Back ArrowLogo
Info
Profile

ਪਿਛੋਕੜ

ਪੁਰਾਤਨ ਚੀਨ, ਨਗਰ-ਰਾਜਾਂ ਦਾ ਇਕ ਸਮੂਹ ਸੀ। ਇਕ ਸ਼ਹਿਰ ਦਾ ਇਕ ਰਾਜਾ ਹੁੰਦਾ ਸੀ ਅਤੇ ਆਲੇ ਦੁਆਲੇ ਦੇ ਖੇਤ ਅਤੇ ਪਿੰਡ ਉਸ ਦੀ ਰਿਆਸਤ ਦਾ ਹਿੱਸਾ ਹੁੰਦੇ। ਸ਼ਹਿਰਾਂ ਵਿਚ ਧਨੀ ਅਤੇ ਪੜ੍ਹੇ ਲਿਖੇ ਲੋਕ ਰਹਿੰਦੇ ਸਨ ਅਤੇ ਪਿੰਡਾਂ ਵਿਚ ਅਨਪੜ੍ਹ ਗਰੀਬ ਮਜ਼ਦੂਰ। ਸ਼ਹਿਰਾਂ ਦੇ ਦੁਆਲੇ ਵੱਡੀਆਂ- ਵੱਡੀਆਂ ਕੰਧਾਂ ਉਸਾਰੀਆਂ ਜਾਂਦੀਆਂ ਸਨ ਤੇ ਸ਼ਾਮ ਪੈਣ ਤੇ ਦਰਵਾਜ਼ੇ ਬੰਦ ਹੋ ਜਾਂਦੇ ਤਾਂ ਕਿ ਧਾੜਵੀਆਂ ਅਤੇ ਡਕੇਤਾਂ ਤੋਂ ਬਚਿਆ ਜਾ ਸਕੇ। ਡਾਕੂਆਂ ਨੇ ਪਿੰਡਾਂ ਉਤੇ ਹਮਲਾ ਕਰਕੇ ਕੀ ਲੈਣਾ ਸੀ, ਜਿਥੇ ਲੋਕ ਰੋਟੀ ਤੋਂ ਵੀ ਮੁਥਾਜ ਸਨ। ਸ਼ਹਿਰ ਨੂੰ ਰਾਜਧਾਨੀ ਜਾਂ ਦੌਲਤਖਾਨਾ ਕਿਹਾ ਜਾਂਦਾ ਸੀ ਤੇ ਇਹ ਸ਼ਬਦ ਅਜ ਤੱਕ ਸਾਡੀ ਪੰਜਾਬੀ ਸਭਿਅਤਾ ਵਿਚ ਵੀ ਆਮ ਵਰਤੇ ਜਾਂਦੇ ਹਨ।

ਸਿੱਕੇ ਆਮ ਚਾਲੂ ਨਹੀਂ ਹੋਏ ਸਨ। ਲੈਣ ਦੇਣ ਵਸਤਾਂ ਦੇ ਵਟਾਂਦਰੇ ਨਾਲ ਹੁੰਦਾ ਸੀ। ਕੋਡੀਆ ਅਤੇ ਸਿੱਪੀਆ ਕੁਝ ਛੋਟੇ ਸਿੱਕਿਆ ਦੀ ਥਾਂ ਵਰਤੀਆਂ ਜਾਂਦੀਆਂ ਸਨ। ਕੀਮਤੀ ਪੱਥਰ, ਸੋਨਾ, ਚਾਂਦੀ, ਪਸ਼ੂ ਅਤੇ ਰੇਸ਼ਮ, ਰਕਮ ਦੀ ਅਦਾਇਗੀ ਦੇ ਸਾਧਨ ਸਨ। ਈਸਵੀ ਤੋਂ 1200 ਸਾਲ ਪਹਿਲੇ ਦੇ ਚਾਂਦੀ ਦੇ ਖੁਣੇ ਹੋਏ ਸਿੱਕੇ ਮਿਲੇ ਹਨ। ਜਿਹੜੇ ਸਿੱਕੇ ਘੜੇ ਜਾਂਦੇ ਸਨ, ਉਨ੍ਹਾਂ ਵਿਚ ਰਾਜ ਚਿੰਨ੍ਹ ਖੁਣਿਆ ਹੋਇਆ ਹੁੰਦਾ ਸੀ। ਇਕ ਕੀਮਤ ਦੇ 18 ਸਿੱਕੇ ਇਕੋ ਧਾਤ ਦੇ ਬਣੇ ਹੋਏ ਤੋਲੇ ਗਏ ਤਾ ਉਨ੍ਹਾਂ ਦਾ ਵਜ਼ਨ ਵੱਖ-ਵੱਖ ਨਿਕਲਿਆ। ਦੋ ਤੋਂ ਚਾਰ ਗਰਾਮ ਤਕ ਦੇ ਵਜ਼ਨ ਦੀ ਵਾਧ ਘਾਟ ਸਾਬਤ ਕਰਦੀ ਹੈ ਕਿ ਮੋਟਾ ਜਿਹਾ ਹਿਸਾਬ ਕਿਤਾਬ ਸੀ। ਕੀਮਤੀ ਧਾਤਾਂ ਦੀ ਘਾਟ ਹੋਣ ਕਾਰਨ ਕਦੀ-ਕਦੀ ਸਫੇਦ ਹਿਰਨ ਦੀ ਖੁੱਲ ਦੇ ਟੋਟਿਆਂ ਉਤੇ ਮੋਹਰਾਂ ਲਾ ਕੇ ਵੀ ਕਰੰਸੀ ਦਾ ਕੰਮ ਲਿਆ ਜਾਂਦਾ ਸੀ। ਕਰੰਸੀ ਏਨੀ ਭਾਰੀ ਸੀ ਕਿ ਲਿਆਉਣ ਲਿਜਾਣ ਉਤੇ ਹੀ ਬੜਾ ਖਰਚ ਹੋ ਜਾਂਦਾ ਸੀ। ਕਰੰਸੀ ਉਤੇ ਬਾਦਸ਼ਾਹ ਦੀ ਇਜਾਰੇਦਾਰੀ ਸੀ।

ਰਾਜਾ ਲੋਕਾਂ ਲਈ ਰੱਬ ਵਾਂਗ ਸੀ। ਉਸ ਦੀ ਇੱਛਾ ਅਨੁਸਾਰ ਸਰਕਾਰ ਚਲਦੀ। ਲਿਖਤੀ ਕਾਨੂੰਨ ਕੋਈ ਨਹੀਂ ਸੀ। ਦਰਿਆਵਾਂ ਵਿਚੋਂ ਨਿੱਕੀਆਂ ਨਿੱਕੀਆਂ ਨਹਿਰਾਂ ਕੱਢ ਕੇ ਸਿੰਜਾਈ ਕੀਤੀ ਜਾਂਦੀ। ਇਹ ਰਾਜੇ ਦੀ ਮਰਜ਼ੀ ਨਾਲ ਹੁੰਦਾ। ਪੁਰਾਣੇ ਚੀਨ ਦੇ ਲੋਕ ਗੀਤਾਂ ਵਿਚ ਰਾਜੇ ਦੀ ਉਸਤਤਿ ਕੀਤੀ ਮਿਲਦੀ ਹੈ। ਰਾਜ ਦੀ ਵਡਿਆਈ ਹਿਤ ਭਜਨ ਰਚੇ ਅਤੇ ਗਾਏ ਜਾਂਦੇ। ਰਾਜੇ ਨੂੰ ਸੰਬੋਧਿਤ ਇਕ ਭਜਨ ਹੈ

ਤੂੰ ਸਾਨੂੰ ਜੀਵਨ ਦੇਣ ਵਾਲਾ ਹੈ,

ਤੂੰ ਸਾਡਾ ਰਿਜਕ ਦਾਤਾ ਹੈਂ,

ਤੇਰੀ ਖੁਸ਼ੀ ਹੋਵੇ ਤਾਂ ਫਸਲਾਂ ਉਗਦੀਆਂ ਹਨ,

ਤੇਰੀ ਨਾਰਾਜ਼ਗੀ ਸਾਡੀ ਮੌਤ ਹੈ।

41 / 229
Previous
Next