ਜ਼ਿੰਦਗੀ ਥੋੜ੍ਹ ਚਿਰੀ ਹੈ।
- ਜੀਵਨ ਤ੍ਰੇਲ ਤੁਪਕੇ ਦੀ ਨਿਆਈਂ ਹੈ, ਪਾਣੀ ਉਤੇ ਬੁਲਬੁਲੇ ਵਾਂਗ। ਧੁੱਪੇ ਘਾਹ ਦੀ ਪੱਤੀ ਉਪਰਲੇ ਤੇਲ ਤੁਪਕੇ ਦੀ ਜਿੰਨੀ ਕੁ ਉਮਰ ਹੈ, ਇੱਡਾ ਕੁ ਜੀਵਨ ਪੰਧ ਦੇ ਮਨੁੱਖ ਦਾ। ਮਾਂ ਮੈਨੂੰ ਮੇਡ ਨਾਂਹ।
ਜਿੱਡੀ ਮਨ ਦੇ ਇਕ ਫੁਰਨੇ ਦੀ ਅਉਧ ਹੇ, ਜਿੰਨਾ ਕੁ ਲੰਮਾ ਪੰਥ ਰਥ ਦੇ ਪਹੀਏ ਦਾ ਇਕ ਗੇੜਾ ਤੈਅ ਕਰਦਾ ਹੈ - ਜੀਵਨ ਪੈਂਡਾ ਇੱਡਾ ਕੁ ਹੀ ਹੇ ਬੱਸ।
ਪਿਛਲੇ ਛਿਣ ਵਿਚ ਜੀਵਨ ਦੀ ਸ਼ਕਤੀ ਸੀ, ਅਗਲਾ ਪਲ ਮੌਤ ਦੀ ਸ਼ਕਤੀ ਹੋ ਜਾਵੇਗਾ। ਖੁਸ਼ੀ ਗਮੀ ਨਾਲ ਭਰਪੂਰ ਜੀਵਨ ਇਕ ਛਿਣ ਵਿਚ ਅਛੋਪਲੇ ਜਿਹੇ ਬੀਤ ਜਾਂਦਾ ਹੈ।
ਜੀਵਨ ਅਤੇ ਮੌਤ, ਯਾਦਾਂ ਹਨ ਪਲ ਭਰ ਦੀਆਂ - ਹੋਰ ਕੁਝ ਨਹੀਂ। ਜੀਵਨ ਇਕ ਨਿੱਕਾ ਜਿਹਾ ਫੁਰਨਾ ਹੀ ਤਾਂ ਹੈ ਬਸ ਹੋਰ ਕੀ ਹੈ ? –
ਪਰਬਤ ਦੀ ਚੋਟੀ ਤੋਂ ਹੇਠਾਂ ਰਿੜ੍ਹਦਾ ਪੱਥਰ ਜੀਵਨ ਦੀ ਨਿਆਈਂ ਹੈ। ਹਰਕਤ ਵਿਚ ਆਉਣ ਤੇ ਉਹ ਸੋਚਣ ਲਗਦਾ ਹੈ ਕਿ ਜੀਵਨ ਧੜਕ ਪਿਆ ਹੈ। ਵਾਸਤਵ ਵਿਚ ਤਾਂ ਉਸ ਦੀ ਰਵਾਨਗੀ ਮੌਤ ਵੱਲ ਰਵਾਨਗੀ ਸੀ। -
ਹੋਂਦ ਦਾ ਵਿਸਰਾਮ ਹੀ ਨਿਰਵਾਣ ਹੈ। ਵਿਸ਼ਵ ਪਲ-ਪਲ ਘੁਲ ਰਿਹਾ ਹੈ। ਵਿਸ਼ਵ ਪਲ-ਪਲ ਮਿਟ ਰਿਹਾ ਹੈ।
ਇਕ ਪਲ ਅਤੇ ਇਕ ਯੁੱਗ ਵਿਚ ਕੋਈ ਫਰਕ ਨਹੀਂ। ਜਿਸ ਕਰਮਾਂ ਵਾਲੇ ਪਲ ਨੇ ਇਹ ਭੇਦ ਜਾਣ ਲਿਆ ਉਹ ਪਲ ਆਪ ਇਕ ਯੁੱਗ ਹੋ ਗਿਆ। ਜਿਸ ਅਭਾਗੇ ਯੁੱਗ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਉਹ ਪਲ ਵਾਂਗ ਨਸ਼ਟ ਹੋ ਗਿਆ।
ਭਾਗਾਂ ਵਾਲੇ ਹਨ ਉਹ ਜਿਨ੍ਹਾਂ ਨੇ ਆਪਣਾ ਛਿਣ ਪਛਾਣ ਕੇ ਉਸ ਨੂੰ ਫੜ ਲਿਆ। ਰੋਣਗੇ ਉਹ ਜਿਨ੍ਹਾਂ ਦੇ ਹੱਥ ਉਨ੍ਹਾਂ ਦਾ ਪਲ ਖਿਸਕ ਗਿਆ।
ਅਖੰਡ ਦਿੱਸ ਰਹੇ ਤੱਤ ਖੰਡਿਤ ਹੋਣਗੇ ਤੇ ਘੁਲ ਜਾਣਗੇ। ਤਲਾਸ਼ ਕਰੋ ਜੇ ਅਮਰ ਹੈ - ਧਰਮ ਬਿਨਾ ਹੋਰ ਕੁਝ ਅਮਰ ਨਹੀਂ। ਸੱਚ ਬਿਨਾ ਹੋਰ ਕੁਝ ਥਿਰ ਨਹੀਂ।