ਦੂਜੀ ਐਡੀਸ਼ਨ
ਇਸ ਕਿਤਾਬ ਦੀ ਨਾ ਕਿਸੇ ਨੇ ਘੁੰਡ ਚੁਕਾਈ ਕੀਤੀ ਨਾ ਇਸ ਉਪਰ ਵਿਚਾਰ ਗੋਸ਼ਟੀ ਰੱਖੀ ਗਈ। ਘੁੰਡ ਕੱਢਿਆ ਹੁੰਦਾ ਤਦ ਘੁੰਡ ਚੁਕਾਈ ਹੁੰਦੀ। ਤਾਂ ਵੀ ਪਾਠਕ ਵਰਗ ਤੱਕ ਖ਼ੁਦ ਬ ਖ਼ੁਦ ਪੁੱਜੀ, ਇਸ ਨੂੰ ਮੇਰੀ ਖੁਸ਼ਕਿਸਮਤੀ ਸਮਝੋ। ਪਹਿਲੀ ਐਡੀਸ਼ਨ ਜਲਦੀ ਖਤਮ ਹੋਈ ਪਰ ਮੇਰੇ ਵੱਲੋਂ ਦੁਰਸਤੀਆਂ ਕਰਨ ਵਿਚ ਕੁਝ ਦੇਰ ਜਰੂਰ ਹੋਈ।
ਰਾਇਬੁਲਾਰ ਖਾਨ ਸਾਹਿਬ ਬਾਬਤ ਪਾਠਕ ਵਰਗ ਨੇ ਹੋਰ ਜਾਣਨ ਦੀ ਮੰਗ ਕੀਤੀ, ਖਾਸ ਕਰਕੇ ਜਿਸ ਮੁਕੱਦਮੇ ਵਿਚ ਭੱਟੀਆਂ ਨੇ ਕੇਸ ਵਾਪਸ ਲੈ ਲਿਆ ਉਸ ਬਾਬਤ। ਜਿੰਨੀ ਕੁ ਸੂਚਨਾ ਹਾਸਲ ਹੋਈ ਸੋ ਦਰਜ ਕਰ ਦਿੱਤੀ। ਇਵੇਂ ਹੀ ਮੇਂ ਮਿਲਿੰਦ ਪ੍ਰਸ਼ਨ ਦਾ ਪੰਜਾਬੀ ਵਿਚ ਅਨੁਵਾਦ ਕਰਨ ਲੱਗਿਆ ਤਾਂ ਨਾਗਸੈਨ ਬਾਬਤ ਹੋਰ ਸਮੱਗਰੀ ਪ੍ਰਾਪਤ ਹੋ ਗਈ। ਉਹ ਦਰਜ ਕਰ ਦਿਤੀ।
ਬਾਬਾ ਫਤਿਹ ਸਿੰਘ ਦੇ ਜਾਨਸ਼ੀਨ ਇਹ ਕਿਤਾਬ ਪੜ੍ਹਕੇ ਖੁਦ ਮੇਰੇ ਕੋਲ ਪੁੱਜ ਗਏ। ਜਿਸ ਯੋਧੇ ਨੇ ਵਜ਼ੀਰ ਖਾਨ ਦੀ ਗਰਦਨ ਉਡਾਈ ਸੀ ਉਸ ਦਾ ਪਰਿਵਾਰ ਦੇਖ ਸਕਾਂਗਾ, ਇਹ ਕਰਾਮਾਤ ਕਿਤਾਬ ਨੇ ਕੀਤੀ।
ਥੋੜੀਆਂ ਕੁ ਸ਼ਬਦ ਜੋੜਾਂ ਦੀਆਂ ਗਲਤੀਆਂ ਰਹਿ ਗਈਆਂ ਸਨ, ਉਹ ਸੋਧ ਦਿਤੀਆਂ। ਪਾਠਕ ਹੋਰ ਸੁਝਾਅ ਦੇਣ, ਮੇਰੀ ਉਨ੍ਹਾਂ ਅੱਗੇ ਪ੍ਰਾਰਥਨਾ ਹੈ।
1 ਜਨਵਰੀ, 2010
ਹਰਪਾਲ ਸਿੰਘ ਪੰਨੂ