ਮੰਗਤੇ ਨੂੰ ਦਾਨ ਦਿਉ ਜਜਮਾਨ। ਸੁਧੋਧਨ ਨੇ ਕਿਹਾ - "ਇਕ ਬਾਦਸ਼ਾਹ ਪਿਤਾ ਦੇ ਦਰਵਾਜੇ ਉਤੇ ਉਸ ਦਾ ਯੁਵਰਾਜ ਪੁੱਤਰ ਹੱਥ ਵਿਚ ਭੀਖ ਮੰਗਣ ਵਾਲਾ ਕਟੋਰਾ ਫੜੀ ਖਲੋਤਾ ਹੋਵੇ - ਕੀ ਇਹ ਉਚਿਤ ਹੁੰਦਾ ਹੈ ਗੌਤਮ ? ਤੁਹਾਨੂੰ ਠੀਕ ਲਗਦਾ ਹੈ ਇਹ ? ਸਾਡੀ ਕੁਲ, ਸਾਕਯਵੰਸ਼ ਵਿਚ ਇਹ ਪਰੰਪਰਾ ਨਹੀਂ ਰਹੀ ਯੁਵਰਾਜ। ਇਸ ਕੁਲ ਦੇ ਰਾਜ ਕੁਮਾਰਾਂ ਨੇ ਕਦੀ ਭੀਖ ਨਹੀਂ ਮੰਗੀ ਸੀ।"
ਗੌਤਮ ਨੇ ਕਿਹਾ- ਮੇਰੀ ਕੁਲ ਵਿਚ ਇਸੇ ਤਰ੍ਹਾਂ ਹੁੰਦਾ ਆਇਆ ਹੈ ਮਹਾਰਾਜ।
ਪਿਤਾ ਨੇ ਪੁੱਛਿਆ- ਕੀ ਤੁਸੀਂ ਸਾਕਯਵੰਸ਼ ਦੇ ਰਾਜ ਕੁਮਾਰ ਨਹੀਂ ਗੌਤਮ ? ਗੌਤਮ ਨੇ ਕਿਹਾ - ਮੈਂ ਬੁੱਧਵੰਸ਼ ਵਿਚੋਂ ਹਾਂ। ਮੇਰੇ ਵੰਸ਼ ਦੇ ਲੋਕ ਇਵੇਂ ਹੀ ਕਰਿਆ ਕਰਦੇ ਹਨ ਕਿ ਉਹ ਜੇ ਝੌਂਪੜੀ ਵਿਚ ਪੈਦਾ ਹੋਣ ਤਾਂ ਉਥੇ ਹਕੂਮਤਾਂ ਮੱਥਾ ਟੇਕਦੀਆਂ ਹਨ ਤੇ ਜੇ ਮਹਿਲਾਂ ਵਿਚ ਪੈਦਾ ਹੋਣ ਤਾਂ ਹੱਥ ਵਿਚ ਠੂਠਾ ਫੜ ਕੇ ਗਲੀਆਂ ਵਿਚ ਮੰਗਦੇ ਫਿਰਦੇ ਹਨ। ਸਾਡੀ ਕੁਲ ਦਾ ਇਹੀ ਰਿਵਾਜ ਹੈ ਮਹਾਰਾਜ। ਇਥੇ ਮਹਿਲ ਅਤੇ ਝੌਂਪੜੀ ਵਿਚ ਕੋਈ ਅੰਤਰ ਨਹੀਂ।
ਫਿਰ ਉਹ ਅੰਦਰ ਦਾਖਲ ਹੋ ਗਏ। ਤੁਰਦੇ-ਤੁਰਦੇ ਯਸ਼ੋਧਰਾ ਦੇ ਮਹਿਲ ਦੇ ਦਰ ਤੇ ਅੱਪੜੇ। ਯਸ਼ੋਧਰਾ ਅਤੇ ਹੀਰਿਆਂ ਮੋਤੀਆਂ ਨਾਲ ਜੜੀਆਂ ਪੁਸ਼ਾਕਾਂ ਪਹਿਨੀ ਰਾਹੁਲ ਉਸ ਦੇ ਸੁਆਗਤ ਲਈ ਖਲੋਤੇ ਸਨ। ਯਸ਼ੋਧਰਾ ਚਰਨੀ ਹੱਥ ਲਾਉਣ ਲਈ ਝੁਕੀ ਤਾਂ ਸਿਧਾਰਥ ਦੀਆਂ ਲੱਤਾਂ ਦੁਆਲੇ ਬਾਹਾਂ ਵਲ ਕੇ ਜ਼ਮੀਨ ਤੇ ਬੈਠ ਗਈ ਤੇ ਦੇਰ ਤਕ ਬੈਠੀ ਰਹੀ। ਹੰਝੂਆਂ ਨਾਲ ਉਸ ਨੇ ਸਾਧੂ ਦੇ ਚਰਨ ਧੋਏ।
ਬੁੱਧ ਨੇ ਕਿਹਾ - "ਇਸ ਭਿਖਾਰੀ ਨੂੰ ਹੁਣ ਦਾਨ ਦਿਉ ਜਜਮਾਨ।"
ਯਸ਼ੋਧਰਾ ਉੱਠੀ, ਰਾਹੁਲ ਨੂੰ ਬਾਹਾਂ ਵਿਚ ਚੁੱਕਿਆ ਤੇ ਕਿਹਾ - ਏਸ ਸੰਸਾਰ ਵਿਚ ਅਤੇ ਅਗਲੇ ਪਿਛਲੇ ਸਭ ਸੰਸਾਰਾਂ ਵਿਚ ਮੇਰੇ ਪਾਸ ਸਭ ਤੋਂ ਕੀਮਤੀ ਵਸਤੂ ਇਹੋ ਹੇ ਸਾਕਯਮੁਨੀ। ਮੈਂ ਇਹ ਤੁਹਾਨੂੰ ਸੌਂਪਦੀ ਹਾਂ। ਮੇਰਾ ਦਿੱਤਾ ਦਾਨ ਸਵੀਕਾਰ ਕਰੋ ਸੁਆਮੀ।
ਰਾਹੁਲ ਨੇ ਅੱਗੇ ਵਧਕੇ ਪਿਤਾ ਦੇ ਚਰਨ ਛੁਹੇ। ਬੁੱਧ ਨੇ ਅਸੀਸਾਂ ਦਿੱਤੀਆਂ। ਫਿਰ ਰਾਹੁਲ ਨੇ ਕਿਹਾ, ਪਿਤਾ ਜੀ, ਪੁੱਤਰ ਹੋਣ ਸਦਕਾ ਮੈਂ ਤੁਹਾਡੀ ਦੋਲਤ ਦਾ ਵਾਰਸ ਹਾਂ। ਮੈਨੂੰ ਮੇਰਾ ਹੱਕ ਦਿਉ। ਮੈਂ ਤੁਹਾਡਾ ਉਤਰ ਅਧਿਕਾਰੀ ਹਾਂ।
ਬੁੱਧ ਨੇ ਕਿਹਾ - ਯੁਵਰਾਜ, ਤੂੰ ਮਹਾਰਾਜ ਸੁਧੋਧਨ ਦਾ ਉਤਰ-ਅਧਿਕਾਰੀ ਬਣ। ਤੈਨੂੰ ਰਾਜ ਮਿਲੇਗਾ - ਤਾਜ ਤਖਤ ਮਿਲਣਗੇ। ਮੇਰੇ ਪਾਸ ਤੈਨੂੰ ਦੇਣ ਲਈ ਕੀ ਹੈ ? ਇਸ ਭਿਖਾਰੀ ਪਾਸ ਇਕ ਮਿੱਟੀ ਦਾ ਠੂਠਾ ਹੈ ਕੇਵਲ।