ਕਨਫਿਊਸ਼ਿਅਸ ਦੀਆਂ ਲਿਖਤਾਂ ਦੀ ਸੰਖੇਪ ਜਾਣਕਾਰੀ
ਪਚਵੰਜਾ ਸਾਲ ਦੀ ਉਮਰ ਵਿਚ ਕਨਵਿਊਸ਼ਿਅਸ ਤਿੰਨ ਸ਼ਾਗਿਰਦਾਂ ਨੂੰ ਨਾਲ ਲੈ ਕੇ ਤੇਰਾਂ ਸਾਲ ਥਾਂ-ਥਾਂ ਨੌਕਰੀ ਦੀ ਤਲਾਬ ਵਿਚ ਘੁੰਮਦਾ ਰਿਹਾ। ਚੀਨੀ ਰਿਆਸਤਾਂ ਦੇ ਰਾਜੇ ਉਸ ਦੀ ਵਿਦਵਤਾ ਅਤੇ ਈਮਾਨਦਾਰੀ ਤੋਂ ਵਾਕਫ ਸਨ, ਪਰੰਤੂ ਇਹ ਚੀਜ਼ਾ ਰਾਜਿਆਂ ਦੇ ਕਿਸ ਕੰਮ? ਸਨਮਾਨ ਕਰਨ ਦੀ ਥਾਂ ਸਗੋਂ ਉਸ ਨੂੰ ਸ਼ੱਕ ਦੀਆ ਨਿਗਾਹਾਂ ਨਾਲ ਦੇਖਿਆ ਜਾਣ ਲੱਗਾ। ਭਰਿਸ਼ਟ ਅਫ਼ਸਰ ਉਸ ਨੂੰ ਲਾਗੇ ਨਾ ਫਟਕਣ ਦਿੰਦੇ, ਕੁਝ ਥਾਵਾਂ ਉਤੇ ਉਸ ਉਤੇ ਹਮਲੇ ਹੋਏ ਤੇ ਉਸ ਨੂੰ ਜਾਨ ਬਚਾ ਕੇ ਦੌੜਨਾ ਪਿਆ। ਬਚਾਉ ਵਾਸਤੇ ਅੰਗ ਰੱਖਿਅਕ ਰਖਦਾ ਰਿਹਾ। ਇਹ ਦਸ਼ਾ ਦੇਖ ਕੇ ਇਕ ਬੰਦੇ ਨੇ ਕਿਹਾ, "ਮਹਾਤਮਾ, ਸਰਬਗਿਆਤਾ ਹੋਣ ਦੇ ਬਾਵਜੂਦ ਕੀ ਮਿਲਿਆ ਤੁਹਾਨੂੰ ?" ਮਹਾਤਮਾ ਨੇ ਉੱਤਰ ਦਿੱਤਾ, "ਤੂੰ ਦਸ ਫਿਰ ਕੀ ਕਰਾਂ? ਕਿਸੇ ਧਨੀ ਦੇ ਰੱਬ ਦਾ ਰਥਵਾਨ ਲੱਗ ਜਾਵਾ ਕਿ ਤੀਰਅੰਦਾਜ਼ੀ ਸਿੱਖਣੀ ਸ਼ੁਰੂ ਕਰਾਂ?
ਉਸ ਦਾ ਇਕ ਵਿਦਿਆਰਥੀ ਸਾਮੰਤ ਆਈ ਦੇ ਦਰਬਾਰ ਵਿਚ ਵੱਡੇ ਰੁਤਬੇ ਤੇ ਨਿਯੁਕਤ ਹੋਇਆ ਤਾਂ ਵਿਦਿਆਰਥੀ ਨੇ ਆਪਣੇ ਅਧਿਆਪਕ ਦਾ ਬੜਾ ਸਨਮਾਨ ਕੀਤਾ। ਸਾਮੰਤ ਨੇ ਮਹਾਤਮਾ ਨੂੰ ਦਰਬਾਰ ਵਿਚ ਸੱਦ ਲਿਆ ਅਤੇ ਜ਼ਰੂਰੀ ਮਸਲਿਆਂ ਉਤੇ ਅਕਸਰ ਸਲਾਹ ਮਸ਼ਵਰਾ ਕਰਦਾ। ਇਹ 484 ਪੂਰਬ ਈਸਵੀ ਦੀ ਗੱਲ ਹੈ ਜਦੋਂ ਉਸ ਦੀ ਉਮਰ 67 ਸਾਲ ਦੀ ਸੀ। ਵਧੇਰੇ ਸਮਾਂ ਹੁਣ ਵੀ ਉਹ ਅਧਿਆਪਨ ਦਾ ਕੰਮ ਕਰਦਾ। ਉਸ ਨੇ ਪੁਰਾਤਨ ਚੀਨੀ ਗ੍ਰੰਥਾਂ ਨੂੰ ਸੰਪਾਦਿਤ ਕਰਨ ਦਾ ਮਹਾਨ ਕਾਰਜ ਸਿਰੇ ਚਾੜ੍ਹਿਆ। ਉਸ ਨੇ ਸਭ ਲਿਖਤਾਂ ਨੂੰ ਵੱਖ-ਵੱਖ ਸੰਗ੍ਰਹਿਆਂ ਵਿਚ ਇਕੱਠਾ ਕੀਤਾ। ਇਨ੍ਹਾਂ ਗ੍ਰੰਥਾਂ ਨੂੰ ਕਨਫਿਊਸ਼ਿਅਸ ਕਲਾਸਿਕਸ ਕਿਹਾ ਜਾਂਦਾ ਹੈ। ਗ੍ਰੰਥ ਇਹ ਹਨ-
1. ਸੂਚਿੰਗ (ਇਤਿਹਾਸ)
2. ਸ਼ੀਚਿੰਗ (ਕਾਵਿ ਸੰਗ੍ਰਹਿ)
3. ਲੀ ਕਾਈ (ਧਰਮ ਪੇਥੀ)
4. ਆਈ ਚਿੰਗ (ਪਰਿਵਰਤਨਾਂ ਦੀ ਪੋਥੀ)
5. ਚੁਨ ਚਿਊ (ਬਸੰਤ-ਪਤਝੜ ਦੇ ਬਿਰਤਾਂਤ)
1. ਸੂਚਿੰਗ
ਇਤਿਹਾਸ ਦੀ ਪੋਥੀ ਹੈ ਜਿਸ ਵਿਚ 2400 ਪੂਰਬ ਈਸਵੀ, ਭਾਵ ਅੱਜ ਤੋਂ ਕੋਈ ਸਾਢੇ ਚਾਰ ਹਜ਼ਾਰ ਸਾਲ ਪਹਿਲੋਂ ਤੋਂ ਲੈ ਕੇ ਕਨਫਿਊਸ਼ਿਅਸ ਦੇ ਸਮੇਂ ਤਕ ਦੇ ਬਿਰਤਾਂਤ ਦਰਜ ਹਨ। ਦਸਤਾਵੇਜ਼ੀ ਰਿਕਾਰਡ ਪੂਰੇ ਤੱਥਾਂ ਸਮੇਤ ਦਿਤਾ ਹੋਇਆ ਹੈ। ਇਸ ਕਿਤਾਬ ਵਿਚ ਸੁਪਨਾ ਲਿਆ ਗਿਆ ਹੈ ਕਿ ਸਾਰੇ ਸੰਸਾਰ ਵਿਚ ਕੇਵਲ ਇਕ ਬਾਦਸ਼ਾਹਤ ਹੋਵੇ ਤੇ ਬਾਦਸ਼ਾਹ ਨੇਕ ਹੋਵੇ।