ਫੁੱਲ ਚੁਗਣ ਵੇਲੇ ਉਪਾਲੀ ਨੇ ਇਹ ਸ਼ਰਧਾਂਜਲੀ ਭੇਟ ਕੀਤੀ - "ਹੇ ਭਿਖਾਓ, ਸ਼ਰੱਮਣੇ, ਸਾਧੂਓ ਤੇ ਗ੍ਰਹਿਸਥੀਓ, ਸਾਡਾ ਪਿਆਰਾ ਸਾਡੇ ਤੋਂ ਵਿਛੁੜਿਆ ਨਹੀਂ ਹੈ। ਲੱਖਾਂ ਅੱਖਾਂ ਵਿਚ ਉਹ ਰੋਸ਼ਨੀ ਬਣ ਕੇ ਟਿਕ ਗਿਆ ਹੈ। ਅੱਖਾਂ ਵਾਲੇ ਉਸ ਨੂੰ ਦੇਖ ਲਿਆ ਕਰਨਗੇ। ਬਹੁਤ ਸਾਰੇ ਰਾਜੇ ਮਹਾਰਾਜੇ ਆਏ ਹਨ ਜੋ ਅਸਥੀਆਂ ਲੈਣ ਲਈ ਪ੍ਰਾਰਥਨਾ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਅਸਥੀਆਂ ਦਿਆਂਗੇ। ਉਹ ਕਹਿ ਰਹੇ ਹਨ ਕਿ ਰਾਜਧਾਨੀਆਂ ਵਿਚ ਅਸਥੀਆਂ ਦਾ ਸਨਮਾਨ ਕਰਕੇ ਉਹ ਬੋਧ ਸਤੂਪ, ਮੱਠ ਉਸਾਰਨਗੇ। ਪਰ ਸਾਡੇ ਪਿਆਰੇ ਸਿਧਾਰਥ ਨੂੰ ਜੇ ਇੱਟਾਂ ਅਤੇ ਚੂਨਾ ਪਸੰਦ ਹੁੰਦੇ ਤਾਂ ਉਹ ਕਪਿਲਵਸਤੂ ਦੇ ਮਹਿਲ ਨਾ ਤਿਆਗਦਾ। ਸਾਡੇ ਦਿਲ ਉਸ ਦੇ ਨਿਵਾਸ ਸਥਾਨ ਬਣਨਗੇ।
ਸਾਡੇ ਲਈ ਇਕ ਮੁਸ਼ਕਲ ਪੈਦਾ ਕਰ ਗਿਆ ਹੈ ਸਾਕਯਮੁਨੀ। ਪਹਿਲੋਂ ਆਪਣੇ ਦਿਲਾਂ ਵਿਚ ਅਸੀਂ ਆਪ ਵਸਦੇ ਸਾਂ ਇਸ ਲਈ ਜਿਹੇ ਜਿਹੇ ਵੀ ਇਹ ਘਰ ਸਨ, ਠੀਕ ਸਨ। ਪਰ ਹੁਣ ਇਨ੍ਹਾਂ ਥਾਵਾਂ ਤੇ ਤਥਾਗਤ ਦਾ ਨਿਵਾਸ ਹੋਵੇਗਾ। ਇਸ ਲਈ ਦਿਲਾ ਦੇ ਇਹ ਮਹਿਲ ਸਾਫ਼ ਰੱਖਣੇ ਪੈਣਗੇ। ਮਿਹਨਤ ਕਰਨੀ ਪਵੇਗੀ। ਲਗਾਤਾਰ ਸਾਵਧਾਨ ਰਹਿਣਾ ਪਵੇਗਾ।
ਹੇ ਭਿਖੂਓ, ਹੇ ਗ੍ਰਹਿਸਥੀਓ । ਹੁਣ ਤੁਸੀਂ ਆਪੋ ਆਪਣੇ ਟਿਕਾਣਿਆਂ ਨੂੰ ਪਰਤ ਜਾਓ। ਧਰਤੀ ਉਪਰ ਮੰਦਾਰ ਦੇ ਫੁੱਲਾਂ ਦੀ ਭਾਰੀ ਬਾਰਸ਼ ਹੋਈ ਹੈ। ਗੋਡੇ ਗੋਡੇ ਬਿੱਖਰੇ ਪੁਸ਼ਪਾਂ ਦੀ ਮੋਟੀ ਤਹਿ ਵਿਚੋਂ ਲੰਘ ਕੇ ਜਾਣਾ ਪਵੇਗਾ। ਗ੍ਰਹਿਸਥੀ ਘਰੀਂ ਜਾਣ ਤੇ ਭਿੱਖੂ ਜੰਗਲਾਂ ਦਾ ਰਾਹ ਫੜਨ। ਤੁਸੀਂ ਸਭ, ਜਦੋਂ ਆਪਣੇ ਆਪਣੇ ਟਿਕਾਣਿਆਂ ਤੇ ਪੁਜੋਗੇ ਤਾਂ ਰੰਗਾਂ ਅਤੇ ਸੁਗੰਧੀਆਂ ਨਾਲ ਨੁਚੜਦੇ ਹੋਏ ਪੁੱਜੋਗੇ। ਤਥਾਗਤ ਸਹਾਈ ਹੋਣ।"
ਉਪਾਲੀ ਤੋਂ ਪਿਛੋਂ ਬੁੱਧ ਦੇ ਸਿੱਖ ਅਤੇ ਉਨ੍ਹਾਂ ਦੇ ਮਿੱਤਰ ਅਨੁਰੁੱਧ ਨੇ ਸਤਿਕਾਰ ਵਜੋਂ ਇਹ ਸ਼ਬਦ ਕਹੇ –
"ਸਾਰੀ ਹੋਂਦ ਦਾ ਉਦਯ, ਅੰਤ ਅਤੇ ਉਦੇਸ਼, ਸੱਚ ਹੈ। ਆਪਣੇ ਵਸੇਬੇ ਵਾਸਤੇ ਉਹ ਅਨੇਕ ਸੰਸਾਰ ਸਿਰਜਦਾ ਹੈ। ਸੱਚ ਕਦੀ ਸ਼ਿੰਗਾਰ ਨਹੀਂ ਕਰਦਾ। ਉਹ ਇੱਕ ਹੇ ਅਤੇ ਅਖੰਡ ਹੈ। ਮੌਤ ਦੀ ਸ਼ਕਤੀ ਤੋਂ ਸੁਤੰਤਰ, ਸਰਬ ਵਿਆਪਕ ਅਤੇ ਅਨੰਤ ਸ਼ਾਨਾਂ ਨਾਲ ਲੱਦਿਆ ਹੋਇਆ ਹੈ ਉਹ। ਵਿਸ਼ਵ ਵਿਚ ਬਹੁਤ ਸਾਰੇ ਰੰਗ ਬਰੰਗੇ ਸੱਚ ਨਹੀਂ ਹਨ। ਹਰ ਕਾਲ ਵਿਚ ਹਰ ਸਥਾਨ ਉਤੇ ਉਹ ਇਕੱਲਾ ਰਿਹਾ ਅਤੇ ਅਕਾਲੀ ਰਿਹਾ। ਉਸ ਦਾ ਕੋਈ ਟਿਕਾਣਾ ਨਹੀਂ ਸੀ।
ਵਿਸ਼ਵ-ਰਚਨਾ ਦੇ ਮੁਢਲੇ ਦੌਰ ਵਿਚ ਸੂਰਜ, ਧਰਤੀ ਅਤੇ ਚੰਨ ਦਾ ਮੁਖੜਾ ਦਿੱਸਿਆ। ਵਾਯੂ-ਮੰਡਲ ਦੀ ਧੂੜ ਵਿਚ ਲਿੱਬੜ ਕੇ ਸੱਚ ਨੇ ਬੇਅੰਤ ਰੋਸ਼ਨੀ ਪ੍ਰਗਟ ਕੀਤੀ। ਪਰ ਅਜੇ ਉਸ ਨੂੰ ਦੇਖਣ ਵਾਲੀ ਕੋਈ ਅੱਖ ਨਹੀਂ ਸੀ, ਸੁਣਨ ਵਾਲਾ ਕੋਈ ਕੰਨ ਨਹੀਂ ਸੀ, ਉਸ ਦੇ ਮਾਇਨੋ ਸਮਝਣ ਵਾਲਾ ਕੋਈ ਮਨ ਨਹੀਂ ਸੀ। ਹੋਂਦ ਦੇ ਇਸ ਅਮਿੱਤ ਪਸਾਰ ਵਿਚ ਸੱਚ ਨੂੰ ਕੋਈ ਥਾਂ ਅਜਿਹੀ ਨਾ ਮਿਲੀ ਜਿਥੇ ਉਹ ਪੂਰੇ ਜਲੋ ਨਾਲ ਨਿਵਾਸ ਕਰ ਸਕਦਾ।