ਹੈ। ਲੱਤਾਂ ਕਮਜ਼ੋਰ ਰਹਿਣਗੀਆਂ। ਇਹ ਆਖ ਕੇ ਉਹ ਦੂਜੇ ਕਮਰੇ ਵਿਚ ਗਿਆ ਤੇ ਬੇਹੋਸ਼ ਹੋ ਕੇ ਡਿਗ ਪਿਆ। ਸਾਰਾ ਸਰੀਰ ਪਸੀਨੇ ਨਾਲ ਨੁਚੜਣ ਲੱਗਾ। ਕਈ ਦਿਨਾਂ ਬਾਦ ਜਦੋਂ ਐਨਾ ਦੀਆਂ ਗੱਲਾਂ ਹੋਣ ਲੱਗੀਆਂ ਤਾਂ ਉਸਨੇ ਕਿਹਾ- ਢੇਰ ਸਾਰੀਆਂ ਲਾਸ਼ਾਂ ਵਿਚ ਡਿੱਗੀ ਪਈ ਐਨਾ ਨੂੰ ਪਛਾਣ ਕੇ ਮੈਂ ਚੁਕ ਲਿਆਇਆ। ਹੁਣ ਕੋਈ ਫ਼ਿਕਰ ਨਹੀਂ।
ਸਰਕਾਰ ਵਿਚ ਉਸਦਾ ਕਿੰਨਾ ਅਸਰ ਰਸੂਖ ਸੀ, ਇਸ ਬਾਰੇ ਸਹੀ ਨਤੀਜਾ ਕਦੀ ਨਹੀ ਮਿਲੇਗਾ, ਏਨੀ ਗੱਲ ਜ਼ਰੂਰ ਸੱਚੀ ਹੈ ਕਿ ਜਿਹੜਾ ਵਜ਼ੀਰ ਉਸਦਾ ਨਿਰਾਦਰ ਕਰਦਾ ਉਸਦੀ ਛੁੱਟੀ ਹੋ ਜਾਂਦੀ। ਮਹਿਲ ਅੰਦਰ ਦੇ ਧੜੇ ਸਨ, ਇਕ ਸਾਧ ਦੇ ਹੱਕ ਵਿਚ ਦੂਜਾ ਖ਼ਿਲਾਫ਼। ਦੋਵੇਂ ਜ਼ਾਰ ਦੇ ਵਫ਼ਾਦਾਰ ਸਨ ਪਰ ਆਪਸ ਵਿਚ ਡਟ ਕੇ ਇਕ ਦੂਜੇ ਦੇ ਵਿਰੋਧੀ। ਯੁੱਧ ਮੰਤਰੀ ਪੋਲੀਵਲੇਵ ਨੇ ਰਾਸਪੂਤਿਨ ਤੋਂ ਸਰਕਾਰੀ ਗੱਡੀ ਵਾਪਸ ਲੈ ਲਈ ਤਾਂ ਉਸ ਨੂੰ ਮੰਤਰਾਲੇ ਤੋਂ ਹੱਥ ਧੋਣੇ ਪੈ ਗਏ। ਇੱਕ ਮਿੱਤਰ ਨੇ ਇਸ ਬਰਖਾਸਤ ਵਜ਼ੀਰ ਨੂੰ ਕਿਹਾ, "ਸੁਣਿਆ ਹੈ ਤੈਨੂੰ ਇਸ ਕਰਕੇ ਹਟਾਇਐ ਕਿ ਤੂੰ ਜਰਮਨਾਂ ਨਾਲ ਰਲ ਗਿਆ।" ਮੰਤਰੀ ਨੇ ਹੱਸ ਕੇ ਕਿਹਾ, "ਬੇਵਕੂਫ਼ ਹੋ ਸਕਦਾਂ, ਗੱਦਾਰ ਨਹੀਂ।"
ਸਜ਼ਾ ਯਾਫ਼ਤਾ ਲੋਕਾ ਦੀਆਂ ਅਣਗਿਣਤ ਰਹਿਮ ਦੀਆਂ ਅਪੀਲਾ ਜਾਰ ਕੋਲ ਪੁਜਦੀਆਂ, ਏਨੀਆਂ ਨੂੰ ਤਾਂ ਪੜ੍ਹਨਾ ਸੁਣਨਾ ਵੀ ਸੰਭਵ ਨਹੀਂ ਸੀ। ਲੋਕ ਰਾਸਪੂਤਿਨ ਕੋਲ ਆਉਂਦੇ। ਉਹ ਹਰੇਕ ਦੀ ਅਰਜ਼ੀ ਉਪਰ ਰਹਿਮ ਕਰਨ ਲਈ ਸਿਫਾਰਿਸ਼ ਲਿਖ ਦਿੰਦਾ। ਕਿਸੇ ਨੂੰ ਕਦੀ ਨਾਂਹ ਨਹੀਂ ਕੀਤੀ। ਕੁੱਝ ਕੁ ਦੋਸਤਾਂ ਨੇ ਟੇਕਿਆ ਵੀ- "ਇਨ੍ਹਾਂ ਵਿਚੋਂ ਕਈ ਸਹੀ ਸਜ਼ਾ ਦੇ ਹੱਕਦਾਰ ਹਨ, ਅਪਰਾਧੀ ਹਨ। ਤੁਸੀ ਹਰੇਕ ਦੀ ਸਿਫਾਰਸ਼ ਕਿਉਂ ਕਰੀ ਜਾਂਦੇ ਹੋ।" ਉਸ ਨੇ ਕਿਹਾ- "ਮੇਰੀ ਇਹ ਸਮਰੱਥਾ ਹੈ ਕਿ ਮੈਂ ਜਿਸ ਨੂੰ ਚਾਹਾਂ ਸਜ਼ਾ ਕਰਵਾ ਦਿਆਂ। ਕਿਸੇ ਨੂੰ ਸਜ਼ਾ ਕਰਵਾਉਣ ਲਈ ਜਿਸ ਦਿਨ ਮੈਂ ਸਿਫਾਰਸ਼ ਲਿਖੀ, ਮੇਰੇ ਹੱਥ ਵੱਢ ਦੇਣੇ ਉਸ ਦਿਨ। ਕਿਹੜਾ ਬੇਕਸੂਰ ਦਿਸਦੇ ਇਥੋਂ? ਰੱਬ ਨੇ ਸੱਤਿਆ ਦਿੱਤੀ ਤਾਂ ਮਾਫੀਆ ਕਰਾਵਾਂਗਾ। ਜਿਹੜਾ ਮਰਜ਼ੀ ਆ ਜਾਏ।" ਉਸਦੇ ਦਸਖਤ ਵਾਲਾ ਕਾਗਜ਼ ਕਰੰਸੀ ਬਣ ਜਾਂਦਾ।
ਉਹ ਕਦੀ ਇਹ ਪਰਵਾਹ ਨਹੀਂ ਕਰਦਾ ਸੀ ਉਸ ਦੀਆਂ ਸਿਫਾਰਿਸ਼ਾ ਦਾ ਕੀ ਹੋ ਰਿਹੇ। ਆਖਦਾ- "ਹੁਣ ਜ਼ਾਰ ਜਾਣੇ ਉਸਦਾ ਕੰਮ ਜਾਣੇ। ਮੈਂ ਆਪਣਾ ਕੰਮ ਕਰਾਂਗਾ, ਜ਼ਾਰ ਆਪਣਾ ਕਰੋ। ਚੰਗੇ ਕੰਮ ਕਰੇਗਾ ਤਾਂ ਸੁਖ ਪਾਏਗਾ।"
ਕਿਉਂਕਿ ਉਹ ਜਰਮਨ ਵਿਰੁੱਧ ਜੰਗ ਦਾ ਵਿਰੋਧੀ ਸੀ, ਉਸਦੇ ਦੁਸ਼ਮਣਾਂ ਨੇ ਉਸਦੇ ਖਿਲਾਫ ਅਫ਼ਵਾਹਾਂ ਉਡਾਈਆਂ ਕਿ ਉਹ ਜਰਮਨਾ ਦਾ ਏਜੰਟ ਹੈ, ਜਰਮਨਾ ਨੂੰ ਬਚਾ ਰਿਹਾ ਹੈ, ਰੂਸ ਨੂੰ ਹਰਾ ਰਿਹਾ ਹੈ। ਰਾਣੀ ਵੀ ਜਰਮਨ ਹੋਣ ਕਰਕੇ ਰੂਸੀ ਫ਼ੌਜਾਂ ਨੂੰ ਮਰਵਾ ਰਹੀ ਹੈ। ਇਹੋ ਜਿਹੇ ਦੋਸ਼ ਮਹਾਰਾਣੀ ਜਿੰਦਾਂ ਉਪਰ ਲੱਗੇ ਸਨ। ਦੋਸ਼ ਲਾਉਣ ਅਤੇ ਉਸਨੂੰ ਸੱਚ ਮੰਨਣ ਵਾਲੇ ਪਾਗਲਾਂ ਨੂੰ