ਵਾਂਗ ਸੰਨਸ਼ੀਆ ਨੇ ਪੁੱਛਿਆ, ਮਾਲਕ ਇਸ ਦਾ ਕੀ ਅਰਥ ਹੈ— ਮੰਦਰ ਵਲ ਧਿਆਨ ਦੇਣ ਦੀ ਥਾਂ ਚੁਲ੍ਹੇ ਵਲ ਧਿਆਨ ਦਿਉ? ਉਸ ਨੇ ਕਿਹਾ— ਇਹ ਕਥਨ ਸਹੀ ਨਹੀਂ ਹੈ। ਜਿਸ ਬੰਦੇ ਨੇ ਆਸਮਾਨ ਦੀ ਛਾਂ ਹੇਠ ਪਾਪ ਕੀਤੇ ਹੋਣ, ਉਹ, ਫਿਰ ਪ੍ਰਾਰਥਨਾ ਕਿਥੇ ਕਰੇ ?
ਚੁੰਗ ਨੇ ਪੁੱਛਿਆ, ਇਨਸਾਨੀਅਤ ਕਿਸ ਨੂੰ ਕਹਿੰਦੇ ਹਨ? ਉਸ ਨੇ ਕਿਹਾ— ਲੋਕਾਂ ਵਿਚ ਇਸ ਤਰ੍ਹਾਂ ਰਹੇ ਜਿਵੇਂ ਤੁਸੀਂ ਵੱਡੇ ਮਹਿਮਾਨ ਦੇ ਸਾਹਮਣੇ ਹੋਵੇ। ਲੋਕਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਇਸ ਤਰ੍ਹਾਂ ਸਮਝਾਉ ਜਿਵੇਂ ਤੁਸੀਂ ਬਲੀਦਾਨ ਦੇ ਰਹੇ ਹੋਵੇ। ਤਦ ਨਾ ਰਾਜ ਵਿਚ ਤੁਹਾਡੇ ਬਾਰੇ ਕਿਸੇ ਨੂੰ ਗਿਲਾ ਹੋਵੇਗਾ ਨਾ ਤੁਹਾਡੇ ਭਾਈਚਾਰੇ ਵਿਚ।
ਸਿਆਣਿਆਂ ਬੰਦਿਆਂ ਵਿਚ ਨਾ ਊਚ ਨੀਚ ਹੁੰਦੀ ਹੈ ਨਾ ਜਾਤਪਾਤ।
ਤੁਸੀਂ ਆਪਣੀ ਸ਼ਕਤੀ ਨਾਲ ਤਕੜੇ ਜਰਨੈਲ ਨੂੰ ਅਤੇ ਉਸ ਦੀ ਸੈਨਾ ਨੂੰ ਹਰਾ ਸਕਦੇ ਹੋ, ਨਿਹੱਥੇ ਕਰ ਸਕਦੇ ਹੋ, ਪਰੰਤੂ ਇਕ ਸਾਧਾਰਣ ਆਦਮੀ ਦੇ ਦਿਲ ਵਿਚ ਬੈਠੇ ਵਹਿਮ ਨੂੰ ਪੁੱਟਣਾ ਔਖਾ ਕੰਮ ਹੈ, ਕਿਤੇ ਔਖਾ।
ਵੱਡਾ ਆਦਮੀ ਆਪਣੇ ਆਪ ਤੋਂ ਸਵਾਲ ਪੁੱਛਦਾ ਹੈ, ਆਪਣੇ ਆਪ ਨੂੰ ਕਸੂਰਵਾਰ ਠਹਿਰਾਉਂਦਾ ਹੈ। ਆਮ ਲੋਕ ਦੂਜਿਆਂ ਤੇ ਕਿੰਤੂ ਕਰਕੇ ਦੂਜਿਆਂ ਨੂੰ ਦੋਸ਼ੀ ਗਰਦਾਨਦੇ ਹਨ।
ਜੋ ਨੇਕ ਬਣਨ ਦੇ ਰਸਤੇ ਵਿਚ ਗਰੀਬੀ ਰੁਕਾਵਟ ਬਣੇ ਗਰੀਬੀ ਨੂੰ ਲਾਹਨਤ। ਜੇ ਨੇਕ ਬਣਨ ਦੇ ਰਸਤੇ ਵਿਚ ਦੌਲਤ ਰੁਕਾਵਟ ਬਣੇ ਤਾਂ ਅਮੀਰੀ ਨੂੰ ਲਾਹਨਤ। ਪਰ ਜੇ ਦੋਵਾਂ ਦੇ ਹੁੰਦਿਆਂ ਜਾਂ ਦੋਵਾਂ ਦੇ ਬਗੈਰ ਵੀ ਨੇਕੀ ਕੀਤੀ ਜਾ ਸਕਦੀ ਹੈ ਤਾਂ ਅਮੀਰੀ ਗਰੀਬੀ ਨੂੰ ਦੋਸ਼ ਦੇਣ ਵਾਲੇ ਤੇ ਲਾਹਨਤ।
ਕਨਫਿਊਸ਼ਿਅਸ ਦੇ ਕਥਨ ਸਿਧੇ ਸਾਦੇ ਹਨ ਪਰੰਤੂ ਉਹ ਦਿਲ ਦੀਆਂ ਤੇਹਾਂ ਅੰਦਰ ਵਸਦੇ ਜਾਂਦੇ ਹਨ। ਕਿਤੇ-ਕਿਤੇ ਉਹ ਦਾਰਸ਼ਨਿਕ ਲਗਦਾ ਹੈ, ਸਮੁੰਦਰ ਜਿੰਨਾ ਡੂੰਘਾ ਅਤੇ ਸ਼ਾਂਤ। ਕਿਤੇ-ਕਿਤੇ ਉਹ ਮਹਾਂਕਵੀ ਲਗਦਾ ਹੈ ਤੇਜ਼ ਤਰਾਰ ਅਤੇ ਆਕਾਸ਼ ਤੱਕ ਉੱਚਾ। ਕਦੀ ਉਹ ਸਾਨੂੰ ਬਜ਼ੁਰਗ ਪਿਤਾ ਲਗਦਾ ਹੈ ਜਿਹੜਾ ਸਾਡਾ ਭਲਾ ਕਰਨ ਹਿਤ ਸਾਨੂੰ ਕਦੀ ਪਿਆਰ ਨਾਲ ਸਮਝਾਉਂਦਾ ਹੈ ਕਦੀ ਗੁੱਸੇ ਹੁੰਦਾ ਹੈ। ਪਰੰਤੂ ਉਹ ਸਾਨੂੰ ਨਫਰਤ ਨਹੀਂ ਕਰਦਾ, ਸਾਨੂੰ ਤਿਆਗਦਾ ਨਹੀਂ। ਉਸ ਨੇ ਆਪਣੀ ਉਂਗਲ ਸਾਡੇ ਨਿੱਕੇ ਹੱਥ ਵਿਚ ਫੜਾਈ ਹੋਈ ਹੈ। ਸਾਨੂੰ ਬਹੁਤੀ ਵਾਰੀ ਪਤਾ ਨਹੀਂ ਲਗਦਾ ਉਹ ਕਿਧਰ ਲੈਕੇ ਜਾਏਗਾ। ਪਰੰਤੂ ਸਾਨੂੰ ਉਸ ਨਾਲ ਤੁਰਨ ਵਿਚ ਆਨੰਦ ਆਉਂਦਾ ਹੈ। ਅਸੀਂ ਉਸ ਨਾਲ ਤੁਰਦੇ-ਤੁਰਦੇ ਦੂਰ ਲੰਘ ਆਏ ਹਾਂ ਪਰੰਤੂ ਥੱਕੇ ਨਹੀਂ। -
"ਨੇਕੀ ਤੁਹਾਨੂੰ ਇਕੱਲਿਆਂ ਨਹੀਂ ਰਹਿਣ ਦਿੰਦੀ। ਜੇ ਤੁਸੀਂ ਨੰਗ ਮਲੰਗ ਹੋ, ਤਾਂ ਉਜਾੜ ਥਾਂ ਉਤੇ ਜਾ ਕੇ ਬੈਠ ਜਾਉ, ਤੁਹਾਡੇ ਦੁਆਲੇ ਭੀੜਾਂ ਜੁੜ ਜਾਣਗੀਆਂ, ਮੇਲੇ ਲਗ ਜਾਣਗੇ।