ਕਿਹਾ ਕੁਝ ਨੇਕੀ ਬਾਰੇ ਜਾਣਦੇ ਹਨ। ਕੁਝ ਨੇਕੀ ਕਰਦੇ ਹਨ। ਕੁਝ ਨੇਕੀ ਕਰਦਿਆਂ ਪ੍ਰਸੰਨ ਵੀ ਹੁੰਦੇ ਹਨ।
-ਸਾਨੂੰ ਸਾਡੇ ਵਡੇਰਿਆਂ ਨੇ ਕਿਹਾ ਸੀ, ਬਦੀ ਦਾ ਬਦਲਾ ਨੇਕੀ ਕਰਕੇ ਚੁਕਾਣਾ। ਠੀਕ ਕਿਹਾ। ਇਸੇ ਤਰਾਂ ਕਰਾਂਗੇ ਅਸੀਂ। ਪਰ ਐ ਦਾਨਸ਼ਵਰ ਬਾਬਿਓ, ਜਿਨ੍ਹਾਂ ਨੇ ਸਾਡੇ ਨਾਲ ਨੇਕੀ ਕੀਤੀ ਸੀ, ਉਨ੍ਹਾਂ ਦਾ ਬਦਲਾ ਕਿਵੇਂ ਚੁਕਾਈਏ?
ਕਿਤਾਬ ਸੱਤਵੀਂ
ਕਿਹਾ- ਮੈਂ ਉਹੀ ਤੁਹਾਨੂੰ ਦੱਸਿਆ ਜੋ ਮੈਂ ਸਿਖਿਆ। ਮੈਂ ਆਪਣੇ ਕੋਲੋਂ ਕੁਝ ਨਹੀਂ ਰਲਾਇਆ। ਮੈਂ ਪੂਰਨ ਵਫਾਦਾਰੀ ਨਾਲ ਪੁਰਾਤਨ ਬਜ਼ੁਰਗਾਂ ਵਿਦਵਾਨਾ ਦਾ ਸਤਿਕਾਰ ਕੀਤਾ। ਜੇ ਕੁਝ ਕਹਿਣਯੋਗ ਸੀ, ਮੈਂ ਬਹਾਦਰੀ ਨਾਲ ਕਿਹਾ। ਮੈਂ ਖਾਮੋਸ਼ ਬੈਠਾ ਰਹਿੰਦਾ ਤੇ ਨੋਟ ਕਰਦਾ ਕਿ ਮੈਨੂੰ ਕੀ ਦਸਿਆ ਜਾ ਰਿਹਾ ਹੈ। ਨਾ ਮੈਂ ਪੜ੍ਹਨੇ ਬਕਦਾ ਸਾਂ ਨਾਂ ਪੜਾਉਣ। ਮੈਂ ਫਖ਼ਰ ਨਾਲ ਕਹਿ ਸਕਦਾ ਹਾਂ ਕਿ ਮੇਰੇ ਵਿਚ ਇਹ ਗੁਣ ਹਨ। ਪਰ ਕਦੀ ਕਦੀ ਜਦੋਂ ਮੈਨੂੰ ਲਗਦਾ ਹੈ ਮੈਂ ਸਦਾਚਾਰ ਤੋਂ ਉਰੇ ਪਰੇ ਜਾ ਰਿਹਾ ਹਾਂ, ਜਾਂ ਕਿ ਮੈਂ ਵਿਦਿਆ ਵਿਚ ਨਿਪੁੰਨ ਨਹੀਂ ਹਾਂ ਜਾਂ ਫਲਾਣਾ ਵਿਦਵਾਨ ਫਲਾਣੀ ਥਾਂ ਹੈ, ਮੈਂ ਉਸ ਨੂੰ ਮਿਲਣ ਨਹੀਂ ਜਾਂਦਾ ਤੇ ਫਲਾਣਾ ਬੰਦਾ ਚੰਗਾ ਨਹੀਂ ਪਰ ਮੈਂ ਉਸ ਨੂੰ ਠੀਕ ਕਰਨ ਦਾ ਯਤਨ ਨਹੀਂ ਕੀਤਾ, ਇਹ ਵਿਚਾਰ ਮੈਨੂੰ ਦੇਰ ਤੱਕ ਬੇਚੈਨ ਕਰਦੇ ਰਹਿੰਦੇ ਹਨ।
-ਮੈਂ ਉਸ ਨੂੰ ਪੜ੍ਹਾਉਂਦਾ ਹਾਂ ਜਿਸ ਦਾ ਦਿਲ ਵਿਦਿਆ ਲਈ ਸਹਿਕ ਰਿਹਾ ਹੋਵੇ, ਉਸ ਨੂੰ ਪੜ੍ਹਾਉਂਦਾ ਹਾਂ ਜਿਸ ਦੇ ਦਿਲ ਵਿਚ ਉਤੇਜਨਾ ਦੇ ਬੁਲਬੁਲੇ ਉਡ ਰਹੇ ਹੋਣ। ਜਦੋਂ ਮੈਂ ਚਾਦਰ ਦੀ ਇਕ ਕੰਨੀ ਫੜਾ ਤਾਂ ਵਿਦਿਆਰਥੀ ਬਾਕੀ ਦੀਆਂ ਤਿੰਨ ਕੰਨੀਆਂ ਆਪੇ ਚੁਕ ਲਵੇ ਤਾਂ ਮੈਂ ਪੜ੍ਹਾਉਣਾ ਜਾਰੀ ਰਖਦਾ ਹਾਂ, ਨਹੀਂ ਤਾਂ ਚੁਪ ਕਰਕੇ ਤੁਰ ਜਾਨਾ।
-ਮੈਨੂੰ ਜਿਉਣ ਲਈ ਹੋਰ ਸਮਾਂ ਮਿਲ ਜਾਵੇ ਤਾਂ ਮੈਂ ਪੰਜਾਹ ਸਾਲ ਹੋਰ ਪੜ੍ਹਾਂ। ਫਿਰ ਮੈਂ ਗਲਤੀਆਂ ਕਰਨ ਤੋਂ ਮੁਕਤ ਹੋ ਸਕਦਾ ਹਾਂ।
-ਜਦੋਂ ਉਹ ਬਿਮਾਰ ਸੀ ਤਾਂ ਜੂ ਲੂ ਨੇ ਪੁਛਿਆ - ਜੀ ਮੈਂ ਤੁਹਾਡੇ ਲਈ ਪਸ਼ਚਾਤਾਪ ਦੀ ਰਸਮ ਅਦਾ ਕਰ ਆਵਾਂ? ਮਾਲਕ ਨੇ ਕਿਹਾ-"ਕੀ ਅਜਿਹੀ ਕੋਈ ਰਸਮ ਵੀ ਹੁੰਦੀ ਹੈ? ਜੂ ਲੂ ਨੇ ਕਿਹਾ—ਹਾਂ ਜੀ, ਆਕਾਸ਼ ਦੀਆਂ ਰੂਹਾਂ ਅਤੇ ਧਰਤੀ ਦੀਆਂ ਰੂਹਾਂ ਨੂੰ ਸਾਖੀ ਮੰਨ ਕੇ ਪਸ਼ਚਾਤਾਪ ਦੀ ਰਸਮ ਕਰਨ ਨਾਲ ਲਾਭ ਹੁੰਦਾ ਹੈ। ਮਹਾਤਮਾ ਨੇ ਕਿਹਾ- ਤਦ ਰਹਿਣ ਦੇ। ਧਰਤੀ ਆਕਾਸ਼ ਨੂੰ ਸਾਖੀ ਮੰਨ ਕੇ ਮੁੱਦਤ ਤੋਂ ਮੈਂ ਪਸ਼ਚਾਤਾਪ ਕਰ ਰਿਹਾ ਹਾਂ। ਰਸਮ ਕੀ ਕਰਨੀ, ਪਸ਼ਚਾਤਾਪ ਕਰੀਦਾ ਹੈ।
-ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਮੈਂ ਆਪਣੇ ਮਗਰ ਲਾ ਸਕਦਾ ਹਾਂ।