ਬੁੱਧ ਨੇ ਕਿਹਾ - "ਵਿਚਾਰਾਂ ਦੀ ਇਕ ਲੜੀ ਨੂੰ ਛੱਡ ਕੇ ਦੂਜੀ ਨੂੰ ਫੜ ਲੈਣਾ, ਇਕ ਪਰੰਪਰਾ ਤਿਆਗ ਕੇ ਦੂਜੀ ਵਿਚ ਚਲੇ ਜਾਣਾ ਇਹ ਧਰਮ ਨਹੀਂ ਮਾਲੰਕਯਪੁੱਤ। ਤੂੰ ਇਕ ਦਰਸ਼ਨ ਸ਼ਾਸਤਰ ਸਿੱਖੇ ਜਾਂ ਕੋਈ ਦੂਜਾ ਜਾਂ ਕੁੱਝ ਵੀ ਨਾ ਸਿੱਖੇ, ਤਦ ਵੀ ਜਨਮ, ਬੁਢਾਪਾ, ਮੌਤ, ਦੁੱਖ, ਵਿਰਲਾਪ, ਸੰਤਾਪ ਤੇ ਉਦਾਸੀ ਕਾਇਮ ਰਹੇਗੀ। ਸ਼ਬਦਾਂ ਅਤੇ ਸੰਕਲਪਾਂ ਦੀ ਵਚਿੱਤਰ ਦਾਰਸ਼ਨਿਕਤਾ ਦਾ ਮੈਂ ਸਹਾਰਾ ਨਹੀਂ ਲਿਆ ਕਿਉਂਕਿ ਦੁੱਖ ਦੂਰ ਕਰਨ ਲਈ ਇਹ ਸਹਾਈ ਨਹੀਂ ਹੁੰਦਾ।
ਅੰਤਲੇ ਕੁਝ ਦਿਨ
480 ਪੂਰਬ ਈਸਵੀ ਸਨ ਵਿਚ ਵੈਸ਼ਾਲੀ, ਖੁਸ਼ਹਾਲ ਲੋਕਾਂ ਦੀਆਂ ਰੌਣਕਾਂ ਨਾਲ ਘੁੱਗ ਵਸਦਾ ਸ਼ਹਿਰ ਸੀ। ਲਿੱਛਵੀਂ ਵੰਸ਼ ਦੇ ਛੇ ਰਾਜਿਆਂ ਨੇ ਆਪਣੇ- ਆਪਣੇ ਰਾਜਾਂ ਨੂੰ ਮਿਲਾ ਕੇ ਇਕ ਸਾਂਝੀ ਗਣਤੰਤਰ ਸਥਾਪਤ ਕੀਤੀ ਜਿਸ ਨੂੰ ਲਿੱਛਵੀ ਗਣਰਾਜ ਕਹਿੰਦੇ ਸਨ। ਇਸ ਗਣਰਾਜ ਦੀ ਰਾਜਧਾਨੀ ਵੇਸ਼ਾਲੀ ਸੀ। ਇਸ ਗਣਰਾਜ ਦੇ ਮੁਖੀ ਨੂੰ ਲਿੱਛਵੀ ਰਾਜ-ਪ੍ਰਮੁੱਖ ਕਿਹਾ ਜਾਂਦਾ ਸੀ। ਇਹ ਰਾਜ-ਪ੍ਰਮੁੱਖ ਬੜਾ ਸ਼ਕਤੀਸ਼ਾਲੀ ਮਹਾਰਾਜਾ ਬਣ ਗਿਆ ਸੀ।
ਸ਼ੱਕ ਵੰਸ ਦਾ ਯੁਵਰਾਜ ਗੌਤਮ ਜਿਹੜਾ ਇਕ ਹਨੇਰੀ ਸੁੰਨਸਾਨ ਰਾਤ ਵਿਚ ਜੁਆਨ ਉਮਰੇ ਕਪਿਲਵਸਤੂ ਦੇ ਮਹਿਲ ਛੱਡ ਕੇ ਮੰਗਤਾ ਹੋ ਗਿਆ ਸੀ, ਇਨ੍ਹੀ ਦਿਨੀ ਰਾਜਗ੍ਰਹਿ ਨਾਂ ਦੇ ਸ਼ਹਿਰ ਵਿਚ ਟਿਕਿਆ ਹੋਇਆ ਸੀ। ਲੋਕ ਉਸ ਨੂੰ ਸ਼ੱਕਮੁਨੀ, ਮਹਾਮੁਨੀ, ਤਥਾਗਤ, ਮਹਾਤਮਾ ਅਤੇ ਬੁੱਧ ਆਦਿਕ ਨਾਵਾਂ ਨਾਲ ਸੰਬੋਧਨ ਕਰਦੇ। ਉਸ ਨੂੰ ਪਤਾ ਸੀ ਕਿ ਹੁਣ ਸੰਸਾਰ ਤੋਂ ਵਿਦਾ ਹੋਣ ਦਾ ਸਮਾਂ ਆ ਗਿਆ ਹੈ। ਉਹ ਰਾਜਗ੍ਰਹਿ ਦੀ ਥਾਂ ਕੁਸ਼ੀਨਗਰ ਜਾ ਕੇ ਸਰੀਰ ਤਿਆਗਣ ਦਾ ਇੱਛੁਕ ਸੀ, ਜਿਸ ਸ਼ਹਿਰ ਨੂੰ ਉਹ ਪਿਆਰ ਨਾਲ ਕੁਸੀਨਾਰ ਕਿਹਾ ਕਰਦਾ ਸੀ। ਇਸ ਸ਼ਹਿਰ ਨੂੰ ਉਹ ਕਿਉਂ ਪਿਆਰ ਕਰਦਾ ਸੀ ਤੇ ਉਸ ਨੇ ਉਥੇ ਸਰੀਰ ਤਿਆਗਣ ਦਾ ਕਿਉਂ ਫੈਸਲਾ ਕੀਤਾ, ਕਿਸੇ ਨੂੰ ਪਤਾ ਨਹੀਂ। ਉਸ ਨੇ ਆਨੰਦ ਨੂੰ ਬੁਲਾਇਆ ਤੇ ਕਿਹਾ- "ਕੁਸੀਨਾਰ ਜਾਣਾ ਹੈ ਆਨੰਦ। ਵੈਸ਼ਾਲੀ ਦੇ ਰਸਤੇ ਹੋ ਕੇ ਚੱਲਾਂਗੇ।" ਉਹ ਤੁਰੇ ਤੇ ਵੈਸ਼ਾਲੀ ਨਗਰ ਅੱਪੜ ਗਏ। ਬੁੱਧ ਕਮਜ਼ੋਰ ਹੋ ਗਿਆ ਸੀ। ਵੈਸ਼ਾਲੀ ਪੁੱਜ ਕੇ ਆਨੰਦ ਨੇ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਤਾਂ ਉਹ ਮੰਨ ਗਿਆ।
ਸਾਵੱਥੀ (ਸੰਸਕ੍ਰਿਤ ਵਸਤੀ) ਸ਼ਹਿਰ ਦੀ ਸੁੰਦਰੀ, ਨਰਤਕੀ ਤੇ ਗਾਇਕਾ ਅਮਰਪਾਲੀ, ਵੈਸ਼ਾਲੀ ਵਿਚ ਰਹਿ ਰਹੀ ਸੀ। ਇਥੇ ਉਸ ਦਾ ਬਹੁਤ ਵੱਡਾ ਬਾਗ ਸੀ ਜਿਸ ਵਿਚ ਆਲੀਸ਼ਾਨ ਹਵੇਲੀ ਸੀ ਤੇ ਹਵੇਲੀ ਵਿਚ ਬਹੁਤ ਸਾਰਾ ਧਨ। ਇਸ ਨਰਤਕੀ ਨੂੰ ਸੱਦਾ ਦੇਣ ਦੀ ਸਮੱਰਥਾ ਕੇਵਲ ਰਾਜਿਆਂ ਪਾਸ ਰਹਿ ਗਈ ਸੀ। ਲੋਕ ਉਸ ਦੇ ਨਾਚ ਅਤੇ ਗਾਉਣ ਨੂੰ ਪਸੰਦ ਕਰਦੇ ਪਰ ਇਹ ਕਿੱਤਾ ਸਤਿਕਾਰਯੋਗ ਨਹੀਂ ਸੀ, ਇਸ ਲਈ ਦੂਰ ਰਹਿੰਦੇ। ਉਹ ਬੁੱਧ ਪਾਸ ਆਈ