Back ArrowLogo
Info
Profile

ਕੰਮ ਮੁਕਾ ਕੇ ਉਹ ਗੰਗਾ ਵਿਚ ਇਸ਼ਨਾਨ ਕਰਨ ਗਿਆ। ਪੂਰੀ ਤਾਕਤ ਨਾਲ ਗਰਜਦਾ ਹੋਇਆ ਦਰਿਆ ਭਰਿਆ ਵਗਿਆ ਜਾਂਦਾ ਦੇਖਕੇ ਉਸਨੇ ਕਿਹਾ, "ਹੇ ਸਾਕਯਮੁਨੀ ਪਿਤਾ, ਹਰ ਜਨਮ ਵਿਚ ਸੇਵਾ ਕਰਾਂਗਾ, ਸਹੀ ਗੱਲ ਨੂੰ ਸਹੀ ਕਹਾਂਗਾ, ਸਮੇਂ ਸਿਰ ਕਹਾਂਗਾ ਜੋ ਮਰਜੀ ਮੇਰੇ ਨਾਲ ਬੀਤੇ, ਕੀ ਤੂੰ ਮੈਨੂੰ ਇਸ ਦਰਿਆ ਜਿੰਨੀ ਤਾਕਤ ਦਏਗਾ ਫੇਰ?"

ਜਿਸ ਮਹਾਂਸੇਨ ਭਿੱਖੂ ਨੇ ਸਫਾਈ ਸੇਵਕ ਨੂੰ ਕੁੱਟਿਆ, ਉਸਨੇ ਉਸਦੇ ਇਹ ਬੋਲ ਸੁਣੇ ਤਾਂ ਹੈਰਾਨ ਹੋ ਗਿਆ ਕਿ ਇਹ ਫਜ਼ੂਲ ਜਿਹਾ ਜਾਹਲ ਬੰਦਾ ਕੀ ਕੀ ਮੰਗ ਰਿਹਾ ਹੈ। ਉਸਦੇ ਮਨ ਵਿਚ ਆਇਆ ਕਿ ਮੈਂ ਵੀ ਇਸੇ ਵਾਂਗ ਅਰਦਾਸ ਕਰਾਂ, ਇਹਦੇ ਬੋਲ ਬਰਕਤ ਵਾਲੇ ਹਨ। ਇਸ਼ਨਾਨ ਕਰਕੇ ਭਿੱਖੂ ਨੇ ਅਰਦਾਸ ਕੀਤੀ - ਹੇ ਸਿਧਾਰਥ ਪਿਤਾ, ਹਰ ਜਨਮ ਵਿਚ ਮੈਨੂੰ ਇਹ ਤਾਕਤ ਦੇਹ ਕਿ ਮੈਂ ਡੂੰਘੇ ਰਹੱਸ ਪ੍ਰਗਟ ਕਰ ਸਕਾਂ, ਮੁਸ਼ਕਲ ਤੋਂ ਮੁਸ਼ਕਲ ਸਵਾਲ ਦਾ ਉੱਤਰ ਮੇਰੇ ਕੋਲ ਹੋਵੇ। ਦਰਿਆ ਜਿਵੇਂ ਹਰੇਕ ਵਸਤੂ ਨੂੰ ਰੋੜ੍ਹ ਲਿਜਾਂਦਾ ਹੈ, ਮੇਰੇ ਵਹਾਅ ਵਿਚ ਸਭ ਵਹਿ ਜਾਣ।"

ਦੋਵਾਂ ਦੀਆਂ ਪ੍ਰਾਰਥਨਾਵਾਂ ਨਾਲ ਬੁੱਧ ਪ੍ਰਸੰਨ ਹੋਇਆ, ਕਿਹਾ - ਇਹ ਦੁਨੀਆਂ ਵਿੱਚ ਫੇਰ ਜਾਣਗੇ। ਸੂਖਮ ਬੋਧ-ਕਾਨੂੰਨ ਅਤੇ ਦਰਸ਼ਨ ਦੀਆਂ ਅਣਖੁੱਲ੍ਹੀਆਂ ਗੰਢਾਂ ਖੋਲ੍ਹਣਗੇ, ਇਨ੍ਹਾਂ ਦੋਹਾਂ ਦੇ ਸਵਾਲ ਅਤੇ ਜਵਾਬ ਰੂਪਕਾਂ ਅਤੇ ਅਲੰਕਾਰਾਂ ਦੀ ਬਾਰਸ਼ ਕਰਨਗੇ। ਸਮਾਂ ਬੀਤਣ ਨਾਲ ਧਰਮ ਵਿਚ ਜਿਹੜਾ ਹਨੇਰਾ ਹੋ ਜਾਏਗਾ, ਇਹ ਦੋਵੇਂ ਫੇਰ ਉਥੇ ਚਾਨਣ ਕਰਨਗੇ।

ਬੁੱਧ ਦੀ ਅਸੀਸ ਨਾਲ ਜਾਹਲ ਸਫਾਈ ਸੇਵਕ ਮੁੜ ਜਨਮ ਲੈਕ ਸਿਆਲਕੋਟ ਦਾ ਬਾਦਸ਼ਾਹ ਹੋਇਆ ਜਿਸਦਾ ਨਾਮ ਮਿਲਿੰਦ ਸੀ। ਵੱਡਾ ਪਾਰਖੂ, ਵਿਦਵਾਨ ਪੁਰਖ, ਭੂਤ ਭਵਿੱਖ ਬਾਬਤ ਹੋਰ ਵੀ ਜਾਣਨ ਲਈ ਉਤਾਵਲਾ, ਖਟਦਰਸ਼ਨ, ਗਣਿਤ, ਸੰਗੀਤ, ਹਿਕਮਤ, ਵੇਦ, ਪੁਰਾਣ ਅਤੇ ਇਤਿਹਾਸ ਦਾ ਗਿਆਤਾ ਸੀ। ਯੁੱਧ ਨੀਤੀ ਅਤੇ ਰਾਜਨੀਤੀ ਤਾਂ ਉਸਦਾ ਕਿੱਤਾ ਹੀ ਸੀ, ਉਸ ਨੂੰ ਸ਼ਾਇਰੀ, ਜਾਦੂ ਅਤੇ ਨਛੱਤਰਾਂ ਦਾ ਗਿਆਨ ਸੀ। ਉਸ ਨਾਲ ਵਿਚਾਰ ਵਟਾਂਦਰਾ ਕਰਨਾ ਦੁਰਗਮ ਕਾਰਜ ਸੀ। ਭਾਰਤ ਦੇਸ ਵਿਚ ਉਸ ਵਰਗੀ ਜਿਸਮਾਨੀ ਤਾਕਤ, ਫੁਰਤੀ ਅਤੇ ਧਨ ਵੀ ਹੋਰ ਕਿਸੇ ਪਾਸ ਨਹੀਂ ਸੀ। ਸੇਨਾਵਾਂ ਦੀ ਗਿਣਤੀ ਨਹੀਂ ਸੀ ਕੋਈ।

ਇਕ ਦਿਨ ਆਲੇ ਦੁਆਲੇ ਬੈਠੇ ਰਾਜਦਰਬਾਰੀਆਂ ਨੂੰ ਉਸਨੇ ਕਿਹਾ ਮੇਰੀ ਜਗਿਆਸਾ ਸਤੁੰਬਣ ਕਰਨ ਵਾਲਾ ਕੋਈ ਵਿਦਵਾਨ ਨਹੀਂ ਦਿਸਦਾ। ਰਾਜਮੰਤਰੀ ਨੇ ਹਉਕਾ ਲੈ ਕੇ ਕਿਹਾ - ਹਾਂ ਮਹਾਰਾਜ। ਸਿਆਲਕੋਟ ਵਿਦਵਾਨਾਂ ਤੋਂ ਸੱਖਣਾ ਹੋ ਗਿਆ ਹੈ।

ਹਿਮਾਲਾ ਵਿਚ ਤਪੱਸਿਆ ਕਰਦੇ ਬੋਧ ਸਾਧੂਆਂ ਪਾਸ ਇਹ ਖਬਰ ਪੁੱਜੀ। ਇਹ ਉਹ ਭਿੱਖੂ ਸਨ ਜਿਹੜੇ ਜੀਵਨ ਮੁਕਤ ਹੋ ਚੁਕੇ ਸਨ। ਜੁਗੰਧਰ ਪਰਬਤ

70 / 229
Previous
Next