ਉਤੇ ਪਿਤਾਪੁਰਖੀ ਕਾਇਦੇ ਅਨੁਸਾਰ ਲੋਕ ਬਿਰਾਜਮਾਨ ਹੁੰਦੇ ਹਨ (ਭਾਵ ਯੋਗਤਾ ਦਾ ਕੋਈ ਮੁੱਲ ਨਹੀਂ)। ਮਹਿਲ ਬਣਵਾਉਣੇ, ਬੁਰਜ ਚਿਣਵਾਉਣੇ ਸਾਇਆਬਾਨ ਲੁਆਉਣੇ, ਸ਼ਾਹਰਾਹ ਬਣਵਾਉਣੇ, ਝੀਲਾਂ ਖੁਦਵਾਉਣੀਆਂ, ਬਾਗ ਲੁਆਉਣੇ, ਅੱਯਾਸ਼ੀ ਦਾ ਇਹ ਸਾਜ਼ੋ-ਸਮਾਨ ਤਿਆਰ ਕਰਵਾਉਣਾ, ਉਸ ਦਾ ਬਸ ਇਕੋ ਇਕ ਕੰਮ ਰਹਿ ਗਿਆ ਹੈ। ਇਹ ਤੁਹਾਡੇ ਲਈ ਬੜੀ ਦੁਖਦਾਈ ਹਾਲਤ ਹੈ ਕਿਉਂਕਿ ਤੁਸੀਂ ਪਰਜਾ ਦੇ ਹਿਤਾਂ ਦੇ ਰਖਵਾਲੇ ਹੋ। ਭਲੇ ਅਤੇ ਚੰਗੇ ਲੋਕਾਂ ਨੂੰ ਉਸ ਨੇ ਅੱਗ ਵਿਚ ਸਾੜ ਦਿੱਤਾ ਹੈ। ਗਰਭਵਤੀਆਂ ਔਰਤਾਂ ਦੇ ਪੇਟ ਚੀਰ ਦਿਤੇ ਹਨ, ਅਜਿਹੇ ਕੰਮ ਕੀਤੇ ਹਨ ਕਿ ਆਸਮਾਨ ਕੰਬ ਗਿਆ ਹੈ। ਉਸ ਨੇ ਮੇਰੇ ਸਤਿਕਾਰਯੋਗ ਪਿਤਰਾਂ ਉਤੇ ਜ਼ੁਲਮ ਢਾਹੁਣਾ ਚਾਹਿਆ ਸੀ ਪਰੰਤੂ ਉਸ ਜ਼ਾਲਮ ਰਾਜੇ ਦੀ ਮਨਸ਼ਾ ਪੂਰੀ ਨਹੀਂ ਹੋ ਸਕੀ।
"ਇਨ੍ਹਾਂ ਕਾਰਨਾਂ ਕਰਕੇ ਮੈਂ ਤੁਹਾਡਾ ਬੱਚਾ, ਜੱਦੀ ਰਾਜਾ ਹਾਂ ਅਤੇ ਅਸੀਂ ਸ਼ਾਂਗ ਨੂੰ ਕਈ ਵੇਰ ਸਮਝਾਇਆ ਕਿ ਅਜਿਹਾ ਨਾ ਕਰੋ ਪਰੰਤੂ ਉਸ ਨੂੰ ਕੋਈ ਪਛਤਾਵਾ ਆਪਣੇ ਕੀਤੇ ਦਾ ਨਹੀਂ। ਉਹ ਪੱਥਰ ਦਿਲ ਬਣ ਚੁਕਾ ਹੈ। ਉਹ ਚੌਕੜੀ ਮਾਰ ਕੇ ਬੈਠਾ ਰਹਿੰਦਾ ਹੈ, ਨਾ ਕਦੀ ਧਰਮ ਨੂੰ ਯਾਦ ਕੀਤਾ ਨਾ ਮੰਦਰ ਗਿਆ। ਉਸ ਨੇ ਕਦੀ ਪ੍ਰਾਰਥਨਾ ਨਹੀਂ ਕੀਤੀ, ਕਦੀ ਬਲੀ ਨਹੀਂ ਦਿੱਤੀ। ਉਸ ਦੀ ਰਿਆਸਤ ਡਾਕੂਆਂ ਦੀ ਚੰਡਾਲ ਚੌਕੜੀ ਬਣ ਚੁੱਕੀ ਹੈ ਤੇ ਫਿਰ ਵੀ ਉਹ ਆਖਦਾ ਹੈ, "ਪਰਜਾ ਮੇਰੀ ਹੈ, ਹਕੂਮਤ ਮੇਰੀ ਹੈ"। ਕਦੀ ਨੇਕ ਬਣਨ ਬਾਰੇ ਉਸ ਨੇ ਸੋਚਿਆ ਹੀ ਨਹੀਂ।
"ਰੱਬ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਉਸ ਨੂੰ ਜ਼ਿੰਮੇਵਾਰੀ ਦਿੱਤੀ ਪਰੰਤੂ ਮਜ਼ਲੂਮਾਂ ਦਾ ਕੋਈ ਖਿਆਲ ਉਸ ਨੇ ਨਾ ਰੱਖਿਆ। ਕੌਣ ਅਪਰਾਧੀ ਹੇ, ਕਿੰਨਾ ਅਪਰਾਧੀ ਹੈ, ਤੁਸੀਂ ਖੁਦ ਹਿਸਾਬ ਲਾ ਲਵੋ, ਮੈਂ ਕੀ ਆਖਣਾ ਹੈ।
"ਜੇ ਦੋ ਰਾਜਾਂ ਦੀ ਤਾਕਤ ਇਕੋ ਜਿਹੀ ਹੋਵੇ, ਤਾਂ ਇਹ ਦੇਖਣਾ ਹੁੰਦਾ ਹੇ ਕਿ ਦੋਵਾਂ ਵਿਚੋਂ ਸਹੀ ਕੌਣ ਹੈ। ਸਾਂਗ ਪਾਸ ਲੱਖਾਂ ਅਫ਼ਸਰ ਹਨ, ਭਾਵ ਕਿ ਉਸ ਪਾਸ ਲੱਖਾਂ ਦਿਮਾਗ ਹਨ। ਮੇਰੇ ਪਾਸ ਕੇਵਲ ਤਿੰਨ ਹਜ਼ਾਰ ਅਫ਼ਸਰ ਹਨ ਪਰੰਤੂ ਇਨ੍ਹਾਂ ਦਾ ਮਨ ਇੱਕ ਹੈ ਕਿਉਂਕਿ ਸ਼ੁੱਧ ਹੈ। ਸ਼ਾਂਗ ਦੇ ਪ੍ਰਸ਼ਾਸਨ ਦੀ ਪੂਰੀ ਪੜਤਾਲ ਕੀਤੀ ਜਾ ਚੁਕੀ ਹੈ। ਕੁਦਰਤ ਨੇ ਇਸ ਹਕੂਮਤ ਨੂੰ ਖ਼ਤਮ ਕਰਨ ਦੀ ਆਗਿਆ ਦੇ ਦਿੱਤੀ ਹੈ। ਜੇ ਮੇਂ ਕੁਦਰਤ ਦੀ ਆਗਿਆ ਦਾ ਪਾਲਣ ਨਾ ਕਰਾਂ ਤਾਂ ਮੈਂ ਵੀ ਸਾਂਗ ਵਾਂਗ ਅਪਰਾਧੀ ਅਖਵਾਵਾਂਗਾ।
ਮੈਂ ਤੁਹਾਡਾ ਬੱਚਾ ਹਰ ਵਕਤ ਚਿੰਤਾ ਵਿਚ ਗ੍ਰਸਤ ਰਹਿੰਦਾ ਹਾਂ। ਮੈਨੂੰ ਆਪਣੇ ਸਵਰਗਵਾਸੀ ਪਿਤਰਾਂ ਦਾ ਹੁਕਮ ਪ੍ਰਾਪਤ ਹੋ ਗਿਆ ਹੈ। ਮੈਂ ਰੱਬ ਅੱਗ ਖਾਸ ਬਲੀ ਦੇ ਦਿੱਤੀ ਹੈ। ਮੈਂ ਮਹਾਨ ਧਰਤੀ ਦੀ ਸੇਵਾ ਕਰਨ ਵਾਲੀਆਂ ਸਭ ਰਸਮਾਂ ਪੂਰੀਆਂ ਕਰ ਲਈਆਂ ਹਨ। ਮੈਂ ਤੁਹਾਡੀ ਸਾਰਿਆਂ ਦੀ ਅਗਵਾਈ ਕਰਦਾ ਹਾਂ ਤਾਂ ਕਿ ਕੁਦਰਤ ਦੇ ਹੁਕਮ ਅਨੁਸਾਰ ਅਪਰਾਧੀਆਂ ਨੂੰ ਦੰਡ ਦੇਈਏ।