

ਦਾ ਬਿਰਤਾਂਤ ਇਤਿਹਾਸ ਦੇ ਫਲਸਫੇ ਵਿਚਲੇ ਅਨੰਤ ਭੇਦ ਖੋਲ੍ਹਦਾ ਹੈ। ਉਸ ਦੀ ਰੂਸੀ ਬੋਲੀ ਵਿਚ ਯੋਰਪ ਦਾ ਸਾਰਾ ਕਲਾਸੀਕਲ ਸਾਹਿਤ ਬੋਲਦਾ ਹੈ।
ਮਾਰਕਸੀ ਸਕੂਲ ਆਫ ਥਾਟ ਦੇ ਹੁਣ ਤੱਕ ਹੋਏ ਸਭ ਇਤਿਹਾਸਕਾਰਾਂ ਤੋਂ ਵੱਡਾ ਜੀਨੀਅਸ ਤਾਸਕੀ ਹੈ। ਉਸ ਦੇ ਜੀਨੀਅਸ ਹੋਣ ਦਾ ਸਬੂਤ ਇਹੋ ਕਾਫੀ ਹੈ ਕਿ ਕਾਮਰੇਡਾਂ ਨੇ ਉਸ ਨੂੰ ਰੱਦ ਕੀਤਾ। ਆਪਣੀ ਸ੍ਵੈਜੀਵਨੀ ਵਿਚ ਲੇਨਿਨ ਨੂੰ ਉਹ ਖੁਦ ਤੋਂ ਵਧੀਕ ਵਡਿੱਤਣ ਦਾ ਹੱਕਦਾਰ ਮੰਨਦਾ ਹੈ। ਉਹ ਕਹਿੰਦਾ ਹੈ- ਲੋਕਾਂ ਦਾ ਜੋਸ਼ ਭਾਵ ਵਾਂਗ ਹੈ। ਭਾਫ ਕੁਝ ਨਹੀਂ ਕਰ ਸਕਦੀ ਜੋ ਪਿਸਟਨ ਅਤੇ ਸਲੀਵ ਵਿਚ ਦੀ ਨਹੀਂ ਲੰਘਾਈ ਜਾਂਦੀ। ਪਰ ਰੇਲ ਗੱਡੀ ਨੂੰ ਪਿਸਟਨ ਅਤੇ ਸਲੀਵ ਨਹੀਂ ਖਿਚਦੇ, ਭਾਫ ਖਿਚਦੀ ਹੈ। ਲਿਖਦਾ ਹੈ- ਮਰਨ ਤੋਂ ਕੁਝ ਸਾਲ ਬਾਅਦ ਲੈਨਿਨ ਮੇਰੇ ਸੁਫਨੇ ਵਿਚ ਆ ਕੇ ਕਹਿਣ ਲੱਗਾ- ਤੂੰ ਕਮਜ਼ੋਰ ਲਗਦਾ ਹੈ। ਇਲਾਜ ਕਿਉਂ ਨੀ ਕਰਵਾਉਂਦਾ? ਮੈਂ ਕਹਿਣ ਲੱਗਾ ਸਾਂ- ਤੇਰੀ ਮੌਤ ਪਿਛੋਂ ਬਰਲਿਨ ਵਿਚ ਜਾ ਕੇ ਇਲਾਜ ਕਰਾਇਆ ਸੀ ਮੈਂ; ਪਰ ਜਦੋਂ ਦੇਖਿਆ, ਉਹ ਤਾਂ ਸਾਹਮਣੇ ਖੜ੍ਹਾ ਹੈ, ਫਿਰ ਮੈਂ ਵਾਕ ਬਦਲ ਕੇ ਕਿਹਾ- ਜਦੋਂ ਤੂੰ ਬਿਮਾਰ ਸੀ, ਉਦੋਂ ਇਲਾਜ ਲਈ ਬਰਲਿਨ ਚਲਾ ਗਿਆ ਸਾਂ।
ਲਿਖਤ ਦਾ ਸਹਿਜ ਸੁਭਾ ਦੇਖੋ- ਪੀਤਰੋਗਰਾਦ ਨੇੜੇ ਮੈਨੂੰ ਸੁਣਨ ਆਈ ਭੀੜ ਦੇ ਆਲੇ ਦੁਆਲੇ ਜ਼ਾਰ ਦੇ ਫ਼ੌਜੀ ਘੋੜਸਵਾਰ ਬੰਦੂਕਾਂ ਨਾਲ ਲੈਸ ਇਕ ਦਾਇਰਾ ਬਣਾ ਕੇ ਦੁਆਲੇ ਖਲੋਤੇ ਸਨ। ਚੁਪ ਚਾਪ। ਉਨ੍ਹਾਂ ਦੇ ਘੋੜਿਆਂ ਦੀਆਂ ਗਰਦਣਾਂ ਹੇਠੋਂ ਦੀ, ਲੱਤਾਂ ਵਿਚੋਂ ਦੀ ਮਜ਼ਦੂਰ ਦਾਇਰੇ ਅੰਦਰ ਮੇਰੇ ਵੱਲ ਆ ਰਹੇ ਸਨ। ਘੋੜਿਆਂ ਦੀਆਂ ਲੱਤਾਂ ਹੇਠ ਦੀ ਸਰਕਦਾ ਆਉਂਦਾ ਇਨਕਲਾਬ ਮੈਂ ਅੱਖੀਂ ਦੇਖਿਆ ਸੀ, ਜ਼ਾਰ ਦੇ ਸੈਨਿਕ ਦਰਸ਼ਕ ਖਾਮੋਸ਼ ਹੋ ਕੇ ਦੇਖਦੇ ਰਹੇ ਸਨ। ਥੋੜ੍ਹੇ ਦਿਨਾਂ ਬਾਅਦ 5 ਹਜ਼ਾਰ ਬੰਦੂਕਾਂ ਮਿਲ ਗਈਆਂ। ਇਕ ਤੋਂ ਬਾਅਦ ਦੂਜੀ ਫਤਿਹ ਹਾਸਲ ਹੁੰਦੀ ਗਈ ਤੇ ਸਾਡੇ ਹੱਥ ਮਿਲਟਰੀ ਦੀਆਂ ਗੱਡੀਆਂ ਆ ਗਈਆਂ। ਘੋੜਿਆਂ ਹੇਠਾਂ ਦੀ ਲੰਘ ਕੇ ਆਏ ਮਜ਼ਦੂਰ ਫ਼ੌਜੀ ਗੱਡੀਆਂ ਵਿਚ ਸਵਾਰ ਹੋ ਗਏ।
ਉਸ ਦਾ ਛੋਟਾ ਪੁੱਤਰ ਸਰਗੇਈ ਰੂਸ ਵਿਚ ਅਚਾਨਕ ਗਾਇਬ ਹੋ ਗਿਆ। ਉਸ ਨੂੰ ਕਿਥੇ ਲਿਜਾ ਕੇ ਕਿਵੇਂ ਕਿਵੇਂ ਮਾਰਿਆ ਕਦੀ ਪਤਾ ਨਹੀਂ ਲੱਗਾ। ਤਾਸਕੀ ਲਿਖਦਾ ਹੈ- ਮੈਨੂੰ ਮਾਰਨਾ ਚਾਹੁੰਦਾ ਸੀ ਸਟਾਲਿਨ। ਮੈਂ ਹੱਥ ਨਹੀਂ ਆਇਆ ਤਾਂ ਸਰਗੇਈ ਨਾਲ ਕੰਮ ਚਲਾ ਲਿਆ। ਉਸ ਦਾ ਕੀ ਕਸੂਰ ਸੀ? ਮੈਨੂੰ ਕਿਸ ਪਾਪ ਦੀ ਸਜ਼ਾ ਮਿਲੀ? ਮੈਂ ਤਾਂ ਜ਼ਾਰ ਦੇ ਪਰਿਵਾਰ ਨੂੰ ਮਾਰਨ ਦੇ ਵੀ ਹੱਕ ਵਿਚ ਨਹੀਂ ਸਾਂ। ਉਸ ਦੀ ਉਮਰ 55 ਸਾਲ ਦੀ ਹੋ ਗਈ ਪਰ ਵਧੀਕ ਬੁੱਢਾ ਹੋ ਗਿਆ ਸੀ। ਤੁਰਗਨੇਵ ਦਾ ਵਾਕ ਉਸ ਨੂੰ ਯਾਦ ਆਉਂਦਾ ਹੈ- "ਪਤੇ ਸੰਸਾਰ ਵਿਚ ਸਭ ਤੋਂ ਬੁਰੀ ਚੀਜ਼ ਕਿਹੜੀ ਹੈ? 55 ਸਾਲ ਦੀ ਉਮਰ ਪਾਰ ਕਰਨਾ।" ਫਿਰ