਾਧ ਨੇ ਡਾਕਟਰ ਨੂੰ ਕਿਹਾ- ਅਨੈਸਥੀਸੀਆ ਨਹੀਂ ਲੁਆਣਾ। ਇਸੇ ਤਰਾਂ ਅਪਰੇਸ਼ਨ ਕਰ। ਇਸੇ ਤਰ੍ਹਾਂ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਦੌਰਾਨ ਉਹ ਖੁਦ ਬੇਹੋਸ਼ ਹੋ ਗਿਆ ਸੋ ਕੋਈ ਵਿਘਨ ਨਾ ਪਿਆ। ਪਰ ਡਾਕਟਰ ਨੇ ਦੇਖਿਆ ਕਿ ਜ਼ਖਮ ਬੜਾ ਖ਼ਤਰਨਾਕ ਹੈ। ਉਸਨੇ ਤਿਉਮਨ ਹਸਪਤਾਲ ਵਿਚ ਲਿਜਾਣ ਦਾ ਹੁਕਮ ਦੇ ਦਿੱਤਾ। ਰਸਤਾ ਹਜਕਿਆਂ ਵਾਲਾ ਵੀ ਸੀ ਲੰਮਾ ਵੀ। ਕੋਈ ਡਾਕਟਰ ਇਸ ਹਾਲਤ ਵਿਚ ਏਨੇ ਲੰਮੇ ਸਫ਼ਰ ਦੀ ਸਿਫ਼ਾਰਿਸ਼ ਨਹੀਂ ਕਰਦਾ। ਪਰ ਉਹ ਸਲਾਮਤ ਪੁੱਜ ਗਏ। ਦੇਰ ਤਾਂ ਲੱਗੀ. ਰਾਸਪੂਤਿਨ ਠੀਕ ਹੋ ਗਿਆ। ਜਾਨ ਬਚਾਉਣ ਦੇ ਇਨਾਮ ਵਜੋਂ ਮਹਾਰਾਣੀ ਨੇ ਡਾਕਟਰ ਨੂੰ ਸੋਨੇ ਦੀ ਘੜੀ ਇਨਾਮ ਵੱਜੋਂ ਦਿੱਤੀ।
ਉਸਦੀਆਂ ਚਿੱਠੀਆਂ ਦੇ ਦੋ ਕੁ ਹਵਾਲੇ ਦੇ ਦੇਣੇ ਠੀਕ ਰਹਿਣਗੇ। ਉਸਦੀ ਲਿਖਾਈ ਗੰਦੀ ਸੀ, ਵਿਆਕਰਣ ਆਉਂਦੀ ਨਹੀਂ ਸੀ ਤੇ ਸ਼ਬਦਜੋੜਾ ਦੀ ਹਾਲਤ ਏਨੀ ਮਾੜੀ ਕਿ "ਰੂਸ" ਨਹੀ ਲਿਖਣਾ ਆਉਂਦਾ ਸੀ, ਕਿਤੇ ਕਿਤੇ ਪਤਾ ਨਹੀ ਲਗਦਾ ਕਹਿ ਕੀ ਰਿਹੇ। ਪੇਸ਼ ਹੈ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਜ਼ਾਰ ਨੂੰ ਲਿਖਿਆ ਪੱਤਰ ਜਿਸ ਵਿਚ ਉਹ ਜੰਗ ਤੋਂ ਬਚਣ ਲਈ ਲਿਖਦਾ ਹੈ
ਪਿਆਰੇ ਪਿਤਾ,
ਰੂਸ ਉਪਰ ਜ਼ਾਲਮ ਨ੍ਹੇਰੀ ਭੁੱਲ ਰਹੀ ਹੈ। ਦੁਖ, ਸੰਕਟ, ਨ੍ਹੇਰਾ। ਰੋਸ਼ਨੀ ਤੋਂ ਬਿਨਾਂ ਸਭ ਕੁੱਝ। ਅਣਗਿਣਤ ਹੰਝੂਆਂ ਦਾ ਸਮੁੰਦਰ। ਲਹੂ ਹੀ ਲਹੂ। ਕੀ ਕਹਾਂ? ਜਿੰਨੇ ਤੁਹਾਡੇ ਆਲੇ ਦੁਆਲੇ ਤੁਹਾਡੇ ਵਫ਼ਾਦਾਰ ਮਿੱਤਰ ਹਨ ਸਭ ਤੁਹਾਨੂੰ ਜੰਗ ਵਿਚ ਕੁੱਦਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਨੂੰ ਤਬਾਹੀ ਦਾ ਪਤਾ ਨਹੀਂ। ਮੈਨੂੰ ਦਿਸ ਰਹੀ ਹੈ। ਰੱਬ ਜਦੋਂ ਬੰਦਿਆਂ ਤੇ ਨਾਰਾਜ਼ ਹੁੰਦਾ ਹੈ ਤਾਂ ਮੱਤ ਮਾਰ ਦਿੰਦਾ ਹੈ। ਅੰਤ ਦੀ ਸ਼ੁਰੂਆਤ ਹੋ ਗਈ ਹੈ। ਤੁਸੀਂ ਚਾਰ ਹੋ, ਪਰਜਾ ਦੇ ਪਿਤਾ। ਪਾਗਲਾਂ ਦੀ ਗੱਲ ਨਾ ਸੁਣੋ। ਤੁਹਾਡੀ ਅਤੇ ਦੇਸ਼ ਦੀ ਤਬਾਹੀ ਯਕੀਨੀ ਹੈ। ਫ਼ਰਜ਼ ਕਰ ਲਵੋ ਜਰਮਨੀ ਨੂੰ ਹਰਾ ਦਿਉਗੇ। ਤਾਂ ਵੀ ਮੈਂ ਕਹਿੰਦਾ ਹਾਂ ਖੂਨ ਵਿਚ ਨਹਾਉਣਾ ਠੀਕ ਨੀਂ ਹੁੰਦਾ।
- ਗ੍ਰੈਗਰੀ